ਹਿੰਮਤੀ ਪੰਜਾਬੀਆਂ ਨੇ ਦੋਵੇਂ ਹੱਥੀਂ ਸਾਂਭਿਆ ‘ਡੁੱਬਦਾ ਪੰਜਾਬ’, NRIs ਤੇ ਹੋਰ ਸੰਸਥਾਵਾਂ ਨੇ ਫੜੀ ਹੜ੍ਹ ਪੀੜਤਾਂ ਦੀ ਬਾਂਹ

ਜਲੰਧਰ –ਪੰਜਾਬ ਲਈ ਇਕ ਕਹਾਵਤ ਬੜੀ ਮਸ਼ਹੂਰ ਹੈ ਕਿ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’। ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੇ ਆਪਣੇ ਪਿਛਲੇ ਕਰੀਬ ਪੰਜ ਸੌ ਸਾਲ ਦੇ ਇਤਿਹਾਸ ਦੌਰਾਨ ਹੱਦੋਂ ਵੱਧ ਔਕੜਾਂ ਝੱਲੀਆਂ ਹਨ। ਇਨ੍ਹਾਂ ਪਰੇਸ਼ਾਨੀਆਂ ਤੋਂ ਕਿਵੇਂ ਪਾਰ ਲੰਘਣਾ ਹੈ, ਇਹ ਸਿਆਣਪ ਵੀ ਪੰਜਾਬ ਦੇ ਹੀ ਹਿੱਸੇ ਆਈ ਹੈ। ਇਸ ਵੇਲੇ ਪੰਜਾਬ ਹੜ੍ਹਾਂ ਦੀ ਭਿਆਨਕ ਮਾਰ ਹੇਠ ਮੁੜ ਪੈਰਾਂ ਸਿਰ ਹੋਣ ਲਈ ਜੱਦੋ-ਜਹਿਦ ਕਰ ਰਿਹਾ ਹੈ। ਹੜ੍ਹਾਂ ਦਾ ਪਾਣੀ ਮੁੱਕ ਜਾਵੇਗਾ ਪਰ ਇਸ ਸੂਬੇ ਦੀਆਂ ਮੁਸ਼ਕਲਾਂ ਹਾਲੇ ਹੋਰ ਵੀ ਸਿਰ ਚੁੱਕਣਗੀਆਂ। ਇਸ ਵਾਰ ਸਤੰਬਰ ਮਹੀਨੇ ਆਏ ਭਿਆਨਕ ਹੜ੍ਹਾਂ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਬੇਹੱਦ ਪ੍ਰਭਾਵਿਤ ਹੋਏ ਹਨ। ਲੋਕਾਂ ਦੇ ਕਾਰੋਬਾਰ ਡੁੱਬ ਚੁੱਕੇ ਹਨ। ਪੱਕੇ ਘਰਾਂ ਨੂੰ ਪਾਣੀ ਨੇ ਰੋੜ੍ਹ ਦਿੱਤਾ ਹੈ, ਖੇਤੀ ਸਿਲਟ ਤੇ ਰੇਤਾ ਦੀ ਮਾਰ ਕਾਰਨ ਖ਼ਤਮ ਹੋ ਗਈ ਹੈ ਤੇ ਕਿਸਾਨੀ ਅੱਗੇ ਆਰਥਿਕ ਤੰਗੀਆਂ ਤੁਰਸ਼ੀਆਂ ਮੂੰਹ ਅੱਡੀ ਖੜ੍ਹੀਆਂ ਹਨ। ਕੁੱਲ ਮਿਲਾ ਕੇ ਇਸ ਵੇਲੇ ਪੰਜਾਬ ਦੇ ਜੋ ਹਾਲਾਤ ਹਨ, ਉਨ੍ਹਾਂ ਨੂੰ ਠੀਕ ਹੋਣ ਲਈ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਮਿਲਣ ਵਾਲੀ ਵੱਡੀ ਇਮਦਾਦ ਦੀ ਲੋੜ ਹੈ ਤਾਂ ਹੀ ਪੰਜਾਬ ਦੀਆਂ ਜੜ੍ਹਾਂ ’ਚ ਹੜ੍ਹਾਂ ਦੇ ਰੂਪ ’ਚ ਪੈ ਚੁੱਕਾ ਪਾਣੀ ਕੱਢਣ ਦੇ ਕਾਬਲ ਹੋ ਸਕੇਗਾ। ਹਾਲਾਂਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿਚ ‘ਜਿਸ ਦੇ ਖੇਤ, ਉਸ ਦੀ ਰੇਤ’ ਪਾਲਿਸੀ ਲਿਆਂਦੀ ਗਈ ਹੈ ਪਰ ਇਨ੍ਹਾਂ ਗੰਭੀਰ ਹਾਲਾਤ ਕਾਰਨ ਜੋ ਆਰਥਿਕ ਤੇ ਹੋਰ ਮਦਦ ਦਾ ਸਿਲਸਿਲਾ ਐੱਨਆਈਰਆਈ ਭਰਾਵਾਂ, ਐੱਨਜੀਓਜ਼, ਸਮਾਜ ਸੇਵੀ ਸੰਸਥਾਵਾਂ, ਸੂਬੇ ਦੇ ਕਲਾਕਾਰਾਂ, ਅਦਾਕਾਰਾਂ ਤੇ ਦੂਜੇ ਸੂਬਿਆਂ ਦੇ ਪੰਜਾਬ ਦੇ ਦਰਦ ਨੂੰ ਸਮਝਣ ਵਾਲੇ ਲੋਕਾਂ ਨੇ ਸ਼ੁਰੂ ਕੀਤਾ ਹੈ, ਉਸ ਨੇ ਪੰਜਾਬ ਨੂੰ ਇਕ ਤਰੀਕੇ ਨਾਲ ਮੂੰਹ ਭਾਰ ਡਿੱਗਣ ਤੋਂ ਬਚਾਅ ਲਿਆ ਹੈ।

ਹੜ੍ਹਾਂ ਕਾਰਨ ਇਸ ਵੇਲੇ ਪੰਜਾਬ ਦੇ ਜੋ ਸੰਕਟ ਵਾਲੇ ਹਾਲਾਤ ਬਣੇ ਹਨ ਉਨ੍ਹਾਂ ਨੇ 1988 ਦੇ ਹੜ੍ਹਾਂ ਤੇ ਕਿਸਾਨੀ ਅੰਦੋਲਨ ਵੇਲੇ ਜੋ ਆਰਥਿਕ ਲੋੜਾਂ ਉੱਭਰੀਆਂ ਸਨ, ਉਸ ਦਾ ਚੇਤਾ ਕਰਵਾ ਦਿੱਤਾ ਹੈ। ਦੂਜੇ ਪਾਸੇ, ਇਹ ਉਹ ਮੌਕੇ ਸਨ, ਜਦੋਂ ਪੰਜਾਬ ਨੂੰ ਸਾਂਭਣ ਤੇ ਪੈਰਾਂ ਸਿਰ ਖੜ੍ਹਾ ਕਰਨ ਲਈ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਨੇ ਹਿੱਕ ਡਾਹੀ ਸੀ। ਇਸ ਵੇਲੇ ਵੀ ਉਹੀ ਸਾਰਾ ਕੁਝ ਵਾਪਰ ਰਿਹਾ ਹੈ। ਵਿਦੇਸ਼ਾਂ ਤੋਂ ਵੱਡੇ ਪੱਧਰ ’ਤੇ ਆਰਥਿਕ ਮਦਦ ਮਿਲ ਰਹੀ ਹੈ। ਸ਼ਾਇਦ ਹੀ ਕੋਈ ਪੰਜਾਬੀ ਕਲਾਕਾਰ, ਅਦਾਕਾਰ, ਚਿੰਤਕ ਜਾਂ ਪੰਜਾਬ ਦੀ ਪੀੜ ਸਮਝਣ ਵਾਲਾ ਵਿਅਕਤੀ ਹੋਵੇਗਾ, ਜੋ ਇਸ ਵੇਲੇ ਹੜ੍ਹਾਂ ਦੇ ਪਾਣੀਆਂ ’ਚ ਡੁੱਬ ਰਹੇ ਸੂਬੇ ਦੇ ਲੋਕਾਂ ਦੀ ਬਾਂਹ ਨਾ ਫੜ ਰਿਹਾ ਹੋਵੇ। ਖੇਤੀ ਪ੍ਰਧਾਨ ਇਸ ਸੂਬੇ ਦੇ ਮੱਥੇ ਇਹ ਕਲੰਕ ਵੀ ਰਿਹਾ ਹੈ ਕਿ ਇੱਥੋਂ ਦੇ ਨੌਜਵਾਨ ਆਰਥਿਕ ਤੇ ਹੋਰ ਮਜਬੂਰੀਆਂ ਕਾਰਨ ਸੂਬੇ ਦੀ ਮਹਿੰਗੇ ਭਾਅ ਦੀਆਂ ਜ਼ਮੀਨਾਂ ਛੱਡ ਕੇ ਪਰਵਾਸ ਕਰ ਰਹੇ ਹਨ ਪਰ ਇਸ ਵੇਲੇ ਦੇਖਿਆ ਜਾਵੇ ਤਾਂ ਇਹ ਉਹੀ ਪਰਵਾਸੀ ਹਨ, ਜੋ ਆਪਣੇ ਪੰਜਾਬੀ ਸੂਬੇ ਦੀ ਦਿਲ ਖੋਲ੍ਹ ਕੇ ਮਦਦ ਕਰ ਰਹੇ ਹਨ। ਫਿਰ ਬੇਸ਼ੱਕ ਉਹ ਚਾਹੇ ਕਿਸੇ ਵੀ ਧਰਮ, ਫਿਰਕੇ, ਭਾਈਚਾਰੇ, ਜਾਤ, ਮਜ਼੍ਹਬ ਨਾਲ ਸਬੰਧ ਕਿਉਂ ਨਾ ਰੱਖਦੇ ਹੋਣ। ਇਸ ਵੇਲੇ ਪੰਜਾਬੀਆਂ ਦਾ ਏਕਾ ਸਾਰੇ ਮੁਲਕ ਲਈ ਉਦਾਹਰਣ ਬਣ ਰਿਹਾ ਹੈ।

ਪੰਜਾਬ ’ਤੇ ਜਦੋਂ ਕੋਈ ਆਫਤ ਆਉਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ’ਤੇ ਵੀ ਪੈਂਦਾ ਹੈ। ਖੇਤੀਬਾੜੀ ਕਾਨੂੰਨਾਂ ਦੇ ਹੱਕ ’ਚ ਵੀ ਕੈਨੇਡਾ ਤੇ ਹੋਰ ਮੁਲਕਾਂ ਵਿਚ ਪੰਜਾਬੀਆਂ ਨੇ ਰੈਲੀਆਂ ਕੱਢੀਆਂ ਸਨ। ਹੁਣ ਫਿਰ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬੀਆਂ ਦੀ ਹਰ ਲੋੜ ਵਿਦੇਸ਼ਾਂ ’ਚ ਵਸਦੇ ਉਨ੍ਹਾਂ ਦੇ ਆਪਣਿਆਂ ਵੱਲੋਂ ਕੀਤੀ ਜਾ ਰਹੀ ਮਦਦ ਨਾਲ ਹੀ ਪੂਰੀ ਹੋ ਰਹੀ ਹੈ। ਇਸ ਵੇਲੇ ਪੰਜਾਬੀ ਐੱਨਆਰਆਈਜ਼ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਸਭ ਤੋਂ ਅੱਗੇ ਹੋ ਕੇ ਆਪਣਾ ਰੋਲ ਅਦਾ ਕਰ ਰਹੀਆਂ ਹਨ। ਹੜ੍ਹਾਂ ਦੇ ਦਿਨਾਂ ’ਚ ਸੂਬੇ ਨੂੰ ਚਾਰੇ ਪਾਸਿਓਂ ਆ ਰਹੀ ਮਦਦ ਨੇ ਇਹ ਦਾਗ ਵੀ ਧੋ ਦਿੱਤਾ ਹੈ ਕਿ ਪੰਜਾਬੀ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ ਤੇ ਪਿੱਛੇ ਮੁੜ ਕੇ ਨਹੀਂ ਦੇਖ ਰਹੇ, ਜਦਕਿ ਸੱਚਾਈ ਇਹ ਹੈ ਕਿ ਪੰਜਾਬ ਦੇ ਵਿਗੜੇ ਆਰਥਿਕ ਪ੍ਰਬੰਧ ਨੂੰ ਐੱਨਆਰਆਈਜ਼ ਵੱਲੋਂ ਮਿਲ ਰਹੀ ਪੈਸੇ-ਧੇਲੇ ਦੀ ਮਦਦ ਹੀ ਸੰਭਾਲ ਰਹੀ ਹੈ।

ਇਕ ਰਿਪੋਰਟ ਮੁਤਾਬਕ ਹਰ ਸਾਲ 2 ਲੱਖ ਦੇ ਕਰੀਬ ਪੰਜਾਬੀ ਵਿਦੇਸ਼ ਜਾ ਕੇ ਵਸ ਰਹੇ ਹਨ। ਆਪਣੀ ਮਿੱਟੀ ਤੋਂ ਪੰਜਾਬੀਆਂ ਦਾ ਮੋਹ ਭੰਗ ਹੋਣਾ ਅਤੇ ਬੇਗਾਨੇ ਮੁਲਕਾਂ ਲਈ ਦਿਲ ‘ਚ ਤਾਂਘ ਵਧਣੀ ਕੋਈ ਆਮ ਵਰਤਾਰਾ ਨਹੀਂ ਹੈ। 35-40 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਦੁਆਬੇ ’ਚੋਂ ਜ਼ਿਆਦਾ ਗਿਣਤੀ ’ਚ ਲੋਕਾਂ ਦੇ ਵਿਦੇਸ਼ ਜਾਣ ਕਰਕੇ ਦੁਆਬੇ ਨੂੰ ਐੱਨਆਰਆਈ ਬੈਲਟ ਤੱਕ ਕਿਹਾ ਗਿਆ। ਕੇਂਦਰੀ ਵਿਦੇਸ਼ ਰਾਜ ਮੰਤਰੀ ਵੱਲੋਂ ਪੇਸ਼ ਕੀਤੀ ਗਈ ਇਕ ਰਿਪੋਰਟ ਮੁਤਾਬਤ ਸਾਲ 2016 ਤੋਂ 2021 ਦਰਮਿਆਨ ਕਰੀਬ 10 ਲੱਖ ਪੰਜਾਬੀਆਂ ਨੇ ਵਿਦੇਸ਼ਾਂ ਵੱਲ ਰਵਾਨਗੀ ਕੀਤੀ, ਜਿਨ੍ਹਾਂ ’ਚ 4 ਲੱਖ ਸਟੱਡੀ ਵੀਜ਼ਾ ਤੇ 6 ਲੱਖ ਵਰਕ ਪਰਮਿਟ ’ਤੇ ਬੈਗਾਨੇ ਮੁਲਕਾਂ ਵੱਲ ਗਏ। ਸਭ ਤੋਂ ਵੱਧ ਆਸਟ੍ਰੇਲੀਆ, ਕੈਨੇਡਾ ਅਤੇ ਅਮਰੀਕਾ ਵਰਗੇ ਧਨਾਢ ਦੇਸ਼ਾਂ ’ਚ ਪੰਜਾਬੀ ਵਸੇ ਹੋਏ ਹਨ। ਪੰਜਾਬ ਦੀ ਅਰਥ ਵਿਵਸਥਾ ਤੇ ਰੁਜ਼ਗਾਰ ਦੀ ਕਮੀ ਕਰਕੇ ਪੰਜਾਬੀ ਵਿਦੇਸ਼ਾਂ ਵੱਲ ਵਹੀਰਾਂ ਘੱਤਦੇ ਹਨ। 15-15 ਲੱਖ ਇਕ ਸਮੈਸਟਰ ਦੀ ਫੀਸ ਜਦੋਂ ਵਿਦੇਸ਼ਾਂ ’ਚ ਜਾ ਰਹੀ ਹੋਵੇ ਤਾਂ ਪੰਜਾਬ ਦਾ ਕਈ ਹਜ਼ਾਰਾਂ ਕਰੋੜ ਰੁਪਈਆ ਬਣਦਾ ਹੈ। 16 ਤੋਂ 18000 ਡਾਲਰ ਵਿਦੇਸ਼ੀ ਮੁਦਰਾ ਵਿਚ ਕੀਮਤ ਹੁੰਦੀ ਹੈ ਜੋ ਕਿ ਸਿਰਫ਼ ਪੜ੍ਹਾਈ ਦੀ ਹੈ। ਪੰਜਾਬ ’ਚ ਹਰ ਸਾਲ ਵਿਦੇਸ਼ਾਂ ਲਈ ਪੜ੍ਹਾਈ ਕਰਨ ਲਈ ਨੌਜਵਾਨ 27 ਹਜ਼ਾਰ ਕਰੋੜ ਰੁਪਏ ਖ਼ਰਚ ਕਰ ਰਹੇ ਹਨ।

ਹੜ੍ਹਾਂ ਤੇ ਹੜ੍ਹਾਂ ਵਿਚ ਪੰਜਾਬੀ ਲੋਕਾਂ ਦੀ ਚੜ੍ਹਦੀ ਕਲਾ ਦੀ ਤਸਵੀਰ ਜੋ ਸਾਹਮਣੇ ਆਈ ਹੈ, ਉਸ ਦਾ ਜ਼ਿਕਰ ਆਉਣ ਵਾਲੇ ਸਮਿਆਂ ’ਚ ਵੀ ਹੋਵੇਗਾ। ਸ਼ਾਇਦ ਹੀ ਕੋਈ ਕਲਾਕਾਰ, ਅਦਾਕਾਰ, ਸਮਾਜਿਕ ਚਿੰਤਕ, ਬੁੱਧੀਜੀਵੀ, ਧਰਮ-ਜਾਤ, ਭਾਈਚਾਰੇ ਜਾਂ ਵੱਖਰੇ ਮਜ਼੍ਹਬ ਨਾਲ ਸਬੰਧ ਰੱਖਣ ਵਾਲਾ ਵਿਅਕਤੀ ਹੋਵੇਗਾ, ਜਿਸ ਨੇ ਮਦਦ ਵਾਲਾ ਹੱਥ ਪੰਜਾਬ ਵੱਲ ਨਹੀਂ ਵਧਾਇਆ ਹੈ। ਜਿੱਥੇ ਹਾਲੇ ਸਰਕਾਰਾਂ ਨੇ ਪੁੱਜਣਾ ਸੀ, ਉੱਥੇ ਗਲੋਬਲ ਸਿੱਖਸ, ਸਰਬੱਤ ਦਾ ਭਲਾ, ਹੇਮਕੁੰਟ ਫਾਊਂਡੇਸ਼ਨ, ਦਿਲਜੀਤ ਦੋਸਾਂਝ ਦੀ ਟੀਮ, ਸਤਿੰਦਰ ਸਰਤਾਜ, ਕਰਨ ਔਜਲਾ, ਮਨਕੀਰਤ ਔਲਖ, ਸੋਨੂੰ ਸੂਦ, ਰਾਜਨੀਤਕ ਪਾਰਟੀਆਂ ਤੇ ਪੰਜਾਬ ਦਾ ਦਰਦ ਰੱਖਣ ਵਾਲੇ ਸਾਰੇ ਫਿਰਕਿਆਂ ਦੇ ਲੋਕ ਇਸ ਵੇਲੇ ਦਿੱਲ ਖੋਲ੍ਹ ਕੇ ਆਰਥਿਕ ਤੇ ਹੋਰ ਹਰ ਪ੍ਰਕਾਰ ਦੀ ਮਦਦ ਕਰ ਰਹੇ ਹਨ। ਖਾਸ ਕਰਕੇ ਸੋਸ਼ਲ ਮੀਡੀਆ ’ਤੇ ਹੜ੍ਹਾਂ ਦੀ ਭਿਆਨਕ ਤਸਵੀਰ ਜੋ ਵੀਡੀਓਜ਼ ਰਾਹੀਂ ਸਾਂਝੀ ਹੋਈ ਹੈ, ਉਸ ਨਾਲ ਗਵਾਂਢੀ ਸੂਬਿਆਂ ਤੇ ਮੁਲਕਾਂ ਤੋਂ ਆਰਥਿਕ ਮਦਦ ਪੰਜਾਬ ਨੂੰ ਹਾਸਲ ਹੋਈ ਹੈ।

ਇਨ੍ਹਾਂ ਸੰਸਥਾਵਾਂ ਨੇ ਨਿਭਾਈ ਅਹਿਮ ਭੂਮਿਕਾ

ਸਰਬੱਤ ਦਾ ਭਲਾ : ਹੜ੍ਹ ਪੀੜਤਾਂ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕਰੀਬ 700 ਤੋਂ 800 ਟੀਮ ਮੈਂਬਰ ਸੇਵਾ ਕਰ ਰਹੇ ਹਨ। ਇਸ ਸੰਸਥਾ ਵੱਲੋਂ ਅੰਮ੍ਰਿਤਸਰ, ਅਜਨਾਲਾ, ਲੋਪੋਕੇ, ਬਟਾਲਾ, ਡੇਰਾ ਬਾਬਾ ਨਾਨਕ, ਕਲਾਨੌਰ, ਗੁਰਦਾਸਪੁਰ, ਤਰਨਤਾਰਨ, ਪੱਟੀ ਮਖੂ, ਜ਼ੀਰਾ, ਗੁਰੂ ਹਰਸਹਾਏ, ਪਟਿਆਲਾ ਤੇ ਦੇਵੀਗੜ੍ਹ ਦੇ ਇਲਾਕੇ ’ਚ ਸੇਵਾ ਕੀਤੀ ਗਈ ਹੈ। ਰਾਸ਼ਨ ਦੀਆਂ 4650 ਤੋਂ ਵੱਧ ਕਿੱਟਾਂ, ਮੱਕੀ ਦਾ ਅਚਾਰ (ਪਸ਼ੂਆਂ ਲਈ) 56 ਟਰੱਕ, ਮੱਛਰਦਾਨੀਆਂ, ਸੈਨੇਟਰੀ ਪੈਡਸ, ਫਾਗਿੰਗ ਮਸ਼ੀਨਾਂ, ਪੀਣ ਵਾਲਾ ਪਾਣੀ ਤੇ ਹੋਰ ਜ਼ਰੂਰਤ ਦਾ ਸਾਮਾਨ ਹੜ੍ਹ ਪੀੜਤਾਂ ਲਈ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਇਸ ਸੰਸਥਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਲੋੜ ਪੈਣ ’ਤੇ ਕਿਸਾਨਾਂ ਨੂੰ ਡੀਜ਼ਲ, ਕਿਸਾਨ ਭਰਾਵਾਂ ਲਈ ਬੀਜ, ਘਰ ਬਣਾ ਕੇ ਦੇਣੇ ਤੇ ਘਰਾਂ ਦੀ ਰਿਪੇਅਰ ਦਾ ਕੰਮ ਕਰਵਾਉਣ ਤੋਂ ਇਲਾਵਾ ਹਰ ਤਰ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇਗੀ।

ਪੰਜਾਬ ਫਲੱਡ ਰਿਲੀਫ 2025 ਦੇ ਬੈਨਰ ਹੇਠ ਹੜ੍ਹ ਪੀੜਤਾਂ ਦੀ ਸੇਵਾ ਕਰ ਰਹੀ ਗਲੋਬਲ ਸਿਖਸ ਦੀ ਟੀਮ ਵੱਲੋਂ ਵੀ ਗਰਾਊਂਡ ਲੈਵਲ ’ਤੇ ਜਾ ਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਬਹੁਤ ਸਾਰੇ ਅਦਾਕਾਰ ਤੇ ਸਮਾਜ ਸੇਵੀ ਇਸ ਸੰਸਥਾਂ ਨਾਲ ਜੁੜ ਕੇ ਕੰਮ ਕਰ ਰਹੇ ਹਨ। ਇਸ ਸੰਸਥਾਂ ਵੱਲੋਂ ਹੜ੍ਹ ਪੀੜਤਾਂ ਲਈ ਗੱਦੇ, ਬਲੀਚਿੰਗ ਪਾਊਡਰ ਤੇ ਕਲੀਨਿੰਗ ਚੀਜ਼ਾਂ, ਸੁੱਕੀ ਗਰੌਸਰੀ, ਚੌਲ ਤੇ ਦਾਲਾਂ, ਮੱਛਰਦਾਨੀਆਂ, ਟਾਰਚਾਂ, ਤਰਪਾਲਾਂ, ਓਆਰਐੱਸ ਦੇ ਪੈਕਟ ਆਦਿ ਦੀ ਨਿਰਵਿਘਨ ਸੇਵਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਸੰਸਥਾ ਦੇ ਵਲੰਟੀਅਰਾਂ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਫਾਗਿੰਗ ਕੀਤੀ ਜਾ ਰਹੀ ਹੈ। ਹੜ੍ਹਾਂ ਕਾਰਨ ਜਿਨ੍ਹਾਂ ਲੋਕਾਂ ਦੀਆਂ ਮੱਝਾਂ ਮਰੀਆਂ ਜਾਂ ਲਾਪਤਾ ਹੋਈਆਂ ਹਨ, ਉਨ੍ਹਾਂ ਨੂੰ ਪਸ਼ੂ ਲੈ ਕੇ ਦੇਣ ਦੀ ਸੇਵਾ ਕੀਤੀ ਗਈ ਹੈ।

ਇਸ ਸੰਸਥਾ ਵੱਲੋਂ ਪੜਾਅ ਦਰ ਪੜਾਅ ਸੇਵਾ ਨਿਭਾਈ ਜਾ ਰਹੀ ਹੈ। ਲੋਕਾਂ ਲਈ ਘਰ ਬਣਾ ਕੇ ਦੇਣੇ, ਲੋਕਾਂ ਦੀ ਮਦਦ ਨਾਲ ਸੇਵਾ ਦਾ ਸਾਮਾਨ ਇਕੱਠਾ ਕਰਨਾ, ਹੜ੍ਹ ਪ੍ਰਭਾਵਿਤ ਲੋਕਾਂ ਨੂੰ ਗੱਦੇ, ਕੰਬਲ ਤੇ ਹੋਰ ਵਰਤੋਂ ਦਾ ਸਾਮਾਨ ਵੀ ਇਸ ਸੰਸਥਾ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਸੰਸਥਾ ਵੱਲੋਂ ਉਨ੍ਹਾਂ ਲੋਕਾਂ ਦੀ ਉਚੇਚੀ ਮਦਦ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਘਰੇਲੂ ਸਾਮਾਨ ਹੜ੍ਹਾਂ ਕਾਰਨ ਤਬਾਹ ਹੋ ਗਿਆ ਹੈ। ਇਸ ਸਮਾਜ ਸੇਵੀ ਸੰਸਥਾ ਦੀਆਂ ਵੱਖ ਵੱਖ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚ ਕੇ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਤੇ ਹੋਰ ਮਦਦ ਕਰ ਰਹੀਆਂ ਹਨ। ਇਸ ਸੰਸਥਾ ਨਾਲ ਮਿਲ ਕੇ ਬਾਲੀਵੁਡ ਦੇ ਕਈ ਵੱਡੇ ਅਦਾਕਾਰ ਵੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਕਰ ਰਹੇ ਹਨ। ਮਸ਼ਹੂਰ ਗਾਇਕ ਕਰਨ ਔਜਲਾ ਨੇ ਬਕਾਇਦਾ ਇਸ ਸੰਸਥਾ ਰਾਹੀਂ ਗਾਵਾਂ ਲਈ 10 ਹਜ਼ਾਰ ਕਿੱਲੋ ਫੀਡ ਵੀ ਦਾਨ ਵਜੋਂ ਦਿੱਤੀ ਹੈ।