ਤਰਨਤਾਰਨ-: ਤਰਨਤਾਰਨ-ਪੱਟੀ ਮਾਰਗ ’ਤੇ ਪੈਂਦੇ ਇਤਿਹਾਸਿਕ ਪਿੰਡ ਕੈਰੋਂ ਦੇ ਕੋਲ ਸੋਮਵਾਰ ਸ਼ਾਮ ਨੂੰ ਇਕ ਸਕਾਰਪਿਓ ਗੱਡੀ ਉੱਪਰ ਤਾਬੜ ਤੋੜ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੌਰਾਨ ਇਕ ਨੌਜਵਾਨ ਦੀ ਜਿਥੇ ਮੌਕੇ ਉੱਪਰ ਹੀ ਮੌਤ ਹੋ ਗਈ। ਉਥੇ ਹੀ ਇਕ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸਦਾ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਫੋਰਸ ਸਮੇਤ ਹਸਪਤਾਲ ਵਿਚ ਪਹੁੰਚ ਗਏ। ਦੇਰ ਰਾਤ ਖਬਰ ਲਿਖੇ ਜਾਣ ਤੱਕ ਕੀ ਕਾਰਵਾਈ ਹੋਈ, ਇਸ ਦੀ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਨਹੀਂ ਕੀਤੀ। ਹਾਲਾਂਕਿ ਇਕ ਗੈਂਗਸਟਰ ਗਰੁੱਪ ਵੱਲੋਂ ਉਕਤ ਘਟਨਾ ਦੀ ਜਿੰਮੇਵਾਰੀ ਲੈਣ ਤੋਂ ਬਾਅਦ ਪੁਲਿਸ ਇਸ ਨੂੰ ਗੈਂਗਵਾਰ ਨਾਲ ਜੋੜ ਕੇ ਵੇਖ ਰਹੀ ਹੈ।
ਪ੍ਰਾਪਤ ਜਾਣਕਾਰੀ ਪੱਟੀ ਮਾਰਗ ’ਤੇ ਪੈਂਦੇ ਪਿੰਡ ਕੈਰੋਂ ਦੇ ਰੇਲਵੇ ਫਾਟਕ ਨੇੜੇ ਇਕ ਸਕਾਰਪਿਓ ਕਾਰ ਉੱਪਰ ਫਾਇਰਿੰਗ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਵੀ ਦੋ ਗੱਡੀਆਂ ਅਤੇ ਇਕ ਮੋਟਰਸਾਈਕਲ ’ਤੇ ਸਵਾਰ ਸਨ। ਇਸ ਗੋਲੀਬਾਰੀ ਦੌਰਾਨ ਇਕ ਨੌਜਵਾਨ ਸਮਰਬੀਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਕਰਮੂਵਾਲਾ ਅਤੇ ਸੌਰਵਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮਰਹਾਣਾ ਦੇ ਕਈ ਗੋਲੀਆਂ ਲੱਗੀਆਂ। ਹਾਲਾਂਕਿ ਸਕਾਰਪਿਓ ਵਿਚ ਸਵਾਰ ਕਰੀਬ ਦੋ ਲੋਕ ਵਾਲ ਵਾਲ ਬਚ ਗਏ। ਜਿਨ੍ਹਾਂ ਵਿੱਚੋੰ ਇਕ ਨੌਜਵਾਨ ਗੱਡੀ ਨੂੰ ਭਜਾ ਕੇ ਤਰਨਤਾਰਨ ਦੇ ਨਿੱਜੀ ਹਸਪਤਾਲ ਲੈ ਆਇਆ। ਜਿਥੇ ਸਮਰਬੀਰ ਸਿੰਘ ਦੀ ਮੌਤ ਹੋ ਗਈ ਅਤੇ ਸੌਰਵਦੀਪ ਸਿੰਘ ਜਿਸਦੇ ਚਾਰ ਦੇ ਕਰੀਬ ਗੋਲੀਆਂ ਲੱਗਣ ਦੀ ਗੱਲ ਕਹੀ ਜਾ ਰਹੀ ਹੈ, ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਹਮਲਾਵਰ ਘਟਨਾ ਨੂੰ ਅੰਜ਼ਾਮ ਦੇ ਕੇ ਪੱਟੀ ਵੱਲ ਨੂੰ ਫਰਾਰ ਹੋ ਗਿਆ।
ਘਟਨਾ ਦਾ ਪਤਾ ਚੱਲਦਿਆਂ ਹੀ ਡੀਐੱਸਪੀ ਪੱਟੀ ਲਵਕੇਸ਼, ਡੀਐੱਸਪੀ ਡੀ ਸੁਖਬੀਰ ਸਿੰਘ, ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਕਵਲਜੀਤ ਰਾਏ, ਥਾਣਾ ਸਦਰ ਪੱਟੀ ਦੇ ਮੁਖੀ ਸਬ ਇੰਸਪੈਕਟਰ ਵਿਪਨ ਕੁਮਾਰ, ਥਾਣਾ ਸਦਰ ਤਰਤਾਰਨ ਦੇ ਮੁਖੀ ਅਵਤਾਰ ਸਿੰਘ, ਥਾਣਾ ਸਿਟੀ ਤਰਨਤਾਰਨ ਦੇ ਮੁਖੀ ਗੁਰਚਰਨ ਸਿੰਘ, ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀ ਹਸਪਤਾਲ ਪਹੁੰਚ ਗਏ। ਡੀਐੱਸਪੀ ਪੱਟੀ ਲਵਕੇਸ਼ ਅਤੇ ਡੀਐੱਸਪੀ ਇਨਵੈਸਟੀਗੇਸ਼ਨ ਸੁਖਬੀਰ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਬਿਆਨ ਦਿੱਤੇ ਜਾਣਗੇ, ਉਸ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਲਾਸ਼ ਨੂੰ ਕਬਜੇ ਵਿਚ ਲੈ ਲਿਆ ਗਿਆ ਹੈ ਅਤੇ ਜ਼ਖਮੀ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ। ਦੱਸ ਦਈਏ ਕਿ ਗੋਲੀਆਂ ਲੱਗਣ ਵਾਲੇ ਦੋਵੇਂ ਨੌਜਵਾਨ 19 ਤੋਂ 20 ਸਾਲ ਦੇ ਦੱਸੇ ਜਾ ਰਹੇ ਹਨ।
ਪਿੰਡ ਕੈਰੋਂ ਨੇੜੇ ਹੋਈ ਗੋਲੀਬਾਰੀ ਸਬੰਧੀ ਗੈਂਗਸਟਰ ਪ੍ਰਭ ਦਾਸੂਵਾਲ, ਮੁਹੱਬਤ ਰੰਧਾਵਾ, ਅਮਰ ਖਾਬੇ ਅਤੇ ਕੌਸ਼ਲ ਚੌਧਰੀ ਜੋ ਵਿਦੇਸ਼ ਵਿਚ ਹਨ ਵੱਲੋਂ ਜ਼ਿੰਮੇਵਾਰੀ ਲਏ ਜਾਣ ਦੀ ਇਕ ਪੋਸਟ ਸ਼ੋਸ਼ਲ ਮੀਡੀਆ ’ਤੇ ਪਾਈ ਗਈ ਹੈ, ਜੋ ਤੇਜੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਉਕਤ ਗਰੁੱਪ ਨੇ ਕਿਹਾ ਕਿ ਜਿਨ੍ਹਾਂ ਨੂੰ ਗੋਲੀ ਮਾਰੀ ਗਈ ਸੀ ਉਹ ਜੱਗੂ ਅਤੇ ਹੈਰੀ ਦੇ ਆਦਮੀ ਸਨ। ਸਾਡਾ ਦੁਸ਼ਮਣ ਲਵ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਉਸਨੇ ਆਪਣੇ ਦੋਸਤਾਂ ਨੂੰ ਗੋਲੀ ਮਰਵਾ ਲਏ ਤੇ ਆਪ ਗੱਡੀ ਭਜਾ ਕੇ ਨਿਕਲ ਗਿਆ । ਪੋਸਟ ਵਿਚ ਕਿਹਾ ਗਿਆ ਹੈ ਕਿ ਇਹ ਇਕ ਡੀਐੱਸਪੀ ਦਾ ਮੁਖਬਰ ਹੈ। ਇਨ੍ਹਾਂ ਨੇ ਇਕ ਅਪਾਹਜ ਦੀ ਵੀ ਕੁੱਟਮਾਰ ਕੀਤੀ। ਜੋ ਇਸ ਨਾਲ ਦੇਖਿਆ ਉਹ ਸਾਡਾ ਦੁਸ਼ਮਣ ਹੈ ਤੇ ਇਹ ਜੰਗ ਹੈ। ਜੰਗ ਵਿਚ ਸਭ ਕੁਝ ਜਾਇਜ ਹੈ ਤੇ ਬਾਕੀ ਵੀ ਤਿਆਰ ਰਹਿਣ। ਉਕਤ ਪੋਸਟ ਦੇ ਚੱਲਦਿਆਂ ਪੁਲਿਸ ਉਕਤ ਘਟਨਾ ਨੂੰ ਗੈਂਗਵਾਰ ਨਾਲ ਜੋੜ ਕੇ ਵੇਖ ਰਹੀ ਹੈ। ਹਾਲਾਂਕਿ ਡੀਐੱਸਪੀ ਸੁਖਬੀਰ ਸਿੰਘ ਨੇ ਕਿਹਾ ਕਿ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।