ਮਾਧੋਪੁਰ ਹੈੱਡਵਰਕਸ ਦੇ ਫਲੱਡ ਗੇਟ ਟੁੱਟਣ ਮਾਮਲੇ ‘ਚ ਜਾਂਚ ਕਮੇਟੀ ਗਠਿਤ, ਹਾਈਡ੍ਰੋਚੈਨਲ ਮਾਹਰ ਏਕੇ ਬਜਾਜ ਕਰਨਗੇ ਪੰਜ ਮੈਂਬਰੀ ਕਮੇਟੀ ਦੀ ਪ੍ਰਧਾਨਗੀ

ਚੰਡੀਗੜ੍ਹ- ਪੰਜਾਬ ਸਰਕਾਰ ਨੇ 27 ਅਗਸਤ ਨੂੰ ਮਾਧੋਪੁਰ ਹੈੱਡਵਰਕਸ ਦੇ ਤਿੰਨ ਫਲੱਡ ਗੇਟ ਟੁੱਟ ਕੇ ਰੁੜ੍ਹਨ ਦੀ ਘਟਨਾ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਅਤੇ ਬੈਰਾਜ ’ਤੇ ਤਾਇਨਾਤ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਸੂਬਾਈ ਡੈਮ ਸੁਰੱਖਿਆ ਸੰਗਠਨ ਨੇ ਨਿਰਪੱਖ ਜਾਂਚ ਲਈ ਪੰਜ ਮੈਂਬਰੀ ਮਾਹਰ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਦੀ ਪ੍ਰਧਾਨਗੀ ਹਾਈਡ੍ਰੋਚੈਨਲ ਮਾਹਰ ਏਕੇ ਬਜਾਜ ਕਰਨਗੇ ਜਦਕਿ ਪ੍ਰਦੀਪ ਕੁਮਾਰ ਗੁਪਤਾ, ਸੰਜੀਵ ਸੂਰੀ, ਐੱਨਕੇ ਜੈਨ ਤੇ ਵਿਆਸ ਦੇਵ ਇਸ ਦੇ ਮੈਂਬਰ ਹੋਣਗੇ।

ਇਹ ਕਮੇਟੀ ਬੈਰਾਜ ਦੇ ਗੇਟ ਟੁੱਟਣ ਦੇ ਢਾਂਚਾਗਤ, ਮਕੈਨੀਕਲ, ਜਲਵਿਗਿਆਨਕ, ਭੂ-ਤਕਨੀਕੀ ਅਤੇ ਆਪ੍ਰੇਸ਼ਨ ਸੰਬੰਧੀ ਕਾਰਨਾਂ ਦੀ ਜਾਂਚ ਕਰੇਗੀ। ਇਹ ਗੇਟਾਂ ਦੀ ਸਥਿਤੀ ਤੇ ਕਾਰਜ ਸਮਰੱਥਾ, ਉਨ੍ਹਾਂ ਦੇ ਅੰਦਰੂਨੀ ਹਿੱਸਿਆਂ, ਅਪਲਿਫਟਮੈਂਟ ਸਿਸਟਮ ਅਤੇ ਨਾਗਰਿਕ ਢਾਂਚਿਆਂ ਦੀ ਸਥਿਰਤਾ ਦੀ ਵੀ ਜਾਂਚ ਕਰੇਗੀ। ਕਮੇਟੀ ਤੁਰੰਤ ਤੇ ਲੰਬੇ ਸਮੇਂ ਦੇ ਹੱਲ ਅਤੇ ਪੁਨਰਵਾਸ ਉਪਾਵਾਂ ਦਾ ਸੁਝਾਅ ਵੀ ਦੇਵੇਗੀ। ਜ਼ਿਕਰਯੋਗ ਹੈ ਕਿ ਬੈਰਾਜ ਦਾ ਰੱਖ-ਰਖਾਅ ਜਾਂਚ ਦੇ ਦਾਇਰੇ ਵਿਚ ਹੈ। ਮਾਹਰਾਂ ਤੇ ਸਿਆਸੀ ਪਾਰਟੀਆਂ ਦਾ ਦੋਸ਼ ਹੈ ਕਿ ਫਲੱਡ ਗੇਟ ਦਾ ਰੱਖ-ਰਖਾਅ ਨਹੀਂ ਕੀਤਾ ਗਿਆ। ਇਸ ਕਾਰਨ ਜਦੋਂ ਫਲੱਡ ਗੇਟ ਖੋਲ੍ਹਣ ਦੀ ਲੋੜ ਮਹਿਸੂਸ ਹੋਈ, ਉਸ ਦੌਰਾਨ ਤਿੰਨ ਗੇਟ ਟੁੱਟ ਕੇ ਰੁੜ੍ਹ ਗਏ।

ਉੱਧਰ, ਪੰਜਾਬ ਸਰਕਾਰ ਨੇ ਵਿਭਾਗ ਦੇ ਤਿੰਨ ਅਧਿਕਾਰੀਆਂ ਕਾਰਜਕਾਰੀ ਇੰਜੀਨੀਅਰ ਨਿਤਿਨ ਸੂਦ, ਸਬ-ਡਵੀਜ਼ਨਲ ਅਧਿਕਾਰੀ ਅਰੁਣ ਕੁਮਾਰ ਤੇ ਜੂਨੀਅਰ ਇੰਜੀਨੀਅਰ ਸਚਿਨ ਠਾਕੁਰ ਨੂੰ ਮੁਅੱਤਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 26-27 ਅਗਸਤ ਦੀ ਅੱਧੀ ਰਾਤ ਨੂੰ ਜਦੋਂ ਰਾਵੀ ਨਦੀ ਦੇ ਉੱਪਰਲੇ ਹਿੱਸੇ ਵਿਚ ਸਥਿਤ ਰਣਜੀਤ ਸਾਗਰ ਡੈਮ ਦੇ ਬੈਰਾਜ ਤੋਂ 2.35 ਲੱਖ ਕਿਊਸਿਕ ਤੋਂ ਵੱਧ ਪਾਣੀ ਛੱਡਿਆ ਗਿਆ ਤਾਂ ਉੱਥੇ ਤਾਇਨਾਤ ਅਧਿਕਾਰੀ 54 ਫਲੱਡ ਗੇਟਾਂ ਵਿਚੋਂ ਜ਼ਿਆਦਾਤਰ ਨੂੰ ਨਹੀਂ ਖੋਲ੍ਹ ਸਕੇ। ਸਰਕਾਰ ਨੇ ਦਾਅਵਾ ਕੀਤਾ ਸੀ ਕਿ ਪਾਣੀ ਨਾਲ ਗਾਰਾ ਅਤੇ ਮਲਬਾ ਆਉਣ ਕਾਰਨ ਗੇਟ ਜਾਮ ਹੋ ਗਏ ਸਨ। ਗੇਟ ਨਾ ਖੁੱਲ੍ਹਣ ਕਾਰਨ ਤਿੰਨ ਗੇਟ ਟੁੱਟ ਕੇ ਰੁੜ੍ਹ ਗਏ। ਇਸ ਕਾਰਨ ਪਠਾਨਕੋਟ ਤੇ ਗੁਰਦਾਸਪੁਰ ਦੇ ਹੇਠਲੇ ਇਲਾਕਿਆਂ ਵਿਚ ਹੜ੍ਹ ਨੇ ਹੋਰ ਭਿਆਨਕ ਰੂਪ ਲੈ ਲਿਆ ਸੀ। ਹੜ੍ਹ ਦੌਰਾਨ ਜਿਨ੍ਹਾਂ ਮਾਹਰਾਂ ਨੂੰ ਫਲੱਡ ਗੇਟ ਖੋਲ੍ਹਣ ਲਈ ਬੁਲਾਇਆ ਗਿਆ ਸੀ, ਉਨ੍ਹਾਂ ਵਿਚੋਂ ਇਕ ਦੀ ਪਾਣੀ ਵਿਚ ਰੁੜ੍ਹ ਜਾਣ ਕਾਰਨ ਮੌਤ ਹੋ ਗਈ ਸੀ ਜਦਕਿ 22 ਲੋਕਾਂ ਨੂੰ ਬਾਅਦ ਵਿਚ ਫ਼ੌਜ ਨੇ ਸੁਰੱਖਿਅਤ ਬਾਹਰ ਕੱਢ ਲਿਆ ਸੀ।