ਸ਼ਿਮਲਾ – ਹਿਮਾਚਲ ਪ੍ਰਦੇਸ਼ ਵਿਚ ਕਈ ਥਾਵਾਂ ’ਤੇ ਭਾਰੀ ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ। ਧਰਮਸ਼ਾਲਾ ਵਿਚ 24 ਘੰਟਿਆਂ ਵਿਚ ਸਤੰਬਰ ਮਹੀਨੇ ਵਿਚ 1955 ਮਗਰੋਂ ਯਾਨੀ 70 ਸਾਲਾਂ ਬਾਅਦ ਸਭ ਤੋਂ ਵੱਧ 234.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਚਾਰ ਸਤੰਬਰ 1955 ਨੂੰ 24 ਘੰਟਿਆਂ ਵਿਚ 255 ਮਿਲੀਮੀਟਰ ਮੀਂਹ ਪਿਆ ਸੀ। ਪਾਲਮਪੁਰ ਵਿਚ 126.4 ਮਿਲੀਮੀਟਰ ਮੀਂਹ ਪਿਆ। ਮੀਂਹ ਤੇ ਜ਼ਮੀਨੀ ਖਿਸਕਾਅ ਸੂਬੇ ਵਿਚ ਤਿੰਨ ਕੌਮੀ ਸ਼ਾਹਰਾਹ (ਐੱਨਐੱਚ) ਤੇ 565 ਸੜਕਾਂ ਜਾਮ ਹਨ। ਊਨਾ ਵਿਚ ਐੱਨਐੱਚ-503, ਕੁੱਲੂ ਵਿਚ ਐੱਨਐੱਚ ਤਿੰਨ ਤੇ 305 ਜਾਨ ਹਨ। 373 ਟ੍ਰਾਂਸਫਾਰਮਰ ਤੇ 188 ਪੀਣਯੋਗ ਪਾਣੀ ਸਬੰਧੀ ਪ੍ਰਾਜੈਕਟ ਅੱਧ-ਵਿਚਕਾਰ ਹਨ।
ਸੁਜਾਨਪੁਰ ਦੀ ਖੈਰੀ ਪੰਚਾਇਤ ਵਿਚ ਸ਼ਨੀਵਾਰ ਦੇਰ ਰਾਤ ਦੋ ਵਜੇ ਨਾਲੇ ਵਿਚ ਆਏ ਪਾਣੀ ਨਾਲ ਇਕ ਘਰ ਵਿਚ ਮਲਬਾ ਪੁੱਜ ਗਿਆ। ਘਰ ਦੇ ਬਾਹਰ ਖੜ੍ਹੀ ਕਾਰ ਮਲਬੇ ਹੇਠਾਂ ਦੱਬ ਗਈ। ਦੋ ਹੋਰ ਮਕਾਨਾਂ ਵਿਚ ਤਰੇੜਾਂ ਪਈਆਂ ਹਨ ਤੇ ਸੁਜਾਨਪੁਰ ਵਿਚ ਖੱਡ ’ਤੇ ਬਣੇ ਕਾਜ਼ਵੇ ’ਤੇ ਪਾਣੀ ਦੇ ਵਹਾਅ ਵਿਚ ਇਕ ਕਾਰ ਨਾਲੇ ਵਾਲੇ ਪਾਸੇ ਲੁੜਕ ਗਈ। ਚਾਲਕ ਨੇ ਬਾਹਰ ਨਿਕਲ ਕੇ ਜਾਨ ਬਚਾਈ। ਚੰਬਾ-ਪਠਾਨਕੋਟ ਐੱਨਐੱਚ ’ਤੇ ਸ਼ਨੀਵਾਰ ਦੇਰ ਰਾਤ ਇਕ ਵਜੇ ਚੰਬਾ ਦੇ ਬੈਲੀ ਪਿੰਡ ਦੇ ਲਾਗੇ ਨੁਕਸਾਨੇ ਰਸਤੇ ਨਾਲ ਇਕ ਟਰੱਕ ਤੇ ਦੋ ਬਾਈਕਾਂ ਬੇਕਾਬੂ ਹੋ ਕੇ ਖੱਡੀ ਪਿੰਡ ਦੇ ਸੰਪਰਕ ਮਾਰਗ ’ਤੇ ਜਾ ਡਿੱਗੀਆਂ। ਟਰੱਕ ਵਿਚ ਚਾਲਕ ਹੀ ਸੀ ਤੇ ਦੋਵੇਂ ਬਾਈਕਾਂ ’ਤੇ ਚਾਰ ਜਣੇ ਸਵਾਰ ਸਨ। ਓਧਰ, ਕਾਂਗੜਾ ਜ਼ਿਲ੍ਹੇ ਵਿਚ ਐਤਵਾਰ ਨੂੰ ਪੌਂਗ ਬੰਨ੍ਹ ਦਾ ਜਲ ਪੱਧਰ ਫਿਰ ਵੱਧ ਗਿਆ। ਫ਼ਤਹਿਪੁਰ ਤੇ ਇੰਦੌਰਾ ਦੇ ਮੰਡ ਖੇਤਰ ਵਿਚ ਹਾਲਾਤ ਬੇਹਦ ਖ਼ਰਾਬ ਹਨ।
ਮੌਸਮ ਵਿਭਾਗ ਨੇ 15 ਸਤੰਬਰ ਨੂੰ ਕਾਂਗੜਾ, ਮੰਡੀ ਤੇ ਸਿਰਮੌਰ ਜ਼ਿਲ੍ਹੇ ਵਿਚ ਕੁਝ ਥਾਵਾਂ ’ਤੇ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਕੁਝ ਥਾਵਾਂ ’ਤੇ ਹਨੇਰੀ ਤੇ ਬਿਜਲੀ ਡਿਗਣ ਦੇ ਆਸਾਰ ਹਨ। ਐਤਵਾਰ ਨੂੰ ਲਾਹੁਲ ਸਪਿਤੀ ਦੇ ਤਾਬੋ ਵਿਚ 1.3 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੇ ਬਾਵਜੂਦ ਇੱਥੇ ਤਾਪਮਾਨ ਸਭ ਤੋਂ ਵੱਧ 34.7 ਰਿਹਾ। ਬਿਲਾਸਪੁਰ ਵਿਚ ਦੋ ਡਿਗਰੀ ਸੈਲਸੀਅਸ ਦੇ ਵਾਧੇ ਨਾਲ 32.2 ਤੇ ਊਨਾ ਵਿਚ 1.6 ਡਿਗਰੀ ਦੀ ਗਿਰਾਵਟ ਦੇ ਨਾਲ 30.6 ਦਰਜ ਕੀਤਾ ਗਿਆ।