ਗੜ੍ਹਸ਼ੰਕਰ-ਗੜ੍ਹਸ਼ੰਕਰ ਦੇ ਪਿੰਡ ਰਾਮਗੜ੍ਹ ਝੁੰਗੀਆਂ ਵਿਖੇ ਮੰਗਲਵਾਰ ਤੜਕਸਾਰ ਕਰੀਬ 2.45 ਵਜੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਸਾਬਕਾ ਸੈਨਿਕ ਦੇ ਘਰ ਦੇ ਗੇਟ ਅਤੇ ਅੰਦਰਲੇ ਦਰਵਾਜ਼ੇ ‘ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਭਾਰਤੀ ਫੌਜ ਤੋਂ ਸੇਵਾਮੁਕਤ ਸੂਬੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਘਰ ਦੇ ਅੰਦਰ ਸੁੱਤੇ ਪਏ ਸਨ ਤਾਂ ਉਨ੍ਹਾਂ ਨੂੰ ਤੜਕਸਾਰ 2.45 ਵਜੇ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਨ੍ਹਾਂ ਕੁੱਝ ਸਮੇਂ ਬਾਅਦ ਘਰ ਤੋਂ ਬਾਹਰ ਆ ਕੇ ਵੇਖਿਆ ਤਾਂ ਉਨ੍ਹਾਂ ਦੇ ਗੇਟ ਅਤੇ ਘਰ ਦੇ ਅੰਦਰਲੇ ਦਰਵਾਜ਼ੇ ‘ਤੇ ਚਾਰ ਗੋਲੀਆਂ ਦੇ ਨਿਸ਼ਾਨ ਸਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਐਤਵਾਰ ਦੇਰ ਸ਼ਾਮ ਕਰੀਬ 7.45 ਵਜੇ ਦੋ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਆਏ ਸਨ ਅਤੇ ਉਨ੍ਹਾਂ ਦੇ ਬੇਟੇ ਦਾ ਫੋਨ ਨੰਬਰ ਮੰਗ ਰਹੇ ਸਨ ਪਰ ਉਨ੍ਹਾਂ ਨੰਬਰ ਦੇਣ ਤੋਂ ਇਨਕਾਰ ਕਰ ਦਿੱਤਾ। ਐੱਸਐੱਚਓ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਰਾਮਗੜ੍ਹ ਝੁੰਗੀਆਂ ਵਿਖੇ ਇੱਕ ਘਰ ‘ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ ਜਿਸ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ।