ਜੀਦਾ ਧਮਾਕੇ ਮਾਮਲਾ: ਕਠੂਆ ਦਾ ਫੌਜੀ ਕੈਂਪ ਸੀ ਗੁਰਪ੍ਰੀਤ ਦੇ ਨਿਸ਼ਾਨੇ ‘ਤੇ, ਪੁਛਗਿੱਛ ਦੌਰਾਨ ਗੁਰਪ੍ਰੀਤ ਸਿੰਘ ਨੇ ਕੀਤੇ ਕਈ ਅਹਿਮ ਖੁਲਾਸੇ

ਬਠਿੰਡਾ- ਜ਼ਿਲ੍ਹੇ ਦੇ ਜੀਦਾ ਵਿਚ ਬੰਬ ਧਮਾਕਾ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਨੌਜਵਾਨ ਗੁਰਪ੍ਰੀਤ ਸਿੰਘ ਨੇ ਪੁਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਇਕ ਵੱਡੀ ਸਾਜ਼ਿਸ਼ ਦੀ ਯੋਜਨਾ ਬਣਾ ਰਿਹਾ ਸੀ ਅਤੇ ਉਸਦਾ ਨਿਸ਼ਾਨਾ ਕਠੂਆ ਸਥਿਤ ਫੌਜ ਦਾ ਕੈਂਪ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਸ਼ਟਰੀ ਸੁਰੱਖਿਆ ਏਜੰਸੀਆਂ ਹੁਣ ਪੂਰੀ ਨਜ਼ਰ ਰੱਖ ਰਹੀਆਂ ਹਨ। ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਜੇਕਰ ਬੰਬ ਧਮਾਕੇ ਤੋਂ ਇਕ ਦਿਨ ਪਹਿਲਾਂ ਮੀਂਹ ਨਾ ਪੈਂਦਾ ਤਾਂ ਗੁਰਪ੍ਰੀਤ ਪਹਿਲਾਂ ਹੀ ਕਠੂਆ ਲਈ ਰਵਾਨਾ ਹੋ ਚੁੱਕਾ ਹੁੰਦਾ। ਮੀਂਹ ਕਾਰਨ ਉਹ ਕਠੂਆ ਲਈ ਰਵਾਨਾ ਨਹੀਂ ਹੋ ਸਕਿਆ, ਜਿਸ ਨਾਲ ਜਿੱਥੇ ਵੱਡਾ ਹਾਦਸਾ ਟਲ ਗਿਆ, ਉਥੇ ਹੀ ਖ਼ਤਰਨਾਕ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਜੇਕਰ ਉਹ ਬੰਬ ਲੈ ਕੇ ਰਵਾਨਾ ਹੋ ਜਾਂਦਾ ਤਾਂ ਰਸਤੇ ਵਿਚ ਹੀ ਵੱਡਾ ਹਾਦਸਾ ਵਾਪਰ ਸਕਦਾ ਸੀ, ਜਿਸ ਨਾਲ ਨਾਗਰਿਕਾਂ ਅਤੇ ਫੌਜ ਦੋਵਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਸੀ। ਪੁਲਿਸ ਸੂਤਰਾਂ ਅਨੁਸਾਰ ਗੁਰਪ੍ਰੀਤ ਨੇ ਆਪਣੇ ਘਰ ਵਿੱਚ ਬੰਬ ਬਣਾਉਂਦੇ ਸਮੇਂ ਅਚਾਨਕ ਹੋਏ ਧਮਾਕੇ ਵਿੱਚ ਆਪਣਾ ਇਕ ਹੱਥ ਗੁਆ ਦਿੱਤਾ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਸਨੇ ਪੁੱਛਗਿੱਛ ਦੌਰਾਨ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਜਦੋਂ ਅਧਿਕਾਰੀਆਂ ਨੇ ਪੁੱਛਿਆ ਕਿ ਜੇ ਰਸਤੇ ਵਿੱਚ ਬੰਬ ਫਟ ਜਾਂਦਾ ਤਾਂ ਉਸਨੇ ਹੈਰਾਨੀਜਨਕ ਜਵਾਬ ਦਿੱਤਾ ਕਿ ਜੇਕਰ ਬੰਬ ਫਟ ਜਾਂਦਾ ਤਾਂ ਫਿਰ ਕੀ ਹੋਇਆ। ਇਸ ਬੇਤੁਕੇ ਅਤੇ ਖਤਰਨਾਕ ਬਿਆਨ ਨੇ ਉਸਦੀ ਮਾਨਸਿਕਤਾ ਅਤੇ ਇਰਾਦਿਆਂ ਦੋਵਾਂ ਨੂੰ ਉਜਾਗਰ ਕੀਤਾ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬੰਬ ਧਮਾਕੇ ਵਿੱਚ ਆਪਣਾ ਹੱਥ ਗੁਆਉਣ ਦੇ ਬਾਵਜੂਦ ਗੁਰਪ੍ਰੀਤ ਦਾ ਇੱਕੋ ਇਕ ਪਛਤਾਵਾ ਇਹ ਹੈ ਕਿ ਉਹ ਹੁਣ ਇਕ ਹੱਥ ਨਾਲ ਮੁੜ ਕਦੇ ਬੰਬ ਨਹੀਂ ਬਣਾ ਸਕੇਗਾ। ਇਹ ਖੁਲਾਸਾ ਉਸਦੇ ਕੱਟੜਪੰਥੀ ਇਰਾਦਿਆਂ ਅਤੇ ਖਤਰਨਾਕ ਸੋਚ ਨੂੰ ਪ੍ਰਗਟ ਕਰਦਾ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਉਸਦੇ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਮਾਮਲੇ ਵਿਚ ਕੋਈ ਅੱਤਵਾਦੀ ਸੰਗਠਨ ਜਾਂ ਵਿਦੇਸ਼ੀ ਸ਼ਕਤੀ ਸ਼ਾਮਲ ਹੈ ਜਾਂ ਨਹੀਂ। ਮੁਲਜ਼ਮ ਦੇ ਬਿਆਨਾਂ ਅਤੇ ਖੁਲਾਸਿਆਂ ਨੇ ਜਾਂਚ ਏਜੰਸੀਆਂ ਨੂੰ ਸੁਚੇਤ ਕਰ ਦਿੱਤਾ ਹੈ।

ਜਦੋਂ ਪੁਲਿਸ ਦੁਆਰਾ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਗੁਰਪ੍ਰੀਤ ਨੇ ਕਿਹਾ ਕਿ ਦੋ ਕਿਲੋਗ੍ਰਾਮ ਦਾ ਬੰਬ ਦਸ ਫੁੱਟ ਤਕ ਨੁਕਸਾਨ ਪਹੁੰਚਾਉਂਦਾ ਹੈ। ਹਾਲਾਂਕਿ, ਉਸਨੇ ਤਿੰਨ ਕਿਲੋਗ੍ਰਾਮ ਦਾ ਬੰਬ ਬਣਾਇਆ ਸੀ। ਇਸਦਾ ਉਦੇਸ਼ 25 ਫੁੱਟ ਦੇ ਘੇਰੇ ਵਿੱਚ ਹਰ ਚੀਜ਼ ਨੂੰ ਤਬਾਹ ਕਰਨਾ ਸੀ। ਉਸਨੇ ਇਸ ਬੰਬ ਦੀ ਵਰਤੋਂ ਕਠੂਆ ਵਿਚ ਕਰਨੀ ਸੀ।