ਮੱਧ ਪ੍ਰਦੇਸ਼ ’ਚ ਪੰਜਾਬ ਦੇ ਦੋ ਟਰੱਕ ਡਰਾਈਵਰਾਂ ਨੇ ਲਗਾਏ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

 ਧਾਰ (ਮੱਧ ਪ੍ਰਦੇਸ਼) –ਕੁਕਸ਼ੀ ਥਾਣਾ ਖੇਤਰ ਅਧੀਨ ਪੰਜਾਬ ਦੇ ਦੋ ਨੌਜਵਾਨਾਂ ਨੇ ਇਕ ਢਾਬੇ ’ਤੇ ਬੈਠ ਕੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਪੁਲਿਸ ਨੇ ਇਸ ਮਾਮਲੇ ਵਿਚ ਗੁਰਪ੍ਰੀਤ ਸਿੰਘ ਵਾਸੀ ਪਾਰਸੀਖੁਰਦ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਜੁਗਰਾਜ ਸਿੰਘ ਵਾਸੀ ਸ਼ਾਹਪੁਰ-ਗੌਰੇਆ, ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਟਰੱਕ ਚਾਲਕ ਹਨ ਤੇ ਸੀਮੈਂਟ ਦੀ ਢੋਆ-ਢੁਆਈ ਕਰਨ ਵਾਲੇ ਬਲਕਰ ਵਾਹਨ ਲੈ ਕੇ ਗੁਜਰਾਤ ਜਾ ਰਹੇ ਸਨ। ਰਸਤੇ ਵਿਚ ਖਾਣਾ ਖਾਣ ਲਈ ਰੁਕੇ ਤਾਂ ਆਪਸੀ ਗੱਲਬਾਤ ਦੌਰਾਨ ਦੇਸ਼ ਵਿਰੋਧੀ ਨਾਅਰੇ ਲਗਾਉਣ ਲੱਗੇ। ਪੁਲਿਸ ਨੇ ਦੋਵਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਪਵਨ ਗਹਿਲੋਤ ਵਾਸੀ ਸਿਰਵੀ ਮੁਹੱਲਾ ਪਿੰਡ ਆਲੀ ਨੇ ਪੁਲਿਸ ਨੂੰ ਦੱਸਿਆ ਕਿ ਵੀਰਵਾਰ ਦੁਪਹਿਰੇ ਉਹ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਢਾਬੇ ’ਤੇ ਖਾਣਾ ਖਾਣ ਗਿਆ ਸੀ। ਇਸ ਦੌਰਾਨ ਦੋ ਪੰਜਾਬੀ ਨੌਜਵਾਨ ਉੱਥੇ ਆਏ। ਗੱਲਬਾਤ ਦੌਰਾਨ ਉਨ੍ਹਾਂ ਦੇ ਨਾਂ ਗੁਰਪ੍ਰੀਤ ਸਿੰਘ ਤੇ ਜੁਗਰਾਜ ਸਿੰਘ ਪਤਾ ਲੱਗੇ। ਫਰਿਆਦੀ ਮੁਤਾਬਕ, ਦੋਵੇਂ ਪੰਜਾਬ ਵਿਚ ਆਏ ਹੜ੍ਹਾਂ ਅਤੇ ਮਦਦ ਬਾਰੇ ਗੱਲ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਜਦਕਿ ਪਾਕਿਸਤਾਨ ਤੋਂ ਦਲੀਆ, ਦੁੱਧ ਤੇ ਰਾਸ਼ਨ ਵਰਗੀ ਸਮੱਗਰੀ ਮਿਲੀ। ਜਦੋਂ ਪਵਨ ਗਹਿਲੋਤ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਕੇਂਦਰੀ ਮੰਤਰੀ ਤੇ ਭਾਰਤ ਸਰਕਾਰ ਦੇ ਪ੍ਰਤੀਨਿਧੀ ਮਦਦ ਲਈ ਪਹੁੰਚੇ ਸਨ ਤਾਂ ਦੋਵਾਂ ਨੌਜਵਾਨਾਂ ਨੇ ਗੁੱਸੇ ਵਿਚ ਆ ਕੇ ਉਸ ਨੂੰ ਗਾਲ੍ਹਾਂ ਕੱਢੀਆਂ, ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਪਾਕਿਸਤਾਨ ਜ਼ਿੰਦਾਬਾਦ, ਭਾਰਤ ਮੁਰਦਾਬਾਦ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਪੁਲਿਸ ਨੇ ਇਸ ਸ਼ਿਕਾਇਤ ’ਤੇ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।