ਇਜ਼ਰਾਈਲ ਲਈ ਜਾਸੂਸੀ ਕਰਨ ਵਾਲੇ ਨੂੰ ਈਰਾਨ ਨੇ ਦਿੱਤੀ ਫਾਂਸੀ

ਦੁਬਈ – ਇਜ਼ਰਾਈਲ ਲਈ ਜਾਸੂਸੀ ਕਰਨ ਵਾਲੇ ਇਕ ਵਿਅਕਤੀ ਨੂੰ ਈਰਾਨ ਨੇ ਫਾਂਸੀ ’ਤੇ ਚੜ੍ਹਾ ਦਿੱਤਾ। ਮਿਜ਼ਾਨ ਸਮਾਚਾਰ ਏਜੰਸੀ ਮੁਤਾਬਕ, ਵਿਅਕਤੀ ਦੀ ਪਛਾਣ ਬਾਬਾਕ ਸ਼ਾਹਬਾਜ਼ੀ ਦੇ ਤੌਰ ’ਤੇ ਹੋਈ ਹੈ। ਉਸਦੇ ਸਬੰਧ ’ਚ ਦਾਅਵਾ ਕੀਤਾ ਗਿਆ ਸੀ ਕਿ ਉਸਨੇ ਈਰਾਨੀ ਡਾਟਾ ਕੇਂਦਰਾਂ ਤੇ ਸੁਰੱਖਿਆ ਅਦਾਰਿਆਂ ਦੀ ਸੰਵੇਦਨਸ਼ੀਲ ਜਾਣਕਾਰੀ ਇਜ਼ਰਾਇਲੀ ਹੈਂਡਲਰਾਂ ਨੂੰ ਵੇਚ ਦਿੱਤੀ। ਹਾਲਾਂਕਿ, ਐਕਟੀਵਿਸਟ ਨੇ ਕਿਹਾ ਕਿ ਸ਼ਾਹਬਾਜ਼ੀ ਨੂੰ ਯੂਕਰੇਨੀ ਰਾਸ਼ਟਰਪਤੀ ਵੋਲਦੋਮੀਰ ਜ਼ੇਲੈਂਸਕੀ ਨੂੰ ਮਦਦ ਦੀ ਪੇਸ਼ਕਸ਼ ਕਰਨ ਵਾਲਾ ਪੱਤਰ ਲਿਖਣ ਕਾਰਨ ਹਿਰਾਸਤ ’ਚ ਲਿਆ ਗਿਆ ਸੀ। ਈਰਾਨ ਨੇ ਇਜ਼ਰਾਈਲ ਨਾਲ 12 ਦਿਨਾਂ ਦੀ ਜੰਗ ਤੋਂ ਬਾਅਦ ਤੋਂ ਜਾਸੂਸੀ ਕਰਨ ਦੇ ਦੋਸ਼ ’ਚ ਅੱਠ ਲੋਕਾਂ ਨੂੰ ਫਾਂਸੀ ’ਤੇ ਲਟਕਾ ਦਿੱਤਾ ਹੈ, ਜਿਸ ਨਾਲ ਐਕਟੀਵਿਸਟਾਂ ’ਚ ਡਰ ਪੈਦਾ ਹੋ ਗਿਆ ਹੈ ਕਿ ਸਰਕਾਰ ਹੋਰ ਲੋਕਾਂ ਨੂੰ ਵੀ ਫਾਂਸੀ ਦੇ ਸਕਦੀ ਹੈ।

ਈਰਾਨ ਮਨੁੱਖੀ ਅਧਿਕਾਰ ਸਮੂਹ ਨੇ ਚਿਤਾਵਨੀ ਦਿੱਤੀ ਸੀ ਕਿ ਸ਼ਾਹਬਾਜ਼ੀ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਸਮੂਹ ਨੇ ਕਿਹਾ ਕਿ ਰੂਸ ਖ਼ਿਲਾਫ਼ ਜੰਗ ’ਚ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਮਦਦ ਦੀ ਪੇਸ਼ਕਸ਼ ਲਈ ਭੇਜੇ ਗਏ ਸੰਦੇਸ਼ ਦੀ ਵਰਤੋਂ ਇਜ਼ਰਾਈਲ ਲਈ ਜਾਸੂਸੀ ਇਕ ਉਦਾਹਰਣ ਦੇ ਰੂਪ ’ਚ ਕੀਤੀ ਗਈ। ਹਾਲਾਂਕਿ ਈਰਾਨ ਨੇ ਦਾਅਵੇ ਨੂੰ ਸਵੀਕਾਰ ਨਹੀਂ ਕੀਤਾ। ਈਰਾਨ ਨੇ ਸਪੱਸ਼ਟ ਨਹੀਂ ਕੀਤਾ ਕਿ ਉਸਨੇ ਸ਼ਾਹਬਾਜ਼ੀ ਨੂੰ ਕਿਵੇਂ ਮੌਤ ਦੀ ਸਜ਼ਾ ਦਿੱਤੀ। ਹਾਲਾਂਕਿ, ਆਮ ਤੌਰ ’ਤੇ ਦੋਸ਼ੀ ਕੈਦੀਆਂ ਨੂੰ ਫਾਂਸੀ ਦਿੱਤੀ ਜਾਂਦੀ ਹੈ।