ਖੇਡਾਂ ਤੇ ਪ੍ਰੈਕਟੀਕਲ ਇਮਤਿਹਾਨਾਂ ਦੀਆਂ ਤਰੀਕਾਂ ’ਚ ਟਕਰਾਅ, PSEB ਦੀ ਕਾਰਗੁਜ਼ਾਰੀ ਕਾਰਨ ਵਿਦਿਆਰਥੀ ਤੇ ਅਧਿਆਪਕ ਪਰੇਸ਼ਾਨ

ਐੱਸਏਐੱਸ ਨਗਰ – ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸ੍ਰੀ ਮੁਕਤਸਰ ਸਾਹਿਬ ’ਚ ਕਰਵਾਏ ਜਾ ਰਹੇ ਸਕੂਲ ਖੇਡ ਮੁਕਾਬਲਿਆਂ ਤੇ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ’ਚ ਹੋਣ ਵਾਲੀਆਂ ਟਰਮ ਪ੍ਰੀਖਿਆਵਾਂ ਦੀਆਂ ਮਿਤੀਆਂ ਆਪਸ ’ਚ ਟਕਰਾ ਗਈਆਂ ਹਨ, ਜਿਸ ਕਾਰਨ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ।

ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਡੇਟਸ਼ੀਟ ਅਨੁਸਾਰ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੀਆਂ ਟਰਮ ਪ੍ਰੀਖਿਆਵਾਂ 18 ਸਤੰਬਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਮਿਤੀਆਂ ਤੱਕ ਚੱਲਣਗੀਆਂ। ਦੂਜੇ ਪਾਸੇ ਸ੍ਰੀ ਮੁਕਤਸਰ ਸਾਹਿਬ ’ਚ 69ਵੀਆਂ ਅਥਲੈਟਿਕਸ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤੀਜੇ ਹਫ਼ਤੇ ਤੋਂ ਸ਼ੁਰੂ ਹੋ ਰਹੀਆਂ ਹਨ। ਜ਼ੋਨ ਪੱਧਰ ਦੇ ਅਥਲੈਟਿਕਸ ਮੁਕਾਬਲੇ 18 ਸਤੰਬਰ ਤੋਂ 24 ਸਤੰਬਰ ਤਕ ਹੋਣੇ ਹਨ, ਜਦਕਿ ਜ਼ਿਲ੍ਹਾ ਪੱਧਰ ਦੇ ਮੁਕਾਬਲੇ 29 ਸਤੰਬਰ ਤੋਂ 4 ਅਕਤੂਬਰ ਤੱਕ ਕਰਵਾਏ ਜਾਣਗੇ।

ਵਿਦਿਆਰਥੀਆਂ ਨੂੰ ਖੇਡਾਂ ਜਾਂ ਪ੍ਰੀਖਿਆਵਾਂ ’ਚੋਂ ਇਕ ਨੂੰ ਚੁਣਨ ਲਈ ਹੋਣਾ ਪਵੇਗਾ ਮਜ਼ਬੂਰ : ਖੇਡ ਤੇ ਪ੍ਰੀਖਿਆ ਦੀਆਂ ਮਿਤੀਆਂ ਦੇ ਟਕਰਾਅ ਕਾਰਨ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਜਾਂ ਖੇਡਾਂ ਵਿਚੋਂ ਕਿਸੇ ਇਕ ਨੂੰ ਚੁਣਨਾ ਪੈ ਸਕਦਾ ਹੈ, ਜੋਕਿ ਉਨ੍ਹਾਂ ਦੇ ਅਕਾਦਮਿਕ ਤੇ ਖੇਡ ਕਰੀਅਰ ਦੋਵਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਉਦਾਹਰਣ ਵਜੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ 18 ਸਤੰਬਰ ਨੂੰ ਵਿਗਿਆਨ ਦਾ ਪੇਪਰ ਹੈ, ਜਦਕਿ ਉਸੇ ਦਿਨ ਅੰਡਰ-14, 19 ਲੜਕਿਆਂ ਦੇ ਜ਼ੋਨ ਪੱਧਰ ਦੇ ਅਥਲੈਟਿਕਸ ਮੁਕਾਬਲੇ ਵੀ ਹਨ। ਇਸੇ ਤਰ੍ਹਾਂ 24 ਸਤੰਬਰ ਨੂੰ ਛੇਵੀਂ ਤੋਂ ਅੱਠਵੀਂ ਜਮਾਤ ਦਾ ਕੰਪਿਊਟਰ ਸਾਇੰਸ ਦਾ ਪੇਪਰ ਹੈ, ਜਦਕਿ ਉਸੇ ਦਿਨ ਅੰਡਰ-14, 19 ਲੜਕੀਆਂ ਦੇ ਜ਼ੋਨ ਪੱਧਰੀ ਮੁਕਾਬਲੇ ਹਨ। ਇਸ ਤੋਂ ਇਲਾਵਾ 29 ਸਤੰਬਰ ਤੋਂ 4 ਅਕਤੂਬਰ ਤੱਕ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲੇ ਹੋਣੇ ਹਨ, ਜੋਕਿ ਕਈ ਜਮਾਤਾਂ ਦੀਆਂ ਟਰਮ ਪ੍ਰੀਖਿਆਵਾਂ ਦੀਆਂ ਮਿਤੀਆਂ ਨਾਲ ਸਿੱਧੇ ਤੌਰ ‘ਤੇ ਟਕਰਾ ਰਹੇ ਹਨ। ਇਸ ਸਥਿਤੀ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ’ਚ ਚਿੰਤਾ ਪੈਦਾ ਕਰ ਦਿੱਤੀ ਹੈ, ਜਿਸ ਨਾਲ ਪ੍ਰਸ਼ਾਸਨ ਲਈ ਇਸ ਮੁੱਦੇ ਨੂੰ ਹੱਲ ਕਰਨਾ ਇਕ ਚੁਣੌਤੀ ਬਣ ਗਿਆ ਹੈ। ਸਿੱਖਿਆ ਵਿਭਾਗ ਨੂੰ ਇਸ ਮਾਮਲੇ ’ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਵਿਦਿਆਰਥੀਆਂ ਦੇ ਅਕਾਦਮਿਕ ਭਵਿੱਖ ਤੇ ਉਨ੍ਹਾਂ ਦੀਆਂ ਖੇਡਾਂ ਦੀਆਂ ਗਤੀਵਿਧੀਆਂ ਨੂੰ ਨੁਕਸਾਨ ਨਾ ਪਹੁੰਚੇ।