ਰੋਜ਼ੀ-ਰੋਟੀ ਸੰਕਟ ਕਾਰਨ ਦੇਸ਼ ਛੱਡ ਕੇ ਭੱਜ ਰਹੇ ਪਾਕਿਸਤਾਨੀ, ਤਿੰਨ ਸਾਲਾਂ ’ਚ 29 ਲੱਖ ਲੋਕਾਂ ਨੇ ਛੱਡਿਆ ਪਾਕਿ

ਨਵੀਂ ਦਿੱਲੀ : ਪਾਕਿਸਤਾਨ ਦੀ ਸਰਕਾਰ ਤੇ ਫ਼ੌਜੀ ਲੀਡਰਸ਼ਿਪ ਵੱਲੋਂ ਭਾਵੇਂ ਅਰਥਚਾਰੇ ’ਚ ਸੁਧਾਰ ਦੇ ਦਾਅਵੇ ਕੀਤੇ ਜਾ ਰਹੇ ਹੋਣ ਪਰ ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਦਾਅਵਿਆਂ ’ਤੇ ਭਰੋਸਾ ਨਹੀਂ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਤੋਂ ਦੂਜੇ ਦੇਸ਼ਾਂ ’ਚ ਹਿਜਰਤ ਤੇਜ਼ ਹੋ ਰਹੀ ਹੈ ਤੇ ਪਿਛਲੇ ਤਿੰਨ ਸਾਲਾਂ ਦੌਰਾਨ ਕਰੀਬ 29 ਲੱਖ ਨਾਗਰਿਕ ਦੂਜੇ ਦੇਸ਼ਾਂ ’ਚ ਗਏ ਹਨ। ਘੱਟ ਤਨਖਾਹ, ਸਹੂਲਤਾਂ ਦੀ ਕਿੱਲਤ ਤੇ ਨਿੱਜੀ ਖੇਤਰ ’ਚ ਸਿੱਖਿਆ ਦੀ ਉੱਚੀ ਲਾਗਤ ਕਾਰਨ ਲੋਕ ਪਾਕਿਸਤਾਨ ਤੋਂ ਬਾਹਰ ਆਪਣਾ ਭਵਿੱਖ ਲੱਭ ਰਹੇ ਹਨ। ਇਹੀ ਨਹੀਂ, ਇਸ ਦੇ ਲਈ ਨਾਗਰਿਕ ਮੋਟੀ ਰਕਮ ਚੁਕਾਉਣ ਤੋਂ ਵੀ ਪਰਹੇਜ਼ ਨਹੀਂ ਕਰ ਰਹੇ। ਪਾਕਿਸਤਾਨ ਤੋਂ ਦੂਜੇ ਦੇਸ਼ ਜਾਣ ਵਾਲੇ ਨਾਗਰਿਕਾਂ ਨੇ ਇਮੀਗ੍ਰੇਸ਼ਨ ਫੀਸ ਦੇ ਤੌਰ ’ਤੇ 2.66 ਅਰਬ ਰੁਪਏ ਚੁਕਾਏ ਹਨ।

ਦਿ ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ, ਹਿਜਰਤ ਸਿਰਫ਼ ਗ਼ੈਰ-ਹੁਨਰਮੰਦ ਕਾਮਿਆਂ ਤੱਕ ਸੀਮਤ ਨਹੀਂ ਹੈ। ਇਸ ਵਿਚ ਡਾਕਟਰ, ਇੰਜੀਨੀਅਰ, ਆਈਟੀ ਮਾਹਰ, ਅਧਿਆਪਕ, ਬੈਂਕਰ, ਅਕਾਊਂਟੈਂਟ, ਆਡੀਟਰ, ਡਿਜ਼ਾਈਨਰ, ਆਰਕੀਟੈਕਟ ਵਰਗੇ ਪ੍ਰੋਫੈਸ਼ਨਲ ਵੀ ਸ਼•ਾਮਲ ਹਨ। ਇਸ ਤੋਂ ਇਲਾਵਾ ਡਰਾਈਵਰ, ਪਲੰਬਰ, ਵੈਲਡਰ ਤੇ ਦੂਜੇ ਹੁਨਰਮੰਦ ਕਾਮੇ ਵੀ ਬਿਹਤਰ ਭਵਿੱਖ ਦੀ ਭਾਲ ’ਚ ਦੂਜੇ ਦੇਸ਼ਾਂ ’ਚ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਦੂਜੇ ਦੇਸ਼ਾਂ ’ਚ ਹਿਜਰਤ ਕਰਨ ਵਾਲਿਆਂ ’ਚ ਕਾਫ਼ੀ ਗਿਣਤੀ ਔਰਤਾਂ ਦੀ ਹੈ।

ਡੈਨਮਾਰਕ ਦੇ ਵਿਦੇਸ਼ ਮੰਤਰਾਲੇ ਤੇ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਆਈਓਐੱਮ) ਦੀ ਸਾਂਝੀ ਸਮੀਖਿਆ ’ਚ ਦੇਖਣ ਨੂੰ ਮਿਲਿਆ ਹੈ ਕਿ ਕਰੀਬ 40 ਫ਼ੀਸਦੀ ਪਾਕਿਸਤਾਨੀ ਦੇਸ਼ ਛੱਡਣਾ ਚਾਹੁੰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਮਹਿੰਗਾਈ, ਬੇਰੁਜ਼ਗਾਰੀ ਤੇ ਸਿਆਸੀ ਹਾਲਾਤ ’ਚ ਗੜਬੜੀ ਕਾਰਨ ਲੋਕਾਂ ’ਚ ਨਿਰਾਸ਼ਾ ਵੱਧ ਰਹੀ ਹੈ।

ਵਧਦੀ ਨਾਜ਼ਾਇਜ਼ ਇਮੀਗ੍ਰੇਸ਼ਨ ਨੇ ਹਾਲਾਤ ਹੋਰ ਗੁੰਝਲਦਾਰ ਬਣਾ ਦਿੱਤੇ ਹਨ। 2022 ਦੇ ਪਹਿਲੇ 10 ਮਹੀਨਿਆਂ ਦੌਰਾਨ ਯੂਰਪ ’ਚ ਨਾਜਾਇਜ਼ ਤਰੀਕੇ ਨਾਲ ਦਾਖ਼ਲੇ ਦੇ ਮਾਮਲਿਆਂ ’ਚ 280 ਫ਼ੀਸਦੀ ਵਾਧਾ ਹੋਇਆ। ਬਹੁਤ ਸਾਰੇ ਲੋਕ ਬਿਹਤਰ ਮੌਕਿਆਂ ਲਈ ਆਪਣੀ ਜਾਨ ਜੋਖ਼ਮ ’ਚ ਪਾ ਕੇ ਦੁਬਈ, ਮਿਸਰ ਤੇ ਲੀਬੀਆ ਹੁੰਦੇ ਹੋਏ ਯੂਰਪ ’ਚ ਵੜੇ। ਇਸ ਲਈ ਲੋਕ ਹਰ ਤਰ੍ਹਾਂ ਦੇ ਤਰੀਕੇ ਅਪਣਾ ਰਹੇ ਹਨ।