ਸਰਹਾਲੀ ਕਲਾਂ- ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਤੇ ਸੰਤ ਬਾਬਾ ਹਾਕਮ ਸਿੰਘ ਹੜ੍ਹਾਂ ਦੌਰਾਨ ਮਹਾਨ ਸੇਵਾ ਕਾਰਜ ਕਰ ਰਹੇ ਹਨ। ਉਨ੍ਹਾਂ ਵਿਚੋਂ ਇਕ ਸੇਵਾ ਕਾਰਜ ਸਤਲੁਜ ਦੇ ਖੁਰਦੇ ਜਾ ਰਹੇ ਬੰਨ੍ਹ ਨੂੰ ਬਚਾਉਣ ਲਈ ਪਿੰਡ ਕਾਲੀ ਰਾਉਣ ’ਚ 24 ਘੰਟੇ ਚੱਲ ਰਿਹਾ ਹੈ। ਅੱਜ ਸੰਤ ਬਾਬਾ ਸੁੱਖਾ ਸਿੰਘ ਨਾਲ ਵਿਦੇਸ਼ਾਂ ਤੋਂ ਆਏ ਸ਼ਰਧਾਲੂਆਂ ਨੇ ਇਸ ਸੇਵਾ ’ਚ ਹਿੱਸਾ ਲਿਆ।
ਵਿਦੇਸ਼ੀ ਸੰਗਤ ’ਚ ਮਲੇਸ਼ੀਆ, ਇਟਲੀ, ਕਜਾਕਸਥਾਨ, ਰੂਸ, ਇੰਡੋਨੇਸ਼ੀਆ ਤੇ ਹੋਰ ਕਈ ਯੂਰਪੀਅਨ ਦੇਸ਼ਾਂ ਤੋਂ ਸ਼ਰਧਾਲੂ ਸ਼ਾਮਲ ਸਨ। ਇਹ ਸਾਰਾ ਜੱਥਾ ਅਨਿਲਜੀਤ ਸਿੰਘ ਮਲੇਸ਼ੀਆ ਦੀ ਅਗਵਾਈ ’ਚ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਹੈੱਡ ਕੁਆਰਟਰ ਡੇਰਾ ਤਪੋਬਨ ਸਾਹਿਬ ਨਵਾਂ ਪੜਾਅ ਪਹੁੰਚਿਆ। ਇਸ ਜਥੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸੰਪਰਦਾਇ ਵੱਲੋਂ ਚੱਲ ਰਹੀਆਂ ਸੇਵਾਵਾਂ ’ਚ ਹਿੱਸਾ ਲੈਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਸੰਤ ਬਾਬਾ ਸੁੱਖਾ ਸਿੰਘ ਪਿੰਡ ਵਾੜਾ ਕਾਲੀ ਰਾਉਣ ਵਿਖੇ ਚੱਲ ਰਹੀ ਸੇਵਾ ’ਚ ਇਸ ਜੱਥੇ ਨੂੰ ਨਾਲ ਲੈ ਕੇ ਸੰਗਤ ਸਮੇਤ ਸੇਵਾ ਵਿਚ ਪਹੁੰਚੇ। ਉਨ੍ਹਾਂ ਨਾਲ ਪਿੰਡ ਖਾਰਾ, ਮਨਿਹਾਲਾ ਜੈ ਸਿੰਘ, ਮੁਗਲ ਚੱਕ, ਬੰਗਾਲੀਪੁਰ, ਛੱਜਲਵੱਡੀ, ਚਿਰਾਗ਼ ਸ਼ਾਹ ਵਾਲਾ, ਖੋਜਕੀਪੁਰ, ਜਲਾਲਾਬਾਦ ਤੇ ਹੋਰ ਕਈ ਨਗਰਾਂ ਦੀ ਸੰਗਤ ਸੇਵਾ ਲਈ ਪਹੁੰਚੀ।
ਇਸ ਦੌਰਾਨ ਗੁਰੂ ਕੇ ਲੰਗਰ ਸਮੇਤ ਚਾਹ ਪਕੌੜੇ ਸਾਰਾ ਦਿਨ ਖੁੱਲ੍ਹੇ ਵਰਤਦੇ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅਨਿਲਜੀਤ ਸਿੰਘ ਮਲੇਸ਼ੀਆ ਨੇ ਆਖਿਆ ਕਿ ਪੰਜਾਬ ’ਚ ਹੜਾਂ ਨੇ ਬਹੁਤ ਤਬਾਹੀ ਮਚਾਈ ਹੈ। ਇਸ ਲਈ ਬਹੁਤ ਥਾਵਾਂ ’ਤੇ ਸੇਵਾਵਾਂ ਦੀ ਲੋੜ ਹੈ। ਸੰਤ ਬਾਬਾ ਸੁੱਖਾ ਸਿੰਘ ਹੋਰਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕਈ ਥਾਵਾਂ ’ਤੇ ਸੇਵਾ ਚੱਲ ਰਹੀ ਹੈ। ਅੱਜ ਅਸੀਂ ਇੱਥੇ ਸੇਵਾ ’ਚ ਪਹੁੰਚ ਕੇ ਖ਼ੁਦ ਨੂੰ ਵਡਭਾਗੀ ਸਮਝ ਰਹੇ ਹਾਂ।