ਅਧਿਆਪਕ ਦੇ ਝਿੜਕਣ ’ਤੇ 11ਵੀਂ ਜਮਾਤ ਦੇ ਵਿਦਿਆਰਥੀ ਨੇ ਚੁੱਕਿਆ ਖੌਫ਼ਨਾਕ ਕਦਮ

ਮੋਗਾ –ਮੋਗਾ ਦੇ ਧਰਮਕੋਟ ਵਿਧਾਨ ਸਭਾ ਹਲਕੇ ਦੇ ਪਿੰਡ ਠੂਠਗੜ੍ਹ ਦੇ ਰਹਿਣ ਵਾਲੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਸਕੂਲ ਵਿਚ ਇਤਰਾਜ਼ਯੋਗ ਵਿਵਹਾਰ ਲਈ ਉਸ ਦੇ ਅਧਿਆਪਕ ਨੇ ਝਿੜਕ ਦਿੱਤਾ। ਸਕੂਲ ਦੀ ਬਣੀ ਪ੍ਰਬੰਧਕ ਕਮੇਟੀ ਨੇ ਵਿਦਿਆਰਥੀ ਨੂੰ ਘਰ ਭੇਜ ਦਿੱਤਾ ਤੇ ਆਪਣੇ ਮਾਪਿਆਂ ਨੂੰ ਬੁਲਾਉਣ ਦੀ ਹਦਾਇਤ ਕੀਤੀ ਪਰ ਵਿਦਿਆਰਥੀ ਨੇ ਆਪਣੇ ਮਾਪਿਆਂ ਨੂੰ ਇਸ ਘਟਨਾ ਬਾਰੇ ਦੱਸਣ ਦੀ ਬਜਾਏ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਇਲਾਜ ਲਈ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਇਸ ਮਾਮਲੇ ਸਬੰਧੀ ਕਮਲਕੇ ਚੌਕੀ ਦੇ ਇੰਚਾਰਜ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਠੂਠਗੜ੍ਹ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਦਾ ਪੁੱਤਰ ਜਸ਼ਨਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲਕੇ ’ਚ 11ਵੀਂ ਜਮਾਤ ਦਾ ਵਿਦਿਆਰਥੀ ਸੀ। 23 ਅਗਸਤ ਨੂੰ ਉਸਨੂੰ ਕਲਾਸਰੂਮ ਦੇ ਅੰਦਰ ਇਤਰਾਜ਼ਯੋਗ ਹਾਲਤ ਵਿਚ ਦੇਖਿਆ ਗਿਆ।

ਅਧਿਆਪਕ ਨੇ ਇਸ ਸਾਰੀ ਘਟਨਾ ਦੀ ਜਾਣਕਾਰੀ ਪ੍ਰਿੰਸੀਪਲ ਨੂੰ ਦਿੱਤੀ। ਪ੍ਰਿੰਸੀਪਲ ਨੇ ਸਕੂਲ ਦੀ ਬਣੀ ਅਨੁਸ਼ਾਸਨੀ ਕਮੇਟੀ ਬੁਲਾਈ ਤੇ ਰਸਮੀ ਤੌਰ ’ਤੇ ਵਿਦਿਆਰਥੀ ਦਾ ਨਾਂ ਕੱਟ ਕੇ ਉਸ ਨੂੰ ਘਰ ਭੇਜ ਦਿੱਤਾ ਤੇ ਉਸ ਦੇ ਮਾਪਿਆਂ ਨੂੰ ਹਾਜ਼ਰ ਹੋਣ ਲਈ ਕਿਹਾ, ਪਰ ਵਿਦਿਆਰਥੀ ਨੇ ਘਰ ਵਿਚ ਇਹ ਸਾਰੀ ਘਟਨਾ ਦੱਸਣ ਤੋਂ ਇਨਕਾਰ ਕਰਦੇ ਹੋਏ ਇਕ ਜ਼ਹਿਰੀਲੀ ਦਵਾਈ ਪੀ ਲਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਦੇ ਪਿਤਾ ਕੁਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਨ੍ਹਾਂ ਨੇ ਪ੍ਰਿੰਸੀਪਲ ਸੁਰਿੰਦਰ ਪਾਲ, ਅਧਿਆਪਕ ਗੁਰਦੀਪ ਸਿੰਘ, ਨਿਮਾਨ ਕੋਡਾ, ਕਾਲੂਰਾਮ, ਅਧਿਆਪਕਾਂ ਰਾਜਿੰਦਰ ਕੌਰ ਅਤੇ ਜੋਤੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਵਿਦਿਆਰਥੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਗਾ ਸਿਵਲ ਹਸਪਤਾਲ ਰੱਖਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।