ਸਰਕਾਰ ਨੇ ਗੁਟਖਾ, ਪਾਨ ਮਸਾਲਾ ਤੇ ਤੰਬਾਕੂ ’ਤੇ ਵਧਾਈ ਪਾਬੰਦੀ, ਖ਼ੁਰਾਕ ਸੁਰੱਖਿਆ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ – ਹਰਿਆਣਾ ਵਿਚ ਗੁਟਖਾ, ਪਾਨ ਮਸਾਲਾ, ਖ਼ੁਸ਼ਬੂਦਾਰ ਤੰਬਾਕੂ ਆਦਿ ਬਣਾਉਣ, ਵੇਚਣ, ਜਮ੍ਹਾਂਖੋਰੀ ਕਰਨ ਤੇ ਸੇਵਨ ਕਰਨ ’ਤੇ ਪਾਬੰਦੀ ਵਿਚ ਵਾਧਾ ਕੀਤਾ ਹੈ। ਖ਼ੁਰਾਕ ਤੇ ਔਸ਼ਧੀ ਪ੍ਰਸ਼ਾਸਨ ਵਿਭਾਗ ਨੇ ਤੰਬਾਕੂ ਉਤਪਾਦਾਂ ਦੇ ਸੇਵਨ ’ਤੇ ਰੋਕ ਇਕ ਸਾਲ ਲਈ ਵਧਾਈ ਹੈ। ਖ਼ੁਰਾਕ ਸੁਰੱਖਿਆ ਕਮਿਸ਼ਨਰ ਡਾ. ਮਨੋਜ ਕੁਮਾਰ ਨੇ ਇਸ ਸਬੰਧ ਵਿਚ ਹੁਕਮ ਜਾਰੀ ਕਰ ਦਿੱਤੇ ਹਨ। ਖ਼ੁਰਾਕ ਸੁਰੱਖਿਆ ਤੇ ਮਾਪਦੰਡ ਕਾਨੂੰਨ-2006 ਤਹਿਤ ਇਹ ਪਾਬੰਦੀ ਤੁਰੰਤ ਲਾਗੂ ਕਰ ਦਿੱਤੀ ਗਈ ਹੈ। ਹੁਕਮ ਮੁਤਾਬਕ ਸੂਬੇ ਵਿਚ ਗੁਟਖਾ ਤੇ ਪਾਨ ਮਸਾਲਾ ਜਿਹੇ ਤੰਬਾਕੂ ਉਤਪਾਦ ਕਿਸੇ ਵੀ ਨਾਮ, ਪੈਕੇਟ ਜਾਂ ਖੁੱਲ੍ਹੇ ਰੂਪ ਵਿਚ ਵੇਚੇ ਨਹੀਂ ਜਾ ਸਕਣਗੇ। ਸਾਰੇ ਫੂਡ ਇੰਸਪੈਕਟਰ, ਐੱਸਪੀ ਤੇ ਸਿਵਲ ਸਰਜਨ ਸਮੇਤ ਖ਼ੁਰਾਕ ਸੁਰੱਖਿਆ ਅਧਿਕਾਰੀਆਂ ਨੂੰ ਇਸ ਪਾਬੰਦੀ ਦੀ ਪਾਲਣਾ ਸਖ਼ਤੀ ਨਾਲ ਕਰਵਾਉਣ ਦੇ ਹੁਕਮ ਕੀਤੇ ਹਨ।

ਇਸ ਤੋਂ ਪਹਿਲਾਂ ਸੂਬੇ ਵਿਚ ਛੇ ਸਤੰਬਰ 2024 ਤੇ ਉਸ ਤੋਂ ਪਹਿਲਾਂ ਸੱਤ ਸਤੰਬਰ 2003 ਨੂੰ ਵੀ ਗੁਟਖਾ ਤੇ ਪਾਨ ਮਸਾਲਾ ’ਤੇ ਪਾਬੰਦੀ ਨੂੰ ਇਕ-ਇਕ ਸਾਲ ਲਈ ਵਧਾਇਆ ਗਿਆ ਸੀ। ਤੰਬਾਕੂ ਉਤਪਾਦਨ ਲੋਕਾਂ ਦੀ ਸਿਹਤ ਲਈ ਬੇਹਦ ਨੁਕਸਾਨਦੇਹ ਹਨ ਤੇ ਆਉਣ ਵਾਲੀਆਂ ਨਸਲਾਂ ’ਤੇ ਬੁਰਾ ਅਸਰ ਪਾ ਸਕਦੇ ਹਨ। ਇਨ੍ਹਾਂ ਉਤਪਾਦਾਂ ਵਿਚ ਤੰਬਾਕੂ, ਨਿਕੋਟਿਨ, ਭਾਰੀ ਧਾਤਾਂ, ਮਸਨੂਈ ਸਵਾਦ ਤੇ ਪਾਬੰਦੀਸ਼ੁਦਾ ਰਸਾਇਣ ਪਾਏ ਜਾਂਦੇ ਹਨ ਜੋ ਕਿ ਕੈਂਸਰ, ਦਿਲ ਦੇ ਰੋਗ ਤੇ ਹੋਰ ਗੰਭੀਰ ਬਿਮਾਰੀਆਂ ਦੀ ਵਜ੍ਹਾ ਬਣਦੇ ਹਨ।