ਤਰਨਤਾਰਨ ’ਚ ‘ਆਪ’ ਦੇ ਵੱਡੇ ਨੇਤਾ ਨੂੰ ਨੋਟਿਸ ਭੇਜਣ ਦੀ ਤਿਆਰੀ ’ਚ ਐੱਨਸੀਬੀ

ਅੰਮ੍ਰਿਤਸਰ – ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਜਲਦੀ ਹੀ ਤਰਨਤਾਰਨ ਦੇ ਇਕ ਵੱਡੇ ‘ਆਪ’ ਨੇਤਾ ਨੂੰ ਹੈਰੋਇਨ ਤਸਕਰੀ ਦੇ ਇਕ ਮਾਮਲੇ ਵਿਚ ਨੋਟਿਸ ਜਾਰੀ ਕਰਨ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਇਹ ਵੱਡਾ ਆਗੂ ਕੁਝ ਸਮਾਂ ਪਹਿਲਾਂ ਸੱਤਾਧਾਰੀ ਪਾਰਟੀ ’ਚ ਸ਼ਾਮਲ ਹੋਇਆ ਸੀ। ਹਾਲਾਂਕਿ, ਇਸ ਤੋਂ ਪਹਿਲਾਂ ਇਸੇ ਮਾਮਲੇ ’ਚ ਐੱਨਸੀਬੀ ਨੇ ਤਰਨਤਾਰਨ ਦੇ ਵਾਰਡ ਨੰਬਰ 22 ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਪ੍ਰੀਤ ਸਿੰਘ ਗੋਲਡੀ ਨੂੰ ਨੋਟਿਸ ਭੇਜ ਕੇ ਆਪਣੇ ਦਰਬਾਰ ਵਿਚ ਬੁਲਾ ਚੁੱਕੀ ਹੈ। ਐੱਨਸੀਬੀ ਦੀ ਉਕਤ ਕਾਰਵਾਈ ਤੋਂ ਬਾਅਦ ਤਰਨਤਾਰਨ ਦੀ ਸਿਆਸਤ ’ਚ ਭੂਚਾਲ ਆ ਗਿਆ ਹੈ। ਆਉਣ ਵਾਲੀਆਂ ਉੱਪ ਚੋਣਾਂ ਦੇ ਮੱਦੇਨਜ਼ਰ ਕਈ ਵੱਡੇ ਆਗੂਆਂ ਨੇ ਵੀ ਜੋੜਤੋੜ ਦੀ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ। ਚਰਚਾ ਹੈ ਕਿ ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਐੱਨਸੀਬੀ ਦੋਵਾਂ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਸਕਦਾ ਹੈ। ਐੱਨਸੀਬੀ ਨੂੰ ਇਨਪੁਟ ਮਿਲੇ ਹਨ ਕਿ ਤਰਨਤਾਰਨ ਵਿਚ ਹੈਰੋਇਨ ਸਪਲਾਈ ਦਾ ਵੱਡਾ ਕਾਰੋਬਾਰ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ 20 ਅਗਸਤ ਨੂੰ ਐੱਨਸੀਬੀ ਨੇ ਤਰਨਤਾਰਨ ਦੇ ਪਿੰਡ ਤਾਮੋਵਾਲ ਦੇ ਵਸਨੀਕ ਪਰਮਿੰਦਰ ਸਿੰਘ ਉਰਫ਼ ਪੰਮਾ, ਸ਼ਫੀ ਉਰਫ਼ ਸੰਨੀ ਅਤੇ ਸ਼ਾਕਾ ਨੂੰ 80 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਐੱਨਸੀਬੀ ਨੇ ਕੌਂਸਲਰ ਗੁਰਪ੍ਰੀਤ ਸਿੰਘ ਨੂੰ ਇਸ ਮਾਮਲੇ ਵਿਚ ਉਸ ਦੀ ਭੂਮਿਕਾ ਸ਼ੱਕੀ ਲੱਗਣ ‘ਤੇ ਨੋਟਿਸ ਜਾਰੀ ਕੀਤਾ ਸੀ। ਐੱਨਸੀਬੀ ਅਧਿਕਾਰੀ ਨੇ ਦੱਸਿਆ ਕਿ ਗੁਰਪ੍ਰੀਤ ਗੋਲਡੀ ਪਹਿਲਾਂ ਵੀ ਇਕ ਵਾਰ ਐੱਨਸੀਬੀ ਪੁਲਿਸ ਥਾਣੇ ਪਹੁੰਚ ਕੇ ਜਾਂਚ ਵਿਚ ਹਿੱਸਾ ਲੈ ਚੁੱਕਾ ਹੈ ਅਤੇ ਹੁਣ ਉਸ ਨੂੰ ਬੁੱਧਵਾਰ (ਅੱਜ) ਨੂੰ ਦੁਬਾਰਾ ਪੇਸ਼ ਹੋਣ ਲਈ ਕਿਹਾ ਗਿਆ ਹੈ।

ਸਰਹੱਦੀ ਜ਼ਿਲ੍ਹਾ ਹੋਣ ਕਰਕੇ ਤਰਨਤਾਰਨ ’ਚ ਹੈਰੋਇਨ ਦੀ ਸਪਲਾਈ ਬਹੁਤ ਜ਼ਿਆਦਾ ਹੈ। ਹਾਲਾਤ ਅਜਿਹੇ ਹਨ ਕਿ ਕਿਸੇ ਵੀ ਐੱਸਐੱਸਪੀ ਨੂੰ ਇੱਥੇ ਜ਼ਿਆਦਾ ਦੇਰ ਤੱਕ ਨਹੀਂ ਰਹਿਣ ਦਿੱਤਾ ਜਾ ਰਿਹਾ। ਪਿਛਲੇ ਡੇਢ ਤੋਂ ਦੋ ਸਾਲਾਂ ਵਿਚ ਚਾਰ ਐੱਸਐੱਸਪੀ ਬਦਲੇ ਗਏ ਹਨ। ਇਸ ਤੋਂ ਪਹਿਲਾਂ ਗੁਰਮੀਤ ਸਿੰਘ ਚੌਹਾਨ, ਗੌਰਵ ਤੁਰਾ, ਅਭਿਮਨਿਊ ਰਾਣਾ ਅਤੇ ਦੀਪਕ ਪਾਰਿਖ ਵਰਗੇ ਤੇਜ਼ ਤਰਾਰ ਅਧਿਕਾਰੀਆਂ ਨੂੰ ਇੱਥੋਂ ਰਿਲੀਵ ਕੀਤਾ ਜਾ ਚੁੱਕਾ ਹੈ।