ਪੰਜਾਬ ’ਚ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਰਾਕ ’ਚ ISI, ਹੜ੍ਹ ਦੀ ਆੜ ’ਚ ਹਥਿਆਰ ਭੇਜਣ ਦੀ ਕੋਸ਼ਿਸ਼

 ਅੰਮ੍ਰਿਤਸਰ – ਇਕ ਮਹੀਨੇ ਤੋਂ ਵੱਧ ਸਮੇਂ ਤੋਂ ਹੜ੍ਹ ਦੀ ਲਪੇਟ ’ਚ ਆਏ ਸਰਹੱਦੀ ਜ਼ਿਲ੍ਹਿਆਂ ’ਚ ਲਗਾਤਾਰ ਹਥਿਆਰਾਂ ਦੀ ਬਰਾਮਦਗੀ ਦੇ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਹਥਿਆਰਾਂ ਦੀ ਮਦਦ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਪੰਜਾਬ ’ਚ ਤਿਉਹਾਰੀ ਸੀਜ਼ਨ ਦੌਰਾਨ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦੀ ਹੈ। ਇਸ ’ਚ ਟਾਰਗਟ ਕਿਲਿੰਗ ਵੀ ਸ਼ਾਮਲ ਹੈ। ਸਰਹੱਦ ਪਾਰ ਤੋਂ ਭੇਜੇ ਗਏ ਹਥਿਆਰਾਂ ਨੂੰ ਠਿਕਾਣੇ ਲਗਾਉਣ ਲਈ ਆਈਐੱਸਆਈ ਪਾਕਿਸਤਾਨ ’ਚ ਹੀ ਰਹਿ ਰਹੇ ਅੱਤਵਾਦੀ ਹਰਿੰਦਰ ਸਿੰਘ ਰਿੰਦਾ ਦੇ ਨਾਲ-ਨਾਲ ਦੂਜੇ ਦੇਸ਼ਾਂ ਵਿਚ ਪਨਾਹ ਲਏ ਹੋਏ ਗੈਂਗਸਟਰਾਂ ਦੀ ਮਦਦ ਵੀ ਲੈ ਰਹੀ ਹੈ। ਆਈਐੱਸਆਈ ਕਿਵੇਂ ਸੂਬੇ ਨੂੰ ਅਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਦਾ ਪਤਾ ਇਸ ਗੱਲ ਤੋਂ ਹੀ ਲੱਗਦਾ ਹੈ ਕਿ ਸਤੰਬਰ ਮਹੀਨੇ ਵਿਚ ਹੁਣ ਤੱਕ ਸਰਹੱਦ ਪਾਰੋਂ ਆਏ ਅੱਠ ਹੈਂਡ ਗ੍ਰੇਨੇਡ, 1.700 ਕਿਲੋ ਆਰਡੀਐਕਸ, 81 ਪਿਸਤੌਲਾਂ ਤੇ ਦੋ ਹਜ਼ਾਰ ਦੇ ਕਰੀਬ ਕਾਰਤੂਸ ਬਰਾਮਦ ਕੀਤੇ ਜਾ ਚੁੱਕੇ ਹਨ। ਇਹ ਸਭ ਕੁਝ ਬੀਐੱਸਐੱਫ਼ ਤੇ ਪੰਜਾਬ ਪੁਲਿਸ ਦੇ ਆਪਸੀ ਸਹਿਯੋਗ ਕਾਰਨ ਸੰਭਵ ਹੋਇਆ ਹੈ। ਸਰਹੱਦ ਦੇ ਨੇੜੇ ਕੋਈ ਵੀ ਹਰਕਤ ਦਿਖਾਈ ਦਿੰਦੀ ਹੈ ਤਾਂ ਪੁਲਿਸ ਤੇ ਬੀਐੱਸਐੱਫ਼ ਦੇ ਜਵਾਨ ਇਕੱਠੇ ਇਲਾਕੇ ’ਚ ਭਾਲ ਮੁਹਿੰਮ ਸ਼ੁਰੂ ਕਰ ਦਿੰਦੇ ਹਨ। ਖੁਫੀਆ ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਆਈਐੱਸਆਈ ਪੰਜਾਬ ’ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਇਸ ਲਈ ਪਾਕਿਸਤਾਨ ’ਚ ਬੈਠੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਮੁਖੀ ਹਰਵਿੰਦਰ ਸਿੰਘ ਰਿੰਦਾ ਤੇ ਕੈਨੇਡਾ ਵਿਚ ਬੈਠੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਆਪਣੇ ਗੁਰਗਿਆਂ ਨੂੰ ਤਿਆਰ ਕਰਨ ਵਿਚ ਲੱਗੇ ਹੋਏ ਹਨ। ਇਸ ਲਈ ਵਿਦੇਸ਼ ’ਚ ਬੈਠੇ ਗੈਂਗਸਟਰ ਜੀਵਨ ਫੌਜੀ, ਲਖਬੀਰ ਸਿੰਘ ਹਰਿਕੇ, ਪ੍ਰਭ ਦਾਸੂਵਾਲ, ਘਨਸ਼ਿਆਮਪੁਰਾ, ਡੋਨੀ ਬਲ ਜਿਹੇ ਅਪਰਾਧੀਆਂ ਦੀ ਮਦਦ ਲਈ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਉਕਤ ਗੈਂਗਸਟਰਾਂ ਦੇ ਕੋਲ ਨਸ਼ੇ ਦੀ ਲਤ ਵਿਚ ਫਸੇ ਅਤੇ ਵਿਦੇਸ਼ ਵਿਚ ਵੱਸਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਦੀ ਲੰਬੀ ਸੂਚੀ ਹੈ। ਇਹ ਨੌਜਵਾਨ ਗੈਂਗਸਟਰਾਂ ਦੁਆਰਾ ਨਸ਼ਾ ਮੁਹੱਈਆ ਕਰਵਾਉਣ ਜਾਂ ਵਿਦੇਸ਼ ਭੇਜਣ ਦੇ ਲਾਲਚ ਦੇ ਕੇ ਹਥਿਆਰਾਂ ਦੀ ਤਸਕਰੀ ਕਰਵਾਏ ਜਾ ਰਹੇ ਹਨ। ਬਾਅਦ ’ਚ ਇਨ੍ਹਾਂ ਹਥਿਆਰਾਂ ਨੂੰ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਹੈ। ਖੁਫੀਆ ਏਜੰਸੀਆਂ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਹਿਲਾਂ ਤਾਂ ਡਰੋਨ ਦੇ ਨਾਲ-ਨਾਲ ਕੰਡਿਆਲੀ ਤਾਰ ’ਚ ਪਾਈਪ ਫਸਾ ਕੇ ਨਸ਼ਾ ਤੇ ਹਥਿਆਰ ਭੇਜੇ ਜਾਂਦੇ ਰਹੇ ਹਨ, ਪਰ ਇਸ ਸਮੇਂ ਹੜ੍ਹ ਦਾ ਲਾਭ ਉਠਾ ਕੇ ਪਾਕਿਸਤਾਨੀ ਤਸਕਰਾਂ ਦੁਆਰਾ ਹਥਿਆਰਾਂ ਤੇ ਨਸ਼ੇ ਦੀ ਵੱਡੀ ਖੇਪ ਟਾਇਰ ਟਿਊਬ ਦੀ ਮਦਦ ਨਾਲ ਭਾਰਤੀ ਹੱਦ ’ਚ ਪਹੁੰਚਾਈ ਗਈ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਖੇਪ ਪੁਲਿਸ ਦੁਆਰਾ ਬਰਾਮਦ ਕੀਤੀ ਜਾ ਚੁੱਕੀ ਹੈ, ਪਰ ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਹੈ ਕਿ ਗ੍ਰੇਨੇਡ, ਆਈਈਡੀ, ਆਰਡੀਐਕਸ ਤੇ ਏਕੇ-ਟਾਈਪ ਦੇ ਹਥਿਆਰਾਂ ਵਰਗੀ ਇਕ ਵੱਡੀ ਖੇਪ ਸਰਹੱਦੀ ਇਲਾਕੇ ਵਿਚ ਲਕਾਈ ਗਈ ਹੈ, ਜਿਸ ਨੂੰ ਮੌਕਾ ਮਿਲਦੇ ਹੀ ਟਿਕਾਣੇ ਲਗਾਇਆ ਜਾਣਾ ਹੈ।