ਬਿਲਾਸਪੁਰ – ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਸ਼ਨੀਵਾਰ ਤੜਕੇ ਬੱਦਲ ਫਟਣ ਕਾਰਨ ਕਈ ਵਾਹਨ ਮਲਬੇ ਹੇਠ ਦੱਬ ਗਏ ਅਤੇ ਖੇਤਾਂ ਨੂੰ ਨੁਕਸਾਨ ਪਹੁੰਚਿਆ।
ਇਸ ਆਫ਼ਤ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਇਸ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਬੱਦਲ ਫਟਣ ਦੀ ਇਹ ਘਟਨਾ ਨੈਣਾ ਦੇਵੀ ਵਿਧਾਨ ਸਭਾ ਹਲਕੇ ਦੇ ਨਮਹੋਲ ਖੇਤਰ ਦੇ ਗੁਤਰਾਹਨ ਪਿੰਡ ਵਿੱਚ ਵਾਪਰੀ। ਇਸ ਸਬੰਧ ਵਿੱਚ ਇੱਕ ਪਿੰਡ ਵਾਸੀ ਕਸ਼ਮੀਰ ਸਿੰਘ ਨੇ ਕਿਹਾ ਕਿ ਮਲਬਾ ਲੈ ਕੇ ਜਾ ਰਿਹਾ ਪਾਣੀ ਖੇਤੀਬਾੜੀ ਜ਼ਮੀਨ ‘ਤੇ ਖਿੰਡ ਗਿਆ। ਮਲਬੇ ਦੇ ਨਾਲ ਵਗਦਾ ਪਾਣੀ ਖੇਤੀਬਾੜੀ ਜ਼ਮੀਨ ਨੂੰ ਵਹਾ ਕੇ ਲੈ ਗਿਆ।
ਇਸ ਦੌਰਾਨ ਸ਼ਨੀਵਾਰ ਸਵੇਰੇ ਰਾਜਧਾਨੀ ਸ਼ਿਮਲਾ ਵਿੱਚ ਧੁੰਦ ਛਾਈ ਰਹੀ, ਜਿਸ ਨਾਲ ਦ੍ਰਿਸ਼ਟੀ ਕੁਝ ਮੀਟਰ ਤੱਕ ਘੱਟ ਗਈ ਅਤੇ ਸਕੂਲੀ ਸਮੇਂ ਦੌਰਾਨ ਵਾਹਨਾਂ ਰਾਹੀਂ ਆਉਣ-ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਮੌਸਮ ਵਿਭਾਗ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਪੀਲੀ ਚਿਤਾਵਨੀ ਵੀ ਜਾਰੀ ਕੀਤੀ ਹੈ।