ਪੰਜਾਬ ਫਿਰ ਉੱਠੇਗਾ

ਪੰਜਾਬ ਵਿੱਚ  ਹੜ੍ਹ ਚਿਰਾਂ ਤੋਂ ਆਉਂਦੇ ਨੇ ਪਰ ਇਸ ਵਾਰ ਆਏ ਹੜ੍ਹਾਂ ਨੇ ਤਾਂ ਅੱਧਾ ਪੰਜਾਬ ਹੀ ਡੋਬ ਦਿੱਤਾ। ਪਲਾਂ ਛਿਣਾਂ ਵਿੱਚ ਆਈ ਇਸ ਭਿਆਨਕ ਆਫਤ ਨੇ ਹੱਸਦੇ ਵੱਸਦੇ ਪੰਜਾਬ ਨੂੰ ਹਾਲੋਂ ਬੇਹਾਲ ਕਰ ਦਿੱਤੈ। ਹੜ੍ਹਾਂ ਦੀ ਆਫ਼ਤ ਨਾਲ ਜੂਝ ਰਹੇ ਪੀੜਤ ਲੋਕਾਂ ਦੀਆਂ ਤਸਵੀਰਾਂ ਵੇਖ ਕੇ ਹਰ ਇਕ ਦੇ ਕਾਲਜੇ ਧੂ ਪੈਂਦੀ ਹੈ। ਪਹਿਲਾਂ ਸੰਨ 47 ਦੇ ਉਜਾੜੇ ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ, ਫਿਰ ਏ ਕੇ 47 ਦੀ ਮਾਰ ਦਾ ਛਲਣੀ ਹੋਇਆ ਪੰਜਾਬ ਦਹਾਕਿਆਂ ਬਾਅਦ ਪੈਰਾਂ ਸਿਰ ਹੋ ਰਿਹਾ ਸੀ ਕਿ ਹੁਣ ਕੁਦਰਤ ਦੀ ਮਾਰ ਨੇ ਫਿਰ ਗੋਡਿਆਂ ਪਰਨੇ ਕਰ ਦਿੱਤੈ। ਤਬਾਹ ਹੋਏ ਘਰ, ਨਸ਼ਟ ਹੋਈਆਂ ਫਸਲਾਂ, ਰੁੜ੍ਹ ਗਏ ਮਾਲ ਅਸਬਾਬ, ਉਜੜ ਗਏ ਕਾਰੋਬਾਰ, ਨੁਕਸਾਨੇ ਗਏ ਵਾਹਨ, ਨਕਾਰਾ ਹੋ ਗਏ ਖੇਤੀ ਦੇ ਸੰਦ, ਟਰੈਕਟਰ ਅਤੇ ਮਸ਼ੀਨਰੀ, ਤਿਲ ਤਿਲ ਤੇ ਤੀਲਾ ਤੀਲਾ ਜੋੜ ਕੇ ਉਸਾਰੇ…ਢਹਿ ਗਏ ਮਕਾਨਾਂ ਥੱਲੇ ਜਿੰਦਾ ਦਫਨ ਹੋਈਆਂ, ਕਈ ਪਾਣੀ ਦੇ ਵੇਗ ਵਿੱਚ ਵਹਿ ਗਈਆਂ ਮਨੁੱਖੀ ਜਿੰਦਗੀਆਂ ਅਤੇ ਰੁੜ੍ਹ ਗਏ ਕੀਮਤੀ ਪਸ਼ੂ, ਪਰਿੰਦਿਆਂ ਦੀ ਦਾਸਤਾਨ ਸੁਣਨ ਵਾਲਾ ਵੀ ਰੋਂਦਾ ਹੈ ਤੇ ਕਹਿਣ ਵਾਲਾ ਵੀ ਭੁੱਬਾਂ ਮਾਰਦਾ ਹੈ। ਪੁੱਤਾਂ  ਵਾਂਗ ਪਾਲੇ ਪਸ਼ੂ ਹੱਥੀਂ ਰੱਸੇ ਖੋਲ੍ਹ ਕੇ ਰੱਬ ਆਸਰੇ ਛੱਡਣ ਵੇਲੇ ਜਾਂਦੀ ਵਾਰੀ ਧਾਹਾਂ ਮਾਰਦੇ ਕਿਸਾਨ ਦਾ ਮੂੰਹ ਚੱਟਦੀਆਂ ਮੱਝਾਂ ਗਾਵਾਂ ਦੀ ਤਸਵੀਰ ਵੇਖ ਕੇ ਕਿਹੜੀ ਅੱਖ ਹੈ ਜੋ ਨਮ ਨਹੀਂ ਹੋਈ, ਸਭ ਕੁਝ ਅੱਖਾਂ ਸਾਹਮਣੇ ਰੁੜ੍ਹਦਾ ਵੇਖਦੇ ਹੋਏ ਕੇਵਲ ਤਨ ਤੇ ਪਾਏ ਕੱਪੜਿਆਂ ਵਿੱਚ ਜਾਨ ਬਚਾ ਕੇ ਪਾਣੀ ਦੇ ਮਾਰੂ ਵੇਗ ਵਿੱਚੋਂ ਬਚ ਨਿਕਲਣ ਦਾ ਤਾਣ ਲਾਉਂਦੇ ਬਜ਼ੁਰਗ, ਔਰਤਾਂ,ਬੱਚੇ,ਬਿਮਾਰ ਅਤੇ ਲਾਚਾਰ ਲੋਕਾਂ ਦੀਆਂ ਆਸਰਾ ਟੋਲਦੀਆਂ ਅੱਖਾਂ ਦੀ ਤੱਕਣੀ ਦਾ ਦਰਦ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਬੱਸ ਸਾਰਾ ਕੁਝ ਰੁੜ੍ਹ ਪੁੜ ਗਿਆ ਤੇ ਪੁਨਰ ਵਸੇਬੇ ਲਈ ਜ਼ਿੰਦਗੀ ਫਿਲਹਾਲ ਸਾਹਸੱਤਹੀਣ ਹੋ ਕੇ ਰਹਿ ਗਈ ਹੈ। ਪਿਛਲੇ ਸਮੇਂ ਵੱਖ ਵੱਖ ਥਾਵਾਂ ਤੇ ਪੱਕੀ ਹੋਈ ਹਜ਼ਾਰਾਂ ਏਕੜ ਅੱਗ ਲੱਗ ਕੇ ਸੜੀ ਕਣਕ ਦਾ ਸੇਕ ਅਜੇ ਕਿਸਾਨਾਂ ਦੀ ਹਿੱਕ ਵਿੱਚ ਬਲ ਰਿਹਾ ਸੀ ਕਿ ਹੁਣ ਹੜ੍ਹ ਦਾ ਪਾਣੀ ਅਗਲੇਰੀ ਫਸਲ ਸਮੇਤ ਕੇਵਲ ਘਰ ਬਾਰ ਹੀ ਨਹੀਂ, ਸਭ ਉਮੀਦਾਂ, ਵਿਉਂਤਾਂ,ਰੀਝਾਂ, ਸੁਪਨੇ ਰੋੜ੍ਹ ਕੇ ਲੈ ਗਿਐ, ਦਰ ਤੇ ਆਏ ਕਿਸੇ ਵੀ ਲੋੜਵੰਦ ਦੀ ਝੋਲੀ ਵਿੱਚ ਕੁਝ ਨਾ ਕੁਝ ਪਾ ਕੇ ਤੋਰਨ ਵਾਲੇ ਅਤੇ ਦੇਸ਼ ਵਿਦੇਸ਼ ਵਿੱਚ ਆਈਆਂ ਆਫਤਾਂ ਸਮੇਂ ਮੁਸ਼ਕਿਲਾਂ ਨਾਲ ਜੂਝਦੇ ਲੋਕਾਂ ਲਈ ਰਾਹਤ ਕਾਰਜ ਕਰਨ ਵਾਲੇ ਪੰਜਾਬ ਤੇ ਹੀ ਮੁਸੀਬਤ ਆਣ ਪਈ ਤਾਂ ਪੰਜਾਬੀਆਂ ਨੇ ਖੁਦ ਮੋਰਚਾ ਸੰਭਾਲ ਕੇ ਜਿਵੇਂ ਆਪਣਿਆਂ ਦੀ ਬਾਂਹ ਫੜੀ ਹੈ, ਵੱਡਾ ਹੌਸਲਾ ਦੇਣ ਵਾਲੀ ਹੈ, ਪੰਜਾਬ ਦੀ ਨਸ਼ੇੜੀ  ਕਹਿ ਕੇ ਬਦਨਾਮ ਕੀਤੀ ਜਵਾਨੀ ਨੇ ਜੈਕਾਰੇ ਛੱਡਦੇ ਅਤੇ ਮੌਤ ਨੂੰ ਮਖੌਲਾਂ ਕਰਦੇ ਹੋਏ ਸੂ਼ਕਦੇ ਪਾਣੀਆਂ ਨਾਲ ਮੱਥਾ ਲਾ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਲਿਆਂ ਦਾ ਮੂੰਹ ਬੰਦ ਕਰ ਦਿੱਤੈ, ਬਹੁਤੇ ਲੋਕਾਂ ਨੂੰ ਚੁੱਭਣ ਵਾਲੇ 4*4 ਉਚੇਚੇ ਪਵਾਏ ਵੱਡੇ ਟਾਇਰਾਂ ਵਾਲੇ ਟਰੈਕਟਰਾਂ ਨੂੰ ਅਣਜਾਣ ਰਸਤਿਆਂ ਤੋਂ ਬੇਖੌਫ ਅਤੇ ਬੇਪੑਵਾਹ ਪੂਰੇ ਦਾ ਪੂਰਾ ਪਾਣੀ ਵਿੱਚ ਝੋਕ ਕੇ ਜਾਨਵਰਾਂ ਤੱਕ ਨੂੰ ਸੁਰੱਖਿਅਤ ਬਾਹਰ ਕੱਢ ਲਿਆਂਦਾ, ਪੰਜਾਬੀਆਂ ਦੇ ਏਕੇ ਤੇ ਹਿੰਮਤ ਨੇ “ਦਰਿਆਵਾਂ ਨੂੰ ਬੰਨ੍ਹ ਕਿਸ ਲਾਏ” ਕਹਾਵਤ ਝੂਠੀ ਸਾਬਤ ਕਰਦੇ ਹੋਏ ਇਹ ਬੰਨ੍ਹ ਵੀ ਲਾ ਦਿੱਤੇ, ਇਸ ਅਣਕਿਆਸੀ ਆਫਤ ਨਾਲ ਜੂਝਦੇ ਲੋਕਾਂ ਲਈ ਥਾਂ ਥਾਂ ਲੰਗਰ ਲਾ ਕੇ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਹਰ ਕਿਸੇ ਨੇ ਆਪਣੇ ਦਿਲ ਦਰਵਾਜੇ ਖੋਲ੍ਹਦੇ ਹੋਏ ਰਿਹਾਇਸ਼, ਰਾਸ਼ਨ, ਕੱਪੜੇ ਅਤੇ ਲੋੜੀਂਦੀਆਂ ਵਸਤਾਂ ਪੂਰੀਆਂ ਕਰਨ ਲਈ ਜੀਅ ਜਾਨ ਇਕ ਕਰ ਦਿੱਤਾ, ਕਿਸਾਨ ਅੰਦੋਲਨ ਦੌਰਾਨ ਅਪਣੱਤ ਦੀਆਂ ਉਪਜੀਆਂ ਸਾਂਝਾਂ ਨੇ ਵੀ ਇੱਕ ਵੱਖਰਾ ਅਧਿਆਏ ਸਿਰਜ ਦਿੱਤੈ, ਸੋਸ਼ਲ ਮੀਡੀਆ ਰਾਹੀਂ ਪਤਾ ਲੱਗਣ ਤੇ ਹਰਿਆਣੇ ਦੇ ਹਰ ਭਾਈਚਾਰੇ ਖਾਸ ਕਰਕੇ ਜੱਟਾਂ ਅਤੇ ਜਾਟਾਂ ਨੇ, “ਬੜੇ ਬ੍ਹਾਈ ਪੇ ਮੁਸੀਬਤ ਬਣ ਗੀ ਬ੍ਹਾਈ” ਦਾ ਜਦੋਂ ਪਿੰਡ ਪਿੰਡ ਹੋਕਾ ਦਿੱਤਾ ਤਾਂ ਲੋਕ ਆਪ ਮੁਹਾਰੇ ਮੱਦਦ ਲਈ ਸੈਂਕੜੇ ਟਰਾਲੀਆਂ ਰਾਸ਼ਨ ਭਰ ਕੇ ਕਾਫਲਿਆਂ ਦੇ ਕਾਫਲੇ ਲੈ ਤੁਰੇ, ਯੂਪੀ ਦੇ ਸਭ ਵਰਗਾਂ ਸਮੇਤ ਜਾਟ ਅਤੇ ਮੁਸਲਮਾਨ ਭਾਈਚਾਰੇ ਨੇ ਟਰੱਕਾਂ ਦੇ ਟਰੱਕ ਭਰ ਕੇ ਰਾਸ਼ਨ ਦਾ ਹੜ੍ਹ ਲੈ ਆਂਦਾ, ਰਾਜਸਥਾਨ ਅਤੇ ਉੱਤਰਾਖੰਡ ਦੇ ਲੋਕ ਵੀ ਦਰਦ ਵੰਡਾਉਣ ਲਈ ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਲੈ ਕੇ ਪਹੁੰਚ ਗਏ। ਇਹ ਕਾਫਲੇ ਅੱਜ ਵੀ ਸੜਕਾਂ ਤੇ ਦੇਖੇ ਜਾ ਰਹੇ ਹਨ,

ਗੁਰਦੁਆਰਿਆਂ, ਧਾਰਮਿਕ ਸੰਸਥਾਵਾਂ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਖਾਲਸਾ ਏਡ ਅਤੇ ਹੋਰ ਅਣਗਿਣਤ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰ ਪਹਿਲੇ ਦਿਨ ਤੋਂ ਹੀ ਦਿਨ ਰਾਤ ਅਣਥੱਕ ਸੇਵਾ ਵਿੱਚ ਲੱਗੇ ਹੋਏ ਹਨ, ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀ ਪੰਜਾਬ ਦਾ ਹੱਥ ਫੜਨ ਲਈ ਧਨ ਇਕੱਤਰ ਕਰ ਰਹੇ ਹਨ, ਮੋਹਾਲੀ ਦੇ ਇੱਕ ਸਨਅਤਕਾਰ ਨੇ ਹੜ੍ਹ ਦੇ ਪਾਣੀ ਵਿੱਚ ਚੱਲਣ ਵਾਲੇ ਵਿਸ਼ੇਸ਼ ਵਾਹਨ, ਤੇਲ ਖਰਚੇ ਸਮੇਤ ਭੇਜ ਦਿੱਤੇ। ਕਪੂਰਥਲੇ ਦੇ ਇੱਕ ਸਰਦਾਰ ਨੇ ਲੋੜ ਪੈਣ ਤੇ ਆਪਣੇ ਕਾਰਖਾਨੇ ਵਿੱਚ ਰੇਲ ਡੱਬਿਆਂ ਦੇ ਹਿੱਸੇ ਪੁਰਜੇ ਬਣਾਉਣੇ ਬੰਦ ਕਰਕੇ ਅਣਗਿਣਤ ਕਿਸ਼ਤੀਆਂ ਬਣਾ ਕੇ ਦੇਣ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤਾ,  ਫਿਲਮਕਾਰਾਂ ਤੋਂ ਲੈ ਕੇ ਦਿਲਜੀਤ ਦੁਸਾਂਝ ਜਸਬੀਰ ਜੱਸੀ ਜਿਹੇ ਵੱਡੇ ਵੱਡੇ ਅਨੇਕਾਂ ਹੀ ਕਲਾਕਾਰਾਂ ਨੇ ਪਿੰਡਾਂ ਦੇ ਪਿੰਡ ਸੇਵਾ ਲਈ ਅਪਣਾਅ ਕੇ ਪਹਿਲਾਂ ਕਿਸ਼ਤੀਆਂ ਭੇਜੀਆਂ ਅਤੇ ਹੁਣ ਵੱਡੀ ਮਾਇਕ ਮਦਦ ਦੇਣੀ ਸ਼ੁਰੂ ਕਰ ਦਿੱਤੀ ਹੈ, ਪੰਜਾਬ ਦੀ ਵਿੱਤੀ ਮੱਦਦ ਹਿੱਤ ਦੇਸ਼ ਦੇ ਕੋਨੇ ਕੋਨੇ ਵਿੱਚ ਧਨ ਇਕੱਤਰ ਕਰ ਰਹੇ ਲੋਕਾਂ ਨੂੰ ਉਦੋਂ ਵੱਡਾ ਉਤਸਾਹ ਮਿਲਦਾ ਹੈ ਜਦੋਂ ਲੰਗਰ ਪ੍ਰਸ਼ਾਦਾ ਵੰਡਦੇ ਸੇਵਾਦਾਰਾਂ ਨੂੰ ਇਕ ਨਿਮਾਣਾ ਜਿਹਾ ਸੜਕ ਤੇ ਘੁੰਮਦਾ ਲੜਕਾ 10 ਰੁਪਏ ਦਾ ਸਿੱਕਾ ਪੇਸ਼ ਕਰਦਾ ਹੈ, ਸੇਵਾਦਾਰ ਪਿਆਰ ਸਹਿਤ ਸਿੱਕਾ ਲੈਣ ਤੋਂ ਮਨ੍ਹਾ ਕਰਦੇ ਹਨ ਪਰ ਉਹ ਸੇਵਾ ਵਿੱਚ ਹਿੱਸਾ ਪਾਉਣ ਦੀ ਜਿੱਦ ਕਰਦਾ ਹੈ ਅਸਲ ਵਿੱਚ 10 ਰੁਪਏ ਦਾ ਸਿੱਕਾ ਪਾਉਣ ਪਿੱਛੇ ਉਸਦੇ ਜਜ਼ਬੇ ਦੀ ਭਾਵਨਾ 10 ਲੱਖ ਰੁਪਏ ਵਰਗੀ ਹੈ ਅਤੇ ਜਦੋਂ ਭਾਵਨਾਵਾਂ ਇੰਨੀਆਂ ਵੱਡੀਆਂ ਹੋਣ ਤਾਂ ਫਿਰ ਸੇਵਾਵਾਂ ਵੀ ਅਨੰਤ ਬੇਅੰਤ ਹੋ ਨਿੱਬੜਦੀਆਂ ਹਨ, ਮੁਸੀਬਤ ਮਾਰੀਆਂ ਘੜੀਆਂ ਵਿੱਚ ਵੀ ਪੰਜਾਬ ਨੇ ਸਬਰ ਸੰਤੋਖ ਸ਼ੁਕਰਾਨੇ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਜਜ਼ਬਾ ਕਾਇਮ ਰੱਖਿਐ। ਢੱਠੇ ਹੋਏ ਘਰ ਵਿੱਚ ਘੁੰਮਦਾ ਬਜ਼ੁਰਗ ਅਤੇ ਗਰਕ ਹੋਏ ਸਮਾਨ ਦੇ ਨਾਲ ਪਾਣੀ ਵਿੱਚ ਖੜ੍ਹੀ ਬੁੱਢੀ ਬੇਬੇ ਜਦੋਂ ਰਾਹਤ ਸਮੱਗਰੀ ਵੰਡਣ ਵਾਲਿਆਂ ਨੂੰ ਚਾਹ ਪੀਣ ਲਈ ਸੱਦਾ ਦਿੰਦੇ ਹਨ ਤਾਂ ਤਸਵੀਰ ਦੇਖ ਕੇ ਮਨ ਭਾਵੁਕ ਹੋ ਜਾਂਦਾ ਹੈ ਕਿ ਕਿਸ ਮਿੱਟੀ ਦੇ ਬਣੇ ਹਨ ਇਹ ਲੋਕ ਜੋ ਮੁਸੀਬਤ ਵਿੱਚ ਵੀ ਸ੍ਰਿਸ਼ਟਾਚਾਰ ਕਾਇਮ ਰੱਖੀ ਬੈਠੇ ਹਨ ਅਤੇ ਅਕਾਲ ਪੁਰਖ ਤੇ ਵੀ ਕੋਈ ਸ਼ਿਕਵਾ ਨਹੀਂ, ਉਸਦਾ ਸ਼ੁਕਰਾਨਾ ਹੀ ਕਰੀ ਜਾਂਦੇ ਹਨ, ਤੁਰੇ ਜਾਂਦੇ ਇਕ ਬਜ਼ੁਰਗ ਨੂੰ ਹਾਲ ਪੁੱਛਣ ਤੇ ਜਦੋਂ ਉਹ ਪੈਰਾਂ ਵਿੱਚੋਂ ਪਾਣੀ ਚੁੱਕ ਕੇ ਮੂੰਹ ਧੋਂਦਾ ਹੋਇਆ ਦਾਹੜਾ ਸਵਾਰ ਕੇ ਕਹਿੰਦਾ ਹੈ ਕਿ,”ਚੜ੍ਹਦੀ ਕਲਾ” ਤਾਂ ਸਮਝ ਪੈਂਦੀ ਹੈ ਕਿ ਕੋਈ ਕਲਾ ਤਾਂ ਹੈ ਜੋ ਇੰਨ੍ਹਾਂ ਲੋਕਾਂ ਵਿੱਚ ਅੱਜ ਵੀ ਵਰਤ ਰਹੀ ਹੈ ਕਿ ਇਹ ਵਾਰ ਵਾਰ ਟੁੱਟ ਕੇ ਡਿੱਗਣ ਜਾਂ ਡੇਗਣ ਦੇ ਬਾਵਜੂਦ ਮੁੜ ਦੁੱਗਣੇ ਹੌਸਲੇ ਨਾਲ ਉੱਠ ਖਲੋਂਦੇ ਹਨ। ਮੁਸੀਬਤ ਦੀ ਇਸ ਘੜੀ ਦੌਰਾਨ ਕੋਮਲ ਜਿਹੀ ਜਾਪਦੀ ਪਰ ਦ੍ਰਿੜ ਨਿਸ਼ਚੇ ਵਾਲੀ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜਿੰਮੇਵਾਰੀ ਤੋਂ ਕਿਤੇ ਵਧ ਕੇ ਲੋਕ ਸੇਵਾ ਦੀ ਕਾਇਮ ਕੀਤੀ ਮਿਸਾਲ ਸਦਾ ਯਾਦ ਰੱਖੀ ਜਾਵੇਗੀ, ਜਦੋਂ ਕੋਈ ਮੁਸੀਬਤ ਮਾਰਿਆ ਬਜ਼ੁਰਗ ਸਤਿਕਾਰ ਦੇ ਕਲਾਵੇ ਵਿੱਚ ਲੈ ਅਸ਼ੀਰਵਾਦ ਦਿੰਦਾ ਹੋਇਆ ਕਵ੍ਹੇ, “ਧੀਏ ਜਿਉਂਦੀ ਰਵ੍ਹੇਂ, ਤੇਰੀ ਸੇਵਾ ਨੇ ਰੂਹ ਖੁਸ਼ ਕਰ ਦਿੱਤੀ” ਫਿਰ ਮਿਸਾਲ ਤਾਂ ਬਣੇਗੀ ਹੀ।

 ਇਸ ਤਬਾਹੀ ਵਿੱਚ ਜ਼ਿੰਦਗੀ ਦੀ ਜੰਗ ਜਿੱਤ ਜਾਣ ਵਾਲੇ ਲੋਕਾਂ ਲਈ ਹੜ੍ਹ ਦਾ ਪਾਣੀ ਉੱਤਰ ਜਾਣ ਮਗਰੋਂ ਅਸਤ ਵਿਅਸਤ ਹੋਇਆ ਜੀਵਨ ਲੀਹ ਤੇ ਲਿਆਉਣ ਦੀਆਂ ਚੁਣੌਤੀਆਂ ਹੁਣ ਸ਼ੁਰੂ ਹੋਈਆਂ ਹਨ। ਮਰੇ ਹੋਏ ਪਸ਼ੂ,ਪਰਿੰਦਿਆਂ ਦੇ ਨਾਲ ਦੂਸ਼ਿਤ ਹੋਏ ਪਾਣੀ ਦੀ ਦਰਗੰਧ, ਘਰਾਂ ਵਿੱਚੋਂ ਗਾਰ ਦੇ ਨਾਲ ਨਾਲ ਖਰਾਬ ਹੋਏ ਸਮਾਨ ਨੂੰ ਸੁੱਟਣ ਦੀ ਮੁਸੀਬਤ, ਮਲਬੇ ਭਰੇ ਘਰਾਂ ਵਿੱਚ ਵੜੇ ਸੱਪਾਂ ਤੇ ਹੋਰ ਜਹਿਰੀਲੇ ਜੀਵ ਜੰਤੂਆਂ ਦਾ ਖਤਰਾ, ਖਰਾਬ ਹੋਏ ਨਲਕਿਆਂ ਅਤੇ ਨਾਕਸ ਜਲ ਸਪਲਾਈ ਕਾਰਨ ਰੋਜ਼ਾਨਾ ਵਰਤੋਂ ਅਤੇ ਪੀਣ ਵਾਲੇ ਪਾਣੀ ਦੀ ਘਾਟ,ਵਿਗੜੀ ਹੋਈ ਬਿਜਲੀ ਸਪਲਾਈ ਵਰਗੀਆਂ ਅਨੇਕਾਂ ਸਮੱਸਿਆਵਾਂ ਸਮੇਤ, ਮੱਖੀਆਂ ਮੱਛਰਾਂ ਦਾ ਫੈਲਾਓ, ਸਲ੍ਹਾਭੇ ਘਰਾਂ ਵਿੱਚ ਪੈਦਾ ਹੋਣ ਵਾਲੀ ਫੰਗਸ ਅਤੇ ਬੈਕਟੀਰੀਆ ਆਦਿ ਕਾਰਨ ਵੱਡੇ ਪੱਧਰ ਤੇ ਹੈਪੇਟਾਈਟਸ,ਚਮੜੀ,ਸਾਹ ਰੋਗ, ਬੁਖਾਰ,ਡੇਂਗੂ ਆਦਿ ਬਿਮਾਰੀਆਂ ਵੱਡੇ ਪੱਧਰ ਤੇ ਫੈਲਣਗੀਆਂ ਇਸ ਸਭ ਕਾਸੇ ਨਾਲ ਨਜਿੱਠਣ ਅਤੇ ਲੋਕਾਂ ਦੇ ਮੁੜ ਵਸੇਬੇ ਲਈ ਪ੍ਰਸ਼ਾਸਨ ਨੂੰ ਜੰਗੀ ਪੱਧਰ ਤੇ ਉਪਰਾਲੇ ਕਰਦੇ ਹੋਏ ਤੁਰੰਤ ਕਾਰਜ ਵਿੱਢਣੇ ਪੈਣਗੇ ਜਿਸ ਖਾਤਰ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਵਿੱਤੀ ਪ੍ਰਬੰਧ ਕਰਨੇ ਪੈਣਗੇ, ਅਜਿਹੇ ਹਾਲਾਤਾਂ ਵਿੱਚ ਪ੍ਰਭਾਵਿਤ ਖਿੱਤੇ ਦੀ ਸਰਕਾਰ ਨੂੰ ਪੈਰਾਂ ਸਿਰ ਕਰਨ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਆਰਥਿਕ ਸਹਾਇਤਾ ਜਰੂਰ ਦਿੱਤੀ ਜਾਂਦੀ ਹੈ, ਪਰ ਸਿਤਮ ਜਰੀਫੀ ਇਹ ਹੈ ਕਿ ਦੇਸ਼ ਖਾਤਰ ਸਭ ਤੋਂ ਵੱਧ ਖੂਨ ਡੋਲ੍ਹਣ ਵਾਲੇ ਪੰਜਾਬ ਦਾ ਇਸ ਦੁੱਖ ਦੀ ਘੜੀ, ਕੇਂਦਰ ਸਰਕਾਰ ਨੇ ਤੁਰੰਤ ਹੱਥ ਫੜਨ ਦੀ ਬਜਾਏ ਲੰਮਾਂ ਸਮਾਂ ਭੇਦ ਭਰੀ ਗੁੱਝੀ ਬੇਰੁਖੀ ਅਪਣਾਉਂਦੇ ਹੋਏ ਨਿਗੂਣਾ ਜਿਹਾ ਮੁਆਵਜਾ ਐਲਾਨ ਕੇ ਪੰਜਾਬ ਨੂੰ ਨਿਰਾਸ਼ ਹੀ ਨਹੀਂ, ਨਰਾਜ਼ ਵੀ ਕੀਤੈ, ਨੁਕਸਾਨ ਕਈ ਹਜ਼ਾਰ ਕਰੋੜਾਂ ਦਾ ਹੋਇਐ ਤੇ ਰਾਹਤ ਵਜੋਂ ਪ੍ਰਧਾਨ ਮੰਤਰੀ ਵੱਲੋਂ ਕੇਵਲ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਜੋ ਊਠ ਦੇ ਮੂੰਹ ਜੀਰਾ ਦੇਣ ਵਾਲੀ ਗੱਲ ਹੈ। ਅਜਿਹੇ ਮੌਕੇ ਪੰਜਾਬ ਤੋਂ ਜਿੱਤਿਆ ਢਾਈ ਕਿੱਲੋ ਹਥੌੜੇ ਵਾਲਾ ਹੱਥ ਵੀ ਮੱਦਦ ਲਈ ਨਾ ਬਹੁੜਿਆ ਅਤੇ ਕੇਂਦਰ ਸਰਕਾਰ ਵੱਲੋਂ ਵੀ ਮਾਲੀ ਇਮਦਾਦ ਦੇਣ ਤੋਂ ਹੱਥ ਘੁੱਟਦੇ ਹੋਏ ਰਾਜ ਸਰਕਾਰ ਦਾ ਟੈਕਸ ਦਾ ਬਕਾਇਆ ਪੈਸਾ ਵੀ ਨਹੀਂ ਦਿੱਤਾ ਸ਼ਾਇਦ ਤਾਂ ਹੀ ਵੱਡੀ ਪੱਧਰ ਤੇ ਲੋਕ ਇਸ ਆਫਤ ਨੂੰ ਰੱਬ ਡਾਹਢੇ ਦੀ ਮਾਰ ਮੰਨਣ ਤੋਂ ਇਨਕਾਰੀ ਹੋਏ ਸ਼ੱਕੀ ਨਜ਼ਰਾਂ ਨਾਲ ਵੇਖਣ ਲੱਗੇ ਹਨ, ਖਾਸ ਤੌਰ ਤੇ ਵਿਚਾਰਨਯੋਗ ਹੈ ਕਿ ਜਦੋਂ ਨਿੱਕੀ ਜਿਹੀ ਗੱਲ ਤੇ ਵੱਡੇ ਵੱਡੇ ਸੰਵਾਦ ਰਚਨ ਵਾਲਾ ਰਾਸ਼ਟਰੀ ਮੀਡੀਆ ਵੀ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੁੱਲ੍ਹ ਸੀਅ ਲਵੇ ਤਾਂ ਅਜਿਹੇ ਸ਼ੰਕੇ ਅਤੇ ਸਵਾਲ ਉੱਭਰਨੇ ਸਧਾਰਨ ਨਹੀਂ ਹੋ ਸਕਦੇ, ਸਗੋਂ ਅਤੀ ਗੰਭੀਰ ਵੀ ਹਨ, ਸਿੱਟੇ ਵਜੋਂ ਰੋਸ ਤੇ ਗੁੱਸੇ ਦਾ ਉਪਜਣਾ ਸੁਭਾਵਿਕ ਹੈ, ਦੇਸ਼ ਦੀ ਮੰਗ ਅਤੇ ਲੋੜ ਅਨੁਸਾਰ ਹਰ ਸਮੇਂ ਹਰ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਪੰਜਾਬ ਨਾਲ ਦੇਸ਼ ਦੀ ਸਰਕਾਰ ਵੱਲੋਂ ਮਤਰੇਏ ਪੁੱਤ ਵਾਲਾ ਸਲੂਕ ਕੀਤਾ ਜਾ ਰਿਹੈ, ਪਰ ਇਤਹਾਸ ਗਵਾਹ ਹੈ ਕਿ ਇਹ ਬਾਬੇ ਨਾਨਕ ਦੇ ਫਲਸਫੇ, “ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ” ਦਾ ਪੑਣਾਇਆ ਪੰਜਾਬ ਹੈ ਜਿਸ ਨੇ ਹਰ ਔਖੀ ਤੋਂ ਔਖੀ ਘੜੀ ਵਿੱਚ ਵੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣਾ ਸਿੱਖਿਐ, ਦੇਸ਼ ਵਿਦੇਸ਼ ਵਿੱਚ ਜਿੰਨੇ ਲੋਕ ਪੰਜਾਬ ਦੀ ਬਾਂਹ ਫੜਨ ਲਈ ਉੱਠ ਖਲੋਤੇ ਹਨ, ਕਾਫੀ ਹਨ, ਇਸ ਲਈ ਪੰਜਾਬ ਆਪਣੇ ਅਤੇ ਆਪਣੇ ਚਾਹੁਣ ਵਾਲਿਆਂ ਦੇ ਬਲਬੂਤੇ ਫਿਰ ਉੱਠੇਗਾ ਪਿੰਡੇ ਤੇ ਚੜ੍ਹ ਗਈ ਰੇਤ ਨੂੰ ਛੰਡ ਕੇ ਝਾੜੇਗਾ, ਜੁੱਸੇ ਨੂੰ ਜੋਹੇਗਾ, ਬਾਹਾਂ ਤੇ ਛਾਤੀ ਵਿੱਚ ਜੋਸ਼ ਭਰੇਗਾ ਅਤੇ ਜੁੱਟ ਜਾਵੇਗਾ ਸਮੇਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਫਿਰ ਸਾਬਤ ਕਰਨ ਲਈ ਕਿ ਮੈਂ ਪੰਜਾਬ ਹਾਂ, ਹਰ ਹਾਲਾਤ ਹਰ ਮੁਸੀਬਤ ਨਾਲ ਹਿੱਕ ਡਾਹ ਕੇ ਮੱਥਾ ਲਾ ਕੇ ਟੱਕਰਨਾ ਤੇ ਸਿੱਝਣਾ ਜਾਣਦਾ ਹਾਂ, ਮੈਂ ਡਿੱਗ ਡਿੱਗ ਕੇ ਉੱਠਣਾ ਜਾਣਦਾ ਹਾਂ।