ਸੈਕਰਾਮੈਂਟੋ – ਕੈਲੀਫੋਰਨੀਆ ’ਚ ਇਮੀਗਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ ’ਚ ਲਈ ਗਈ 73 ਸਾਲਾ ਹਰਜੀਤ ਕੌਰ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਹਰਜੀਤ ਕੌਰ ਦੇ ਵਕੀਲ ਮੁਤਾਬਕ, ਜਦੋਂ ਉਨ੍ਹਾਂ ਨੂੰ ਹਥਕੜੀਆਂ ਲਗਾ ਕੇ ਡਿਪੋਰਟ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਉਹ 1992 ’ਚ ਆਪਣੇ ਦੋ ਬੱਚਿਆਂ ਨਾਲ ਅਮਰੀਕਾ ਆਈ ਸੀ, 2012 ’ਚ ਉਨ੍ਹਾਂ ਦਾ ਪਨਾਹ ਦਾ ਕੇਸ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਨੂੰਹ ਮਨਜੀਤ ਕੌਰ ਨੇ ਦੱਸਿਆ ਕਿ ਉਦੋਂ ਤੋਂ ਹੀ ਉਹ ਹਰ ਛੇ ਮਹੀਨੇ ਬਾਅਦ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ (ਆਈਸੀਈ) ’ਚ ਜਾ ਕੇ ਜਾਣਕਾਰੀ ਦਿੰਦੇ ਰਹੇ। ਇਕ ਚੈਕਿੰਗ ਦੌਰਾਨ ਅੱਠ ਸਤੰਬਰ ਨੂੰ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਉਨ੍ਹਾਂ ਦੇ ਵਕੀਲ ਦੀਪਕ ਆਹਲੂਵਾਲੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਕੋਲ ਅਪੀਲ ਦੇ ਸਾਰੇ ਬਦਲ ਖ਼ਤਮ ਹੋ ਗਏ ਹਨ, ਹਾਲਾਂਕਿ ਉਨ੍ਹਾਂ ਨੇ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ, ਉਸ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੂੰ ਐਤਵਾਰ ਨੂੰ ਬੇਕਰਸਫੀਲਡ ’ਚੋਂ ਅਚਾਨਕ ਲਾਸ ਏਂਜਲਸ ਲਿਆਂਦਾ ਗਿਆ ਤੇ ਉੱਥੋਂ ਜਾਰਜੀਆ ਦੇ ਇਕ ਚਾਰਟਰਡ ਜਹਾਜ਼ ’ਚ ਚੜ੍ਹਾ ਦਿੱਤਾ ਗਿਆ। ਉੱਥੇ ਉਨ੍ਹਾਂ ਨੂੰ ਆਰਜ਼ੀ ਹਿਰਾਸਤ ’ਚ ਰੱਖਿਆ ਗਿਆ ਤੇ ਇਕ ਵੱਖੇ ਸੈੱਲ ’ਚ ਬਿਠਾ ਦਿੱਤਾ ਗਿਆ ਜਿੱਥੇ ਕੋਈ ਬੁਨਿਆਦੀ ਸਹੂਲਤ ਨਹੀਂ ਸੀ। ਇਹ ਸਾਰਾ ਕੁਝ ਉਦੋਂ ਵਾਪਰਿਆ ਜਦੋਂ ਉਨ੍ਹਾਂ ਦੇ ਪਰਿਵਾਰ ਤੇ ਵਕੀਲ ਨੇ ਉਨ੍ਹਾਂ ਦੇ ਯਾਤਰਾ ਦਸਤਾਵੇਜ਼ ਇਕੱਠੇ ਕੀਤੇ ਤੇ ਆਈਸੀਈ ਅਧਿਕਾਰੀਆਂ ਤੇ ਸਰਕਾਰ ਨਾਲ ਉਨ੍ਹਾਂ ਨੂੰ ਕਮਰਸ਼ੀਅਲ ਫਲਾਈਟ ’ਚ ਡਿਪੋਰਟ ਕਰਨ ਬਾਰੇ ਗੱਲਬਾਤ ਦੀ ਕੋਸ਼ਿਸ਼ ਕੀਤੀ। ਆਈਸੀਈ ਨੇ ਉਨ੍ਹਾਂ ਨੂੰ ਕਮਰਸ਼ੀਅਲ ਫਲਾਈਟ ਦੀ ਥਾਂ ਇਕ ਚਾਰਟਰਡ ਪਲੇਨ ’ਚ ਹੋਰਨਾਂ ਡਿਪੋਰਟੀਆਂ ਨੂੰ ਭੇਜ ਦਿੱਤਾ। ਹਰਜੀਤ ਕੌਰ ਨੂੰ ਹਿਰਾਸਤ ’ਚ ਲੈਣ ਖ਼ਿਲਾਫ਼ ਕੈਲੀਫੋਰਨੀਆ ’ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। 200 ਲੋਕਾਂ ਨੇ ਐਲ ਸੋਬਰਾਂਤੇ ਸਿੱਖ ਗੁਰਦੁਆਰੇ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਕੌਰ ਨੂੰ ਹਰ ਕਿਸੇ ਦੀ ਦਾਦੀ ਕਹਿ ਰਹੇ ਸਨ ਤੇ ਉਨ੍ਹਾਂ ਨਾਲ ਆਪਣਾ ਸਮਰਥਨ ਪ੍ਰਗਟਾ ਰਹੇ ਸਨ। ਕੌਰ 23 ਸਤੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਪਹੁੰਚ ਗਏ ਸਨ।
73 ਸਾਲਾ ਹਰਜੀਤ ਕੌਰ ਕੈਲੀਫੋਰਨੀਆ ਤੋਂ ਡਿਪੋਰਟ, 1992 ’ਚ ਦੋ ਬੱਚਿਆਂ ਨਾਲ ਪੁੱਜੇ ਸਨ ਅਮਰੀਕਾ
