ਹੁਣ ਛੋਟੀ ਉਮਰ ਦੇ ਖਿਡਾਰੀ ਵੀ ਪਾਉਣਗੇ ਕਬੱਡੀ, ਸੂਬਾ ਸਰਕਾਰ ਕਰਵਾਏਗੀ ਵੱਖ-ਵੱਖ ਭਾਰ ਵਰਗ ਦੇ ਮੁਕਾਬਲੇ

ਚੰਡੀਗੜ੍ਹ- ਹੁਣ ਪਿੰਡਾਂ ਵਿਚ ਵੱਖ ਵੱਖ ਭਾਰ ਵਰਗ ਦੇ ਨੌਜਵਾਨਾਂ ਨੂੰ ਕਬੱਡੀ ਪਾਉਣ ਦਾ ਮੌਕਾ ਮਿਲੇਗਾ। ਪਿਛਲੇ ਕੁਝ ਸਾਲਾਂ ਤੋਂ ਸੂਬੇ ’ਚ ਇਕ ਪਿੰਡ ਓਪਨ ਜਾਂ ਅਕੈਡਮੀਆਂ ਦੇ ਮੈਚ ਹੋਣ ਦਾ ਪ੍ਰਚਲਨ ਸ਼ੁਰੂ ਹੋ ਗਿਆ ਹੈ। ਇਸ ਰਵਾਇਤ ਨੂੰ ਤੋੜਨ ਲਈ ਪੰਜਾਬ ਸਰਕਾਰ ਨੇ ਵੱਖ-ਵੱਖ ਉਮਰ ਤੇ ਭਾਰ ਵਰਗ ਦੇ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਕਰੀਬ ਤਿੰਨ ਹਜ਼ਾਰ ਖੇਡ ਮੈਦਾਨ ਤਿਆਰ ਹੋ ਗਏ ਹਨ ਤੇ ਕਿਸੇ ਵੀ ਦਿਨ ਮੁੱਖ ਮੰਤਰੀ ਇਨ੍ਹਾਂ ਖੇਡ ਮੈਦਾਨਾਂ ਦਾ ਉਦਘਾਟਨ ਕਰ ਸਕਦੇ ਹਨ। ਝੋਨੇ ਦਾ ਸੀਜ਼ਨ ਖ਼ਤਮ ਹੋਣ ਤੇ ਹੜ੍ਹਾਂ ਕਾਰਨ ਪੱਟੜੀ ਤੋਂ ਉਤਰੀ ਜ਼ਿੰਦਗੀ ਦੇ ਮੁੜ ਲਾਈਨ ’ਤੇ ਆਉਣ ਤੋਂ ਬਾਅਦ ਸਰਕਾਰ ਖੇਡਾਂ ਵਤਨ ਪੰਜਾਬ ਦੀਆਂ ਪ੍ਰੋਗਰਾਮ ਤਹਿਤ ਖੇਡਾਂ ਕਰਵਾਏਗੀ। ਦੱਸਣਯੋਗ ਹੈ ਕਿ ਕਰੀਬ ਢਾਈ ਦਹਾਕੇ ਪਹਿਲਾਂ ਤੱਕ ਪਿੰਡਾਂ, ਕਸਬਿਆਂ ’ਚ ਵੱਖ ਵੱਖ ਭਾਰ ਵਰਗ ਦੇ ਨੌਜਵਾਨਾਂ ਦੇ ਕਬੱਡੀ ਮੈਚ ਹੁੰਦੇ ਸਨ। ਪਿੰਡਾਂ ਦੀਆਂ ਪੰਚਾਇਤਾਂ, ਕਲੱਬਾਂ ਵਲੋਂ ਦੋ ਜਾਂ ਤਿੰਨ ਦਿਨ ਦੇ ਖੇਡ ਮੇਲੇ ਕਰਵਾਏ ਜਾਂਦੇ ਸਨ, ਪਰ ਕਬੱਡੀ ਅਤੇ ਕਬੱਡੀ ਖਿਡਾਰੀਆਂ ਦਾ ਉੱਚਾ ਮੁੱਲ੍ਹ ਪੈਣ ਨਾਲ ਬੱਚਿਆਂ ਤੇ ਨੌਜਵਾਨਾਂ ਤੋਂ ਕਬੱਡੀ ਦੂਰ ਹੁੰਦੀ ਗਈ ਤੇ ਇਕ ਪਿੰਡ ਓਪਨ ਤੇ ਅਕੈਡਮੀਆਂ ਦੇ ਕਬੱਡੀ ਕੱਪ ਹੋਣ ਲੱਗੇ, ਜਿਸ ਨਾਲ ਕਬੱਡੀ ਦੇ ਵੱਡੇ ਖਿਡਾਰੀ ਤਾਂ ਮਾਲੋ ਮਾਲ ਹੋ ਗਏ ਪਰ ਬੱਚੇ ਖੇਡ ਮੈਦਾਨਾਂ ਤੋਂ ਦੂਰ ਹੋ ਗਏ। ਪੰਜਾਬ ਸਰਕਾਰ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਕੀਤਾ ਹੈ ਕਿ ਖਿਡਾਰੀ ਪੈਦਾ ਕਰਨ ਲਈ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਮੁੱਖ ਮੰਤਰੀ ਨੇ ਵਰ੍ਹਿਆਂ ਪੁਰਾਣੀ ਰਿਵਾਇਤ ਨੂੰ ਮੁੜ ਬਹਾਲ ਕਰਨ ਲਈ ਪਿੰਡਾਂ ਵਿਚ 32 ਕਿਲੋ, 35 ਕਿਲੋ, 37 ਕਿਲੋ, 42 ਕਿਲੋ, 55, 62 ਜਾਂ ਹੋਰ ਵਰਗਾਂ ਦੇ ਮੁਕਾਬਲੇ ਦੀ ਵਿਉਂਤਬੰਦੀ ਬਣਾਈ ਹੈ ਤਾਂ ਜੋ ਹਰੇਕ ਭਾਰ ਵਰਗ ਦੇ ਨੌਜਵਾਨ ਨੂੰ ਖੇਡਣ ਦਾ ਮੌਕਾ ਮਿਲ ਸਕੇ। ਜੇਕਰ ਖਿਡਾਰੀਆਂ ਦੀ ਪਨੀਰੀ ਤਿਆਰ ਕੀਤੀ ਜਾਵੇਗੀ ਤਾਂ ਹੀ ਵੱਡੇ ਖਿਡਾਰੀ ਪੈਦਾ ਹੋ ਸਕਣਗੇ। ਮੁੱਖ ਮੰਤਰੀ ਦਫ਼ਤਰ ਤੇ ਖੇਡ ਵਿਭਾਗ ਮੁੱਖ ਮੰਤਰੀ ਤੋ ਅਗਲੇ ਦਿਨਾਂ ਵਿਚ ਖੇਡ ਸਟੇਡੀਅਮ ਦਾ ਉਦਘਾਟਨ ਕਰਵਾਉਣ ਲਈ ਯੋਜਨਾ ਤਿਆਰ ਕਰ ਰਿਹਾ ਹੈ। ਖਾਸ ਗੱਲ ਹੈ ਕਿ ਨਵੰਬਰ ਤੋਂ ਲੈ ਕੇ ਫਰਵਰੀ ਦੇ ਅੱਧ ਤੱਕ ਪਿੰਡਾਂ ਵਿਚ ਖੇਡ ਮੇਲੇ ਕਰਵਾਏ ਜਾਂਦੇ ਹਨ ਇਨ੍ਹਾਂ ਦਿਨਾਂ ’ਚ ਵਿਦੇਸ਼ਾਂ ’ਚ ਵੱਸਦੇ ਪ੍ਰਵਾਸੀ ਭਾਰਤੀ ਖਾਸ ਕਰਕੇ ਪੰਜਾਬੀ ਆਪਣੇ ਵਤਨ ਯਾਨੀ ਪੰਜਾਬ ਆਉਂਦੇ ਹਨ, ਜਿਸ ਕਰ ਕੇ ਪਿੰਡਾਂ ’ਚ ਖੇਡ ਮੇਲੇ ਹੋਰ ਵੀ ਜ਼ਿਆਦਾ ਹੁੰਦੇ ਹਨ। ਸਰਕਾਰ ਦਾ ਵਿਦਿਆਰਥੀਆਂ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਮਕਸਦ ਨੌਜਵਾਨਾਂ ਵਿਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਵੀ ਰੋਕਣਾ ਹੈ।