ਅੰਮ੍ਰਿਤਸਰ – ਬੀਐੱਸਐੱਫ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਤਿੰਨ ਵੱਖ-ਵੱਖ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦੇ ਹੋਏ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕਾਰਵਾਈਆਂ ਵਿਚ ਇਕ ਪਿਸਤੌਲ, ਕਾਰਤੂਸ, ਹੈਰੋਇਨ, ਡ੍ਰੋਨ, ਨਕਦੀ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਜਵਾਨਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੱਲਾ ਮੇਘਾ ਅਤੇ ਕਿਲਚੇ ਦੇ ਵਿਚਕਾਰ ਇਕ ਸ਼ੱਕੀ ਖੇਤਰ ਵਿਚ ਤਸਕਰ ਨੂੰ ਦਬੋਚ ਲਿਆ। ਉਸ ਤੋਂ ਇਕ ਪਿਸਤੌਲ, ਤਿੰਨ ਕਾਰਤੂਸ, 45 ਗ੍ਰਾਮ ਨਸ਼ੀਲੇ ਪਦਾਰਥ, 19,480 ਰੁਪਏ ਦੀ ਨਕਦੀ, ਇਕ ਮੋਬਾਈਲ ਫੋਨ ਅਤੇ ਇਕ ਸਾਈਕਲ ਬਰਾਮਦ ਕੀਤਾ ਗਿਆ।
ਤਸਕਰ ਪਿੰਡ ਕਮਲੇਵਾਲਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਸਰਹੱਦ ’ਤੇ ਬੀਐੱਸਐੱਫ ਨੇ ਪਿੰਡ ਮੋਦੇ ਨੇੜੇ ਤਿੰਨ ਸ਼ੱਕੀਆਂ ਨੂੰ ਫੜਿਆ। ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਨ੍ਹਾਂ ਦੇ ਪਾਕਿਸਤਾਨ ਨਾਲ ਸੰਭਾਵਿਤ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਵਾਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਨੇਸ਼ਟਾ ਪਿੰਡ ਦੇ ਖੇਤਾਂ ਵਿਚੋਂ ਇਕ ਡੀਜੇਆਈ ਮੈਵਿਕ 3 ਕਲਾਸੀਕਲ ਡ੍ਰੋਨ ਅਤੇ 576 ਗ੍ਰਾਮ ਵਜ਼ਨ ਵਾਲਾ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਹੈ। ਇਸ ਡ੍ਰੋਨ ਦੀ ਵਰਤੋਂ ਪਾਕਿਸਤਾਨ ਤੋਂ ਹੈਰੋਇਨ ਸੁੱਟਣ ਲਈ ਕੀਤੀ ਜਾਂਦੀ ਸੀ।