ਫਿਰੋਜ਼ਪੁਰ – ਹੜ੍ਹ ਪੀੜ੍ਹਤਾਂ ਦੇ ਪੁਨਰਵਾਸ ਲਈ ਸਮਾਜ ਸੇਵੀ ਸੰਸਥਾਵਾਂ ਵੱਧ ਚੜ੍ਹ ਕੇ ਅੱਗੇ ਆ ਰਹੀਆਂ ਹਨ ਓਥੇ ਕਲਾਕਾਰਾਂ, ਅਦਾਕਾਰਾਂ, ਐੱਨਆਰਆਈਜ਼ ਵੱਲੋਂ ਸਾਂਝੇ ਤੌਰ ’ਤੇ ਬਣਾਈ ਸੰਸਥਾ ਹੰਭਲਾ ਫਾਊਂਡੇਸ਼ਨ ਪੰਜਾਬ ਵੀ ‘‘ਮੁੜ੍ਹ ਵਸੇਬਾ ਕੈਂਪ’’ ਲਗਾ ਕੇ ਯਤਨ ਕਰ ਰਹੀ ਹੈ।
ਅੱਜ ਕੈਨੇਡਾ ਤੋਂ ਪ੍ਰਸਿੱਧ ਅਦਾਕਾਰ, ਕੈਮੇਡੀਅਨ ਅਤੇ ਲੇਖਕ ਰਾਣਾ ਰਣਬੀਰ ਨੇ ਵੀ ਪੰਜਾਬੀਆਂ ਨੂੰ ਇਸ ਔਖੇ ਸਮੇਂ ਵਿੱਚ ਹੜ੍ਹ ਪੀੜ੍ਹਤਾਂ ਦੀ ਬਾਂਹ ਫੜਨ ਦੀ ਅਪੀਲ ਕੀਤੀ ਹੈ। ਵੀਡੀਓ ਜਾਰੀ ਕਰਦਿਆਂ ਰਾਣਾ ਰਣਬੀਰ ਨੇ ਕਿਹਾ ਕਿ ਬੇਸ਼ੱਕ ਇਹ ਸਮਾਂ ਔਖਾ ਹੈ, ਕੁਦਰਤ ਦੀ ਮਾਰ ਪਈ ਹੈ, ਪਰ ਸਾਡਾ ਪੰਜਾਬ ਜਲਦ ਆਪਣੇ ਪੈਰਾਂ ’ਤੇ ਖੜ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਹਰ ਸੁਹਿਰਦ ਬਾਸ਼ਿੰਦਾ, ਸੰਸਥਾਵਾਂ ਲਗਾਤਾਰ ਸੇਵਾ ਵਿਚ ਲੱਗੀਆਂ ਹੋਈਆਂ ਹਨ।
ਰਾਣਾ ਰਣਬੀਰ ਨੇ ਕਿਹਾ ਕਿ ਸਾਡੀ ਸੰਸਥਾ ਹੰਭਲਾ ਫਾਊਂਡੇਸ਼ਨ ਪੰਜਾਬ ਵੀ ਸੇਵਾ ਵਿਚ ਜੁਟੀ ਹੋਈ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਆਓ ਹੰਭਲਾ ਫਾਊਂਡੇਸ਼ਨ ਪੰਜਾਬ ਨਾਲ ਜੁੜ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕੰਮ ਕਰੀਏ ਅਤੇ ਆਪਣੇ ਲੋਕਾਂ ਦੀ ਜ਼ਿੰਦਗੀ ਮੁੜ ਲੀਹਾਂ ’ਤੇ ਲੈਕੇ ਆਈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਵੀ ਆਪਣੇ ਵੱਲੋਂ ਸਰਦੀ ਪੁੱਜਦੀ ਮੱਦਦ ਜ਼ਰੂਰ ਕਰਨਗੇ। ਇਸ ਦੌਰਾਨ ਰਾਣਾ ਰਣਬੀਰ ਵੱਲੋਂ ਇਕ ਮਜ਼ਦੂਰ ਦੇ ਡਿੱਗੇ ਘਰ ਨੂੰ ਉਸਾਰਨ ਵਿਚ ਪੂਰੀ ਮੱਦਦ ਕਰਨ ਦਾ ਵੀ ਐਲਾਨ ਕੀਤਾ। ਚੇਤੇ ਰਹੇ ਕਿ ਹੁਸੈਨੀਵਾਲਾ ਨਜ਼ਦੀਕ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਹੰਭਲਾ ਫਾਊਂਡੇਸ਼ਨ ਵੱਲੋਂ ਮੁੜ ਵਸੇਬਾ ਕੈਂਪ ਲਗਾ ਕੇ ਇਲਾਕੇ ਦਾ ਸਰਵੇ ਕੀਤਾ ਜਾ ਰਿਹਾ ਹੈ ਤਾਂ ਜੋ ਦਾਨੀ ਲੋਕਾਂ ਵੱਲੋਂ ਭੇਜੀ ਜਾਂਦੀ ਸਮੱਗਰੀ, ਰੁਪਏ ਆਦਿ ਸਹੀ ਜਗ੍ਹਾ ’ਤੇ ਲੱਗ ਸਕਣ।