ਨਵੀਂ ਦਿੱਲੀ – ਚੋਣ ਕਮਿਸ਼ਨ ’ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਲਗਾਏ ਗਏ ਦੋਸ਼ਾਂ ’ਤੇ ਭਾਜਪਾ ਨੇ ਮੁੜ ਵਿਅੰਗ ਕੀਤਾ ਹੈ। ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਹਾਈਡ੍ਰੋਜਨ ਬੰਬ ਦੇ ਧਮਾਕੇ ਦਾ ਦਾਅਵਾ ਕਰ ਰਹੇ ਸਨ, ਪਰ ਉਨ੍ਹਾਂ ਨੂੰ ਤਾਂ ਫੁੱਲਝੜੀ ਨਾਲ ਕੰਮ ਚਲਾਉਣਾ ਪਿਆ। ਇਹੀ ਨਹੀਂ, ਠਾਕੁਰ ਨੇ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ’ਤੇ ਭਾਰਤੀ ਲੋਕਤੰਤਰ ਤੇ ਸੰਵਿਧਾਨਕ ਅਦਾਰਿਆਂ ਖ਼ਿਲਾਫ਼ ਸਾਜ਼ਿਸ਼ ਰਚਣ ਦਾ ਗੰਭੀਰ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾ ਵਾਰ-ਵਾਰ ਝੂਠ ਬੋਲ ਕੇ ਜਨਤਾ ਨੂੰ ਗੁੰਮਰਾਹ ਕਰ ਕੇ ਭਾਰਤ ’ਚ ਨੇਪਾਲ ਤੇ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਕਰਨਾ ਚਾਹੁੰਦੇ ਹਨ।
ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ’ਚ ਕਾਂਗਰਸ ਲਗਾਤਾਰ 90 ਚੋਣਾਂ ਹਾਰ ਚੁੱਕੀ ਹੈ, ਇਸ ਲਈ ਉਨ੍ਹਾਂ ਦੀ ਨਿਰਾਸ਼ਾ ਦਿਨੋ-ਦਿਨ ਵਧਦੀ ਜਾ ਰਹੀ ਹੈ। ਦੋਸ਼ਾਂ ਦੀ ਸਿਆਸਤ ਨੂੰ ਉਨ੍ਹਾਂ ਨੇ ਆਪਣਾ ਗਹਿਣਾ ਬਣਾ ਲਿਆ ਹੈ। ਉਨ੍ਹਾਂ ਨੇ ਵਿਅੰਗ ਕਰਦਿਆਂ ਕਿਹਾ ਕਿ ਜਦੋਂ ਰਾਹੁਲ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਪ੍ਰਮਾਣਿਤ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਪਿੱਠ ਦਿਖਾ ਕੇ ਭੱਜ ਜਾਂਦੇ ਹਨ। ਹਲਫ਼ਨਾਮਾ ਦੇਣ ਲਈ ਕਿਹਾ ਜਾਂਦਾ ਹੈ ਤਾਂ ਉਹ ਮੁੱਕਰ ਜਾਂਦੇ ਹਨ। ਵਾਰ-ਵਾਰ ਦੋਸ਼ ਲਗਾਉਣ ਤੋਂ ਬਾਅਦ ਮਾਫ਼ੀ ਮੰਗਣਾ ਤੇ ਕੋਰਟ ਤੋਂ ਝਾੜ ਖਾਣਾ ਰਾਹੁਲ ਦਾ ਕੰਮ ਹੋ ਗਿਆ ਹੈ। ਉਨ੍ਹਾਂ ਨੇ ਚਿੱਕੜ ਉਛਾਲੋ ਤੋਂ ਭੱਜ ਜਾਓ, ਹਿੱਟ ਐਂਡ ਰਨ ਦੇ ਕਈ ਕੇਸ ਹਨ।
ਠਾਕੁਰ ਨੇ ਸਵਾਲ ਉਠਾਇਆ ਕਿ ਜਿਸ ਆਲੰਦ ਵਿਧਾਨ ਸਭਾ ਸੀਟ ਦਾ ਜ਼ਿਕਰ ਰਾਹੁਲ ਨੇ ਕੀਤਾ ਹੈ, ਉਹ 2023 ’ਚ ਕਾਂਗਰਸ ਦੇ ਉਮੀਦਵਾਰ ਨੇ ਹੀ ਜਿੱਤੀ ਸੀ। ਇਸ ਤੋਂ ਇਲਾਵਾ ਰਾਹੁਲ ਦੇ ਹੀ ਬਿਆਨ ਨੂੰ ਕੋਟ ਕਰਦੇ ਹੋਏ ਠਾਕੁਰ ਨੇ ਕਿਹਾ ਕਿ ਰਾਹੁਲ ਨੇ ਆਪਣੇ ਉੱਪਰ ਹੀ ਹਾਈਡ੍ਰੋਜਨ ਬੰਬ ਸੁੱਟ ਲਿਆ। ਉਨ੍ਹਾਂ ਕਹਿ ਦਿੱਤਾ ਕਿ ਉਹ ਲੋਕਤੰਤਰ ਬਚਾਉਣ ਨਹੀਂ ਆਏ। ਠਾਕੁਰ ਨੇ ਪੁੱਛਿਆ ਕਿ ਕੀ ਇਹ ਲੋਕਤੰਤਰ ਨੂੰ ਬਰਬਾਦ ਕਰਨ ਦੀ ਤਿਆਰ ਹੈ? ਕੀ ਚਾਹੁੰਦੀ ਹੈ ਕਾਂਗਰਸ? ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਸਵਾਲ ਚੁੱਕਣ ਵਾਲੀ ਕਾਂਗਰਸ ’ਤੇ ਹਮਲਾ ਕੀਤਾ ਕਿ ਰਮਾਦੇਵੀ, ਐੱਮਐੱਸ ਗਿੱਲ, ਟੀਐੱਨ ਸ਼ੈਸ਼ਨ ਆਦਿ ਨੂੰ ਚੋਣ ਕਮਿਸ਼ਨ ਕਿਸ ਪਾਰਟੀ ਨੇ ਨਿਯੁਕਤ ਕੀਤਾ ਤੇ ਇਹ ਸਭ ਕਿਸ ਪਾਰਟੀ ’ਚ ਵਾਪਸ ਗਏ? ਇਹ ਸਾਰੇ ਕਾਂਗਰਸ ’ਚ ਗਏ। ਉਨ੍ਹਾਂ ਨੇ ਕਦੀ ਚੋਣ ਕਮਿਸ਼ਨ ਦੀ ਦੁਰਵਰਤੋਂ ਕੀਤੀ ਹੋਵੇਗੀ, ਇਸੇ ਲਈ ਬਾਅਦ ’ਚ ਉਨ੍ਹਾਂ ਨੂੰ ਵੱਡੇ-ਵੱਡੇ ਅਹੁਦੇ ਵੀ ਦਿੱਤੇ ਗਏ।
ਸਾਬਕਾ ਕੇਂਦਰੀ ਮੰਤਰੀ ਠਾਕੁਰ ਨੇ ਕਿਹਾ ਕਿ ਜਦੋਂ-ਜਦੋਂ ਰਾਹੁਲ ਗਾਂਧੀ ਨੇ ਦੋਸ਼ ਲਗਾਏ ਤੇ ਕੋਰਟ ਗਏ ਤਾਂ ਹਰ ਵਾਰ ਮੂੰਹ ਦੀ ਖਾਣੀ ਪਈ। ਕੀ ਇਸੇ ਡਰੋਂ ਰਾਹੁਲ ਹੁਣ ਹਲਫ਼ਨਾਮਾ ਨਹੀਂ ਦੇ ਰਹੇ? ਜੇਕਰ ਏਨਾ ਹੀ ਦੰਮ ਰਾਹੁਲ ਦੀਆਂ ਦਲੀਲਾਂ ’ਚ ਹੈ ਤਾਂ ਕੋਰਟ ਕਿਉੰ ਨਹੀਂ ਜਾਂਦੇ? ਕੋਈ ਸਬੂਤ ਕਿਉਂ ਨਹੀਂ ਦਿੰਦੇ? ਉਨ੍ਹਾਂ ਨੇ ਦਾਅਵਾ ਕੀਤਾ ਕਿ ਐੱਸਆਈਆਰ ਦਾ ਮੁੱਦਾ ਚੁੱਕ ਰਹੇ ਰਾਹੁਲ ਬਿਹਾਰ ਚੋਣਾਂ ਤੋਂ ਬਾਅਦ ਮੁੜ ਮਾਫੀ ਮੰਗਣਗੇ।