ਜਗਰਾਓਂ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ, ਪਰ ਹਾਲੇ ਨਹੀਂ ਹੋਈ ਖ਼ਰੀਦ

ਜਗਰਾਓਂ –ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ’ਚ ਅੱਜ ਝੋਨੇ ਦੀ ਆਮਦ ਸ਼ੁਰੂ ਹੋ ਗਈ ਪਰ ਅਜੇ ਖ਼ਰੀਦ ਸ਼ੁਰੂ ਨਹੀਂ ਹੋਈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਸੂਬੇ ਭਰ ’ਚ 15 ਸਤੰਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਅੱਜ ਪੁੱਜੇ ਝੋਨੇ ਦੀਆਂ ਢੇਰੀਆਂ ਦਾ ਕਿਸੇ ਵੀ ਏਜੰਸੀ ਵੱਲੋਂ ਭਾਅ ਨਹੀਂ ਲਾਇਆ ਗਿਆ। ਬੁੱਧਵਾਰ ਜਗਰਾਓਂ ਮੰਡੀ ’ਚ ਝੋਨਾ ਲੈ ਕੇ ਕਿਸਾਨ ਟਰਾਲੀਆਂ ’ਤੇ ਪੁੱਜੇ। ਸਬੰਧਤ ਆੜ੍ਹਤੀ ਵੱਲੋਂ ਝੋਨਾ ਫੜ੍ਹ ’ਤੇ ਉਤਾਰਦਿਆਂ ਉਸ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਏਸ਼ੀਆ ਦੀ ਦੂਜੀ ਵੱਡੀ ਜਗਰਾਓਂ ਮੰਡੀ ਸਮੇਤ ਇਸ ਨਾਲ ਜੁੜੀਆਂ 16 ਉਪ ਮੰਡੀਆਂ ’ਚ ਪਿਛਲੇ ਸਾਲ 25 ਲੱਖ ਕੁਇੰਟਲ ਝੋਨੇ ਦੀ ਖ਼ਰੀਦ ਹੋਈ ਸੀ। ਪਿਛਲੇ ਸਾਲ ਇਹ 25 ਲੱਖ ਕੁਇੰਟਲ ਝੋਨਾ ਕੇਂਦਰ ਸਰਕਾਰ ਦੀ ਖ਼ਰੀਦ ਏਜੰਸੀ ਐੱਫਸੀਆਈ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਚਾਰੇ ਖ਼ਰੀਦ ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫੈੱਡ ਤੇ ਵੇਅਰਹਾਊਸ ਵੱਲੋਂ ਕੀਤੀ ਗਈ ਸੀ। ਜਗਰਾਓਂ ਮਾਰਕੀਟ ਕਮੇਟੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਜਗਰਾਓਂ ਮੁੱਖ ਮੰਡੀ ’ਚ 12 ਲੱਖ 60 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਹੋਈ ਸੀ।

ਜਗਰਾਓਂ ਮੰਡੀ ’ਚ ਚਾਹੇ ਅੱਜ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਪੂਰੀ ਤਰ੍ਹਾਂ ਝੋਨੇ ਦੇ ਸੀਜ਼ਨ ਦਾ ਆਗਾਜ਼ ਅਜੇ ਹਫਤਾ ਰੁਕ ਕੇ ਹੋਵੇਗਾ। ਪਿਛਲੇ ਸਾਲ ਝੋਨੇ ਦੀ ਖ਼ਰੀਦ ਜਗਰਾਓਂ ਮੰਡੀ ’ਚ 11 ਸਤੰਬਰ ਨੂੰ ਹੋਈ ਸੀ। ਜਗਰਾਓਂ ਮਾਰਕੀਟ ਕਮੇਟੀ ਦੇ ਸਕੱਤਰ ਕਮਲਪ੍ਰੀਤ ਸਿੰਘ ਕਲਸੀ ਨੇ ਮੰਨਿਆ ਕਿ ਜਗਰਾਓਂ ਮੰਡੀ ਵਿਚ ਅੱਜ ਝੋਨੇ ਦੀ ਆਮਦ ਸ਼ੁਰੂ ਹੋਈ ਹੈ। ਖ਼ਰੀਦ ਏਜੰਸੀਆਂ ਵੱਲੋਂ ਜਲਦੀ ਖ਼ਰੀਦ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿਚ ਸੁੱਕਾ ਝੋਨਾ ਲੈ ਕੇ ਆਉਣ ਤਾਂ ਜੋ ਨਾਲ ਹੀ ਝੋਨੇ ਦੀ ਖ਼ਰੀਦ ਕਰਵਾਈ ਜਾ ਸਕੇ।