ਐੱਸਏਐੱਸ ਨਗਰ – ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਸੂਬੇ ’ਚ ਹੜ੍ਹਾਂ ਕਾਰਨ ਸਰਕਾਰੀ ਸਕੂਲਾਂ ਨੂੰ 200 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਪੂਰੇ ਸੂਬੇ ’ਚ 3,856 ਸਰਕਾਰੀ ਸਕੂਲ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦੀ ਮੁਰੰਮਤ ਲਈ 206.68 ਕਰੋੜ ਦੀ ਲੋੜ ਹੈ। ਇਸ ਤੋਂ ਇਲਾਵਾ 153 ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰਾਂ ਨੂੰ ਵੀ 19.6 ਕਰੋੜ ਦਾ ਨੁਕਸਾਨ ਪਹੁੰਚਿਆ ਹੈ। ਇਸ ਤਰ੍ਹਾਂ ਕੁੱਲ ਬਜਟ 225.74 ਕਰੋੜ ਦੀ ਲੋੜ ਹੈ।
* ਅੰਮ੍ਰਿਤਸਰ : ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ, ਜਿੱਥੇ 341 ਸਕੂਲਾਂ ’ਚ 25.27 ਕਰੋੜ ਦਾ ਨੁਕਸਾਨ ਹੋਇਆ।
* ਹੁਸ਼ਿਆਰਪੁਰ : 314 ਸਕੂਲਾਂ ’ਚ 24.30 ਕਰੋੜ ਦਾ ਨੁਕਸਾਨ।
* ਮੋਗਾ : 200 ਸਕੂਲਾਂ ’ਚ 22.44 ਕਰੋੜ ਦਾ ਨੁਕਸਾਨ।
* ਕਪੂਰਥਲਾ : 232 ਸਕੂਲਾਂ ’ਚ 16.15 ਕਰੋੜ ਦਾ ਨੁਕਸਾਨ।
* ਮਾਨਸਾ : 198 ਸਕੂਲਾਂ ’ਚ 14.14 ਕਰੋੜ ਦਾ ਨੁਕਸਾਨ।
* ਬਲਾਕ ਪੱਧਰ ‘ਤੇ, ਐੱਸਏਐੱਸ ਨਗਰ ਸਭ ਤੋਂ ਵੱਧ ਪ੍ਰਭਾਵਿਤ ਰਿਹਾ, ਜਿੱਥੇ ਅੱਠ ਬਲਾਕਾਂ ’ਚ 7.70 ਕਰੋੜ ਦਾ ਨੁਕਸਾਨ ਹੋਇਆ।
ਸਿੱਖਿਆ ਵਿਭਾਗ ਨੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਸਕੂਲ ਖੋਲ੍ਹਣ ਤੋਂ ਪਹਿਲਾਂ ਇਮਾਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਹੈ। ਉਪ ਕਮਿਸ਼ਨਰਾਂ ਨੂੰ ਨੁਕਸਾਨੇ ਸਕੂਲਾਂ ਦੀ ਜਾਂਚ ਕਰਨ ਤੇ ਸੁਰੱਖਿਅਤ ਪਾਏ ਜਾਣ ‘ਤੇ ਹੀ ਸਕੂਲ ਖੋਲ੍ਹਣ ਦੀ ਇਜਾਜ਼ਤ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਵੀ ਨੁਕਸਾਨੇ ਗਏ ਸਕੂਲਾਂ ਦੀ ਮੁਰੰਮਤ ਲਈ ਸਮੱਗਰ ਸਿੱਖਿਆ ਅਭਿਆਨ ਤਹਿਤ ਫੰਡ ਦੇਣ ਦਾ ਭਰੋਸਾ ਦਿੱਤਾ ਹੈ।