Robin Uthappa ਦੀਆਂ ਵਧੀਆਂ ਮੁਸ਼ਕਲਾਂ, ਇਸ ਮਾਮਲੇ ‘ਚ ED ਸਾਹਮਣੇ ਹੋਏ ਪੇਸ਼

ਨਵੀਂ ਦਿੱਲੀ- ਸਾਬਕਾ ਕ੍ਰਿਕਟਰ ਖਿਡਾਰੀ ਰਾਬਿਨ ਉਥੱਪਾ ਆਨਲਾਈਨ ਸੱਟੇਬਾਜ਼ੀ ਐਪ ਨਾਲ ਜੁੜੇ ਮਨੀ ਲਾਂਡ੍ਰਿੰਗ ਕੇਸ ਵਿਚ ਪੁੱਛਗਿੱਛ ਲਈ ਸੋਮਵਾਰ ਨੂੰ ਈਡੀ ਅੱਗੇ ਪੇਸ਼ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਉਹ ਸਵੇਰੇ ਕਰੀਬ 11 ਵਜੇ ਏਜੰਸੀ ਦੇ ਦਫ਼ਤਰ ਪੁੱਜਾ। ਈਡੀ ਨੇ ਉਥੱਪੇ ਕੋਲੋਂ ਪੁੱਛਗਿੱਛ ਕੀਤੀ ਤੇ ਵਨਐਕਸਬੇਟ ਨਾਂ ਦੇ ਪਲੇਟਫਾਰਮ ਨਾਲ ਜੁੜੇ ਮਾਮਲੇ ਵਿਚ ਪ੍ਰੀਵੈਂਸ਼ਨ ਆਫ ਮਨੀ ਲਾਂਡ੍ਰਿੰਗ ਕਾਨੂੰਨ (ਪੀਐੱਮਐੱਲਏ) ਦੇ ਤਹਿਤ ਉਸ ਦੇ ਬਿਆਨ ਦਰਜ ਕੀਤੇ।

ਈਡੀ ਨੇ ਇਸ ਜਾਂਚ ਤਹਿਤ ਪਿਛਲੇ ਕੁਝ ਹਫ਼ਤਿਆਂ ਵਿਚ ਸਾਬਕਾ ਕ੍ਰਿਕਟਰ ਸੁਰੇਸ਼ ਰੈਣਾ ਤੇ ਸ਼ਿਖਰ ਧਵਨ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤੇ ਫਿਲਮ ਕਲਾਕਾਰ ਮਿਮੀ ਚੱਕਰਵਰਤੀ ਤੋਂ ਇਲਾਵਾ ਬੰਗਾਲੀ ਫਿਲਮ ਕਲਾਕਾਰ ਅੰਕੁਸ਼ ਹਾਜਰਾ ਕੋਲੋਂ ਵੀ ਪੁੱਛਗਿੱਛ ਕੀਤੀ। ਕ੍ਰਿਕਟਰ ਖਿਡਾਰੀ ਰਹੇ ਯੁਵਰਾਜ ਸਿੰਘ ਤੇ ਫਿਲਮ ਕਲਾਕਾਰ ਸੋਨੂੰ ਸੂਦ ਨੂੰ ਇਸੇ ਮਾਮਲੇ ਵਿਚ ਈਡੀ ਨੇ ਕ੍ਰਮਵਾਰ ਮੰਗਲਵਾਰ ਤੇ ਬੁੱਧਵਾਰ ਨੂੰ ਤਲਬ ਕੀਤਾ ਹੈ।

ਇਹ ਜਾਂਚ ਵਨਐਕਸਬੇਟ ਸੱਟੇਬਾਜ਼ੀ ਐਪ ਦੇ ਸੰਚਾਲਨ ਨਾਲ ਸਬੰਧਤ ਹੈ ਜੋ ਕਿ ਈਡੀ ਵੱਲੋਂ ਅਜਿਹੇ ਪਲੇਟਫਾਰਮ ਵਿਰੁੱਧ ਵਿਆਪਕ ਜਾਂਚ ਦਾ ਹਿੱਸਾ ਹੈ। ਇਸ ਵਿਚ ਕਈ ਲੋਕਾਂ ਤੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਠੱਗੀ ਕਰਨ ਤੇ ਕਥਿਤ ਤੌਰ ’ਤੇ ਭਾਰੀ ਮਾਤਰਾ ਵਿਚ ਪ੍ਰਤੱਖ ਤੇ ਅਪ੍ਰਤੱਖ ਟੈਕਸਾਂ ਦੀ ਚੋਰੀ ਕਰਨ ਦੇ ਦੋਸ਼ ਹਨ। ਇਸ ਜਾਂਚ ਤਹਿਤ ਆਉਣ ਵਾਲੇ ਦਿਨਾਂ ਵਿਚ ਏਜੰਸੀ ਵੱਲੋਂ ਹੋਰਨਾਂ ਖਿਡਾਰੀਆਂ, ਫਿਲਮ ਕਲਾਕਾਰਾਂ, ਇੰਟਰਨੈੱਟ ਮੀਡੀਆ ਇੰਫਊਏਂਸਰਜ਼ ਤੇ ਮਸ਼ਹੂਰ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੇ ਜਾਣ ਦੇ ਆਸਾਰ ਹਨ।

ਸੂਤਰਾਂ ਮੁਤਾਬਕ ਈਡੀ ਦੀ ਜਾਂਚ ਦਾ ਮੰਤਵ ਮਸ਼ਹੂਰ ਲੋਕਾਂ ਕੋਲੋਂ ਇਹ ਜਾਣਨਾ ਹੈ ਕਿ ਇਸ ਸੱਟੇਬਾਜ਼ ਕੰਪਨੀ ਨੇ ਉਨ੍ਹਾਂ ਕੋਲੋਂ ਮਸ਼ਹੂਰੀ ਕਰਵਾਉਣ ਲਈ ਕਿਵੰ ਸੰਪਰ ਕੀਤਾ ਤੇ ਭਾਰਤ ਵਿਚ ਸੰਪਰਕ ਕਰਨ ਵਾਲਾ ਨੋਡਲ ਅਫ਼ਸਰ ਕਿਹੜਾ ਸੀ। ਭੁਗਤਾਨ ਦਾ ਤਰੀਕਾ ਹਵਾਲਾ ਜਾਂ ਬੈਂਕਿੰਗ ਚੈਨਲ ਜ਼ਰੀਏ ਸੀ ਜਾਂ ਨਗਦੀ ਦਿੰਦੇ ਸਨ? ਪੈਸਾ ਭਾਰਤ ਤੋਂ ਦਿੰਦੇ ਸਨ ਜਾਂ ਬਾਹਰਲੇ ਦੇਸਾਂ ਤੋਂ ਭੇਜਦੇ ਸਨ।