ਸੁਪਰੀਮ ਕੋਰਟ ਕੋਲੇਜੀਅਮ ਨੇ ਚਾਰ ਹਾਈ ਕੋਰਟਾਂ ’ਚ ਨਵੇਂ ਜੱਜਾਂ ਦੀ ਕੀਤੀ ਸਿਫ਼ਾਰਸ਼

ਨਵੀਂ ਦਿੱਲੀ – ਚੀਫ ਜਸਟਿਸ ਬੀਆਰ ਗਵਈ ਦੀ ਪ੍ਰਧਾਨਗੀ ਵਾਲੇ ਸੁਪਰੀਮ ਕੋਰਟ ਦੇ ਕੋਲੇਜੀਅਮ ਨੇ ਚਾਰ ਹਾਈ ਕੋਰਟਾਂ ਵਿਚ ਨਵੀਆਂ ਨਿਯੁਕਤੀਆਂ ਤੇ ਜੱਜਾਂ ਨੂੰ ਸਥਾਈ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਵਿਚ ਵਕੀਲਾਂ ਤੇ ਨਿਆਇਕ ਅਧਿਕਾਰੀਆਂ ਦੀਆਂ ਤਰੱਕੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਤਿੰਨ ਮੈਂਬਰਾਂ ਵਾਲੇ ਕੋਲੇਜੀਅਮ ਵਿਚ ਜਸਟਿਸ ਸੂਰਿਆਕਾਂਤ ਤੇ ਜਸਟਿਸ ਵਿਕਰਮ ਨਾਥ ਵੀ ਸ਼ਾਮਲ ਹਨ ਜਿਨ੍ਹਾਂ ਨੇ ਸੋਮਵਾਰ ਨੂੰ ਹੋਈ ਇਕ ਮੀਟਿੰਗ ਵਿਚ ਨਿਯੁਕਤੀਆਂ ਤੇ ਕੁਝ ਜੱਜਾਂ ਨੂੰ ਸਥਾਈ ਕਰਨ ਦੀ ਸਿਫ਼ਾਰਸ਼ ਕਰਦਿਆਂ ਵੱਖ-ਵੱਖ ਮਤੇ ਪਾਸ ਕੀਤੇ। ਕੋਲੇਜੀਅਮ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿਚ ਦੋ ਸੀਨੀਅਰ ਵਕੀਲਾਂ ਜੀਆ ਲਾਲ ਭਾਰਦਵਾਜ ਤੇ ਰੋਮੇਸ਼ ਵਰਮਾ ਨੂੰ ਜੱਜ ਵਜੋਂ ਤਰੱਕੀ ਦੇਣ ਦੀ ਮਨਜ਼ੂਰੀ ਦਿੱਤੀ। ਕਰਨਾਟਕ ਹਾਈ ਕੋਰਟ ਲਈ ਤਿੰਨ ਨਿਆਇਕ ਅਧਿਕਾਰੀਆਂ ਦੀ ਤਰੱਕੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਜਿਨ੍ਹਾਂ ਵਿਚ ਗੀਤਾ ਕੇ. ਭਰਤਰਾਜ ਸ਼ੈੱਟੀ, ਮੁਰਲੀਧਰ ਪਾਈ ਬੋਰਕੱਟੇ ਤੇ ਤਿਆਗਰਾਜ ਨਾਰਾਇਣ ਇਨਾਵਲੀ ਸ਼ਾਮਲ ਹਨ। ਇਸ ਦੇ ਨਾਲ ਹੀ ਕੋਲੇਜੀਅਮ ਨੇ ਮੌਜੂਦਾ ਐਡੀਸ਼ਨਲ ਜੱਜ ਵਜੋਂ ਕੰਮ ਕਰਦੇ ਜਸਟਿਸ ਕੁਰੁਬਰਹੱਲੀ ਵੈਂਕਟਰਾਮਾਰੈੱਡੀ ਅਰਵਿੰਦ ਨੂੰ ਵੀ ਅਦਾਲਤ ਦੇ ਸਥਾਈ ਜੱਜ ਦੇ ਤੌਰ ’ਤੇ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਤ੍ਰਿਪੁਰਾ ਹਾਈ ਕੋਰਟ ਵਿਚ ਕੋਲੇਜੀਅਮ ਨੇ ਜਸਟਿਸ ਬਿਸਵਜੀਤ ਪਾਲਿਤ ਨੂੰ ਸਥਾਈ ਜੱਜ ਵਜੋਂ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਹੈ। ਇਸੇ ਤਰ੍ਹਾਂ ਕੋਲੇਜੀਅਮ ਨੇ ਮਦਰਾਸ ਹਾਈ ਕੋਰਟ ਵਿਚ ਜਸਟਿਸ ਐੱਨ ਸੇਂਥਿਲ ਕੁਮਾਰ ਤੇ ਜਸਟਿਸ ਜੀ. ਅਰੁਲ ਮੁਰੂਗਨ ਨੂੰ ਅਦਾਲਤ ਦਾ ਸਥਾਈ ਜੱਜ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ।