ਬਠਿੰਡਾ – ਜ਼ਿਲ੍ਹੇ ਦੇ ਪਿੰਡ ਜੀਦਾ ’ਚ 10 ਸਤੰਬਰ ਨੂੰ ਹੋਏ ਧਮਾਕਿਆਂ ਦੇ ਮਾਮਲੇ ’ਚ ਹੈਰਾਨੀਜਨਕ ਤੱਥ ਸਾਹਮਣੇ ਆ ਰਹੇ ਹਨ। ਮਾਮਲੇ ਦੀ ਮੁੱਢਲੀ ਜਾਂਚ ’ਚ ਪਤਾ ਲੱਗਿਆ ਹੈ ਕਿ ਬੰਬ ਬਣਾਉਣ ਦੌਰਾਨ ਜ਼ਖ਼ਮੀ ਹੋਏ 19 ਸਾਲਾ ਗੁਰਪ੍ਰੀਤ ਸਿੰਘ ਦੀ ਮਨੁੱਖੀ ਬੰਬ ਵਜੋਂ ਵਰਤੋਂ ਕੀਤੀ ਜਾਣੀ ਸੀ। ਪਾਕਿਸਤਾਨ ਬੈਠੇ ਅੱਤਵਾਦੀਆਂ ਨੇ ਉਸਦਾ ਬ੍ਰੇਨ ਇਸ ਤਰ੍ਹਾਂ ਵਾਸ਼ ਕਰ ਦਿੱਤਾ ਸੀ ਕਿ ਉਸਨੇ ਮਨੁੱਖੀ ਬੰਬ ਬਣ ਕੇ ਜੰਮੂ ਕਸ਼ਮੀਰ ’ਚ ਵਾਰਦਾਤ ਨੂੰ ਅੰਜਾਮ ਦੇਣਾ ਸੀ। ਓਧਰ ਮਾਮਲੇ ਦੇ ਸੱਤਵੇਂ ਦਿਨ ਮੰਗਲਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਨੇ ਗੁਰਪ੍ਰੀਤ ਦੇ ਘਰ ਦਾ ਦੌਰਾ ਕੀਤਾ ਤੇ ਉੱਥੋਂ ਬੰਬ ਬਣਾਉਣ ਲਈ ਵਰਤੇ ਗਏ ਕੈਮੀਕਲ ਦੇ ਨਮੂਨੇ ਲਏ। ਇਸ ਤੋਂ ਇਲਾਵਾ ਐੱਨਆਈਏ ਨੇ ਏਮਸ ’ਚ ਉਸ ਤੋਂ ਪੁੱਛਗਿੱਛ ਵੀ ਕੀਤੀ।
ਪੁਲਿਸ ਦੇ ਉੱਚ ਪੱਧਰੀ ਸੂਤਰਾਂ ਮੁਤਾਬਕ ਗੁਰਪ੍ਰੀਤ ਤੋਂ ਕੀਤੀ ਗਈ ਪੁੱਛਗਿੱਛ ’ਚ ਪਤਾ ਲੱਗਿਆ ਹੈ ਕਿ ਉਹ ਮਨੁੱਖੀ ਬੰਬ ਬਣਨਾ ਚਾਹੁੰਦਾ ਸੀ ਤੇ ਇਸ ਲਈ ਉਸਨੇ ਪੂਰੀ ਤਿਆਰੀ ਕਰ ਲਈ ਸੀ। ਉਸਨੇ ਪਹਿਲਾਂ ਆਨਲਾਈਨ ਸਾਈਟਾਂ ਤੋਂ ਧਮਾਕਾਖੇਜ਼ ਸਮੱਗਰੀ ਮੰਗਵਾਈ ਤੇ ਬਾਅਦ ’ਚ ਜੇਬਾਂ ਵਾਲੀ ਬੈਲਟ ਮੰਗਵਾਈ, ਜਿਸ ’ਚ ਬੰਬ ਫਿੱਟ ਕਰਕੇ ਉਸਨੂੰ ਪੇਟ ਨਾਲ ਬੰਨ੍ਹ ਕੇ ਧਮਾਕਾ ਕਰਨਾ ਸੀ। ਉਸਨੇ ਧਮਾਕਾਖੇਜ਼ ਸਮੱਗਰੀ ਦੇ ਨਾਲ-ਨਾਲ ਉਕਤ ਬੈਲਟ ਵੀ ਆਨਲਾਈਨ ਹੀ ਖ਼ਰੀਦੀ ਸੀ। ਉਸਨੇ ਜੰਮੂ ’ਚ ਸੁਰੱਖਿਆ ਬਲਾਂ ਦੇ ਕੈਂਪ ’ਤੇ ਧਮਾਕਾ ਕਰਨਾ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਘਰੋਂ ਨਿਕਲਣ ਤੋਂ ਪਹਿਲਾਂ ਹੀ ਉਸਦੇ ਘਰ ’ਚ ਧਮਾਕਾ ਹੋ ਗਿਆ।
ਗੁਰਪ੍ਰੀਤ ਨੇ ਦੱਸਿਆ ਕਿ ਇਹ ਤੈਅ ਨਹੀਂ ਸੀ ਕਿ ਕਿੱਥੇ ਧਮਾਕਾ ਕਰਨਾ ਹੈ ਬੱਸ ਜੰਮੂ-ਕਸ਼ਮੀਰ ’ਚ ਜਿੱਥੇ ਵੀ ਹਥਿਆਰਬੰਦ ਬਲ ਮਿਲੇ, ਉੱਥੇ ਹੀ ਧਮਾਕਾ ਕਰਨਾ ਸੀ। ਇਸ ’ਤੇ ਜਦੋਂ ਉਸਨੂੰ ਪੁੱਛਿਆ ਗਿਆ ਕਿ ਜੇਕਰ ਫ਼ੌਜ ’ਤੇ ਹੀ ਹਮਲਾ ਕਰਨਾ ਸੀ ਤਾਂ ਫ਼ੌਜ ਤਾਂ ਬਠਿੰਡਾ ’ਚ ਵੀ ਮੌਜੂਦ ਹੈ। ਇਸ ’ਤੇ ਗੁਰਪ੍ਰੀਤ ਨੇ ਕਿਹਾ ਕਿ ਉਸਨੂੰ ਕਿਸੇ ਹੋਰ ਸੂਬੇ ’ਚ ਤਾਇਨਾਤ ਫ਼ੌਜ ਨਾਲ ਕੋਈ ਸਮੱਸਿਆ ਨਹੀਂ ਹੈ। ਉੱਥੇ ਮੁਸਲਿਮ ਕਸ਼ਮੀਰੀ ਕੁੜੀਆਂ ਨਾਲ ਧੱਕਾ ਹੋ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਨੇ ਕਠੂਆ ਤੋਂ ਦੋ ਵਿਅਕਤੀਆਂ ਨੂੰ ਪੁਛਗਿੱਛ ਲਈ ਹਿਰਾਸਤ ’ਚ ਲਿਆ ਹੈ ਪਰ ਕਿਸੇ ਅਧਿਕਾਰੀ ਨੇ ਇਸਦੀ ਪੁਸ਼ਟੀ ਨਹੀਂ ਕੀਤੀ।
ਪੁੱਛਗਿੱਛ ’ਚ ਇਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਗੁਰਪ੍ਰੀਤ ਹੁਣੇ ਹੀ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਤੋਂ ਪ੍ਰਭਾਵਿਤ ਨਹੀਂ ਹੋਇਆ, ਬਲਿਕ ਉਹ ਲੰਬੇ ਸਮੇਂ ਤੋਂ ਉਸ ਦੇ ਭਾਸ਼ਣ ਸੁਣ ਰਿਹਾ ਸੀ। ਇਹੀ ਕਾਰਨ ਸੀ ਕਿ ਲਗਭਗ ਦੋ ਸਾਲ ਪਹਿਲਾਂ ਉਹ ਸਾਈਕਲ ’ਤੇ ਪਾਕਿਸਤਾਨ ਜਾਣਾ ਚਾਹੁੰਦਾ ਸੀ ਪਰ ਪਰਿਵਾਰ ਨੇ ਉਸਨੂੰ ਪਾਕਿਸਤਾਨ ਨਹੀਂ ਜਾਣ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਉਸਨੂੰ ਪੜ੍ਹਾਈ ਲਈ ਉਸਦੇ ਨਾਨਕੇ ਘਰ ਭੇਜ ਦਿੱਤਾ।
ਮੰਗਲਵਾਰ ਨੂੰ ਸੱਤਵੇਂ ਦਿਨ ਵੀ ਮੁਲਜ਼ਮ ਦੇ ਘਰ ਪੁਲਿਸ ਦੀ ਜਾਂਚ ਤੇ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਨ ਦਾ ਕੰਮ ਜਾਰੀ ਰਿਹਾ। ਬਠਿੰਡਾ ਪੁਲਿਸ ਨੇ ਗੁਰਪ੍ਰੀਤ ਦੇ ਘਰ ਖਿੱਲਰੇ ਕੈਮੀਕਲਸ ਦੀ ਆਪਣੇ ਪੱਧਰ ’ਤੇ ਜਾਂਚ ਪੂਰੀ ਕਰ ਲਈ ਹੈ ਤੇ ਘਰ ਸੀਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੈਮੀਕਲ ਏਨਾ ਸੰਵੇਦਨਸ਼ੀਲ ਹੈ ਕਿ ਜੇਕਰ ਪੁਲਿਸ ਪਾਰਟੀ ਦੇ ਬੂਟਾਂ ਹੇਠ ਥੋੜ੍ਹਾ ਜਿਹਾ ਕੈਮੀਕਲ ਵੀ ਆ ਜਾਂਦਾ ਹੈ ਤਾਂ ਪਟਾਕਿਆਂ ਵਰਗੇ ਛੋਟੇ-ਛੋਟੇ ਧਮਾਕੇ ਹੁੰਦੇ ਹਨ। ਪੁਲਿਸ ਨੂੰ ਆਰਡੀਐਕਸ ਤੇ ਹੋਰ ਵਿਸਫੋਟਕ ਨਸ਼ਟ ਕਰਨ ਦਾ ਤਜਰਬਾ ਹੈ ਪਰ ਕੈਮੀਕਲਾਂ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਇਸ ਨੂੰ ਨਸ਼ਟ ਕਰਨ ’ਚ ਦੇਰੀ ਹੋ ਰਹੀ ਹੈ। ਇਸੇ ਕਰ ਕੇ ਹੁਣ ਪੁਲਿਸ ਇਸ ਲਈ ਵਿਗਿਆਨੀ ਨੂੰ ਬੁਲਾਉਣ ਜਾ ਰਹੀ ਹੈ। ਇਸ ਦੌਰਾਨ ਐੱਨਆਈਏ ਦੀ ਟੀਮ ਵੀ ਨੇ ਵੀ ਗੁਰਪ੍ਰੀਤ ਦੇ ਘਰ ਦਾ ਦੌਰਾ ਕੀਤਾ। ਐਨਆਈਏ ਨੇ ਧਮਾਕਾਖੇਜ਼ ਸਮੱਗਰੀ ’ਚ ਵਰਤੇ ਗਏ ਕੈਮੀਕਲ ਦੇ ਨਮੂਨੇ ਲਏ।