ਕੈਨੇਡਾ ’ਚ ਜੇਲ੍ਹ ਤੋਂ ਰਿਹਾਅ ਹੁੰਦਿਆਂ ਹੀ ਖ਼ਾਲਿਸਤਾਨੀ ਅੱਤਵਾਦੀ ਨੇ ਉਗਲਿਆ ਜ਼ਹਿਰ, ਇੰਦਰਜੀਤ ਨੇ ਦਿੱਲੀ ਨੂੰ ਖ਼ਾਲਿਸਤਾਨ ਬਣਾਉਣ ਦੀ ਦਿੱਤੀ ਗਿੱਦੜ ਧਮਕੀ

ਟੋਰਾਂਟੋ – ਕੈਨੇਡਾ ਦੀ ਧਰਤੀ ’ਤੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਸਿੱਖ ਫਾਰ ਜਸਟਿਸ (ਐੱਸਐੱਫਜੇ) ਨਾਲ ਜੁੜੇ ਖ਼ਾਲਿਸਤਾਨੀ ਅੱਤਵਾਦੀ ਇੰਦਰਜੀਤ ਸਿੰਘ ਗੋਸਾਲ ਨੇ ਭਾਰਤ ਖ਼ਿਲਾਫ਼ ਜ਼ਹਿਰ ਉਗਲਿਆ ਹੈ। ਜ਼ਮਾਨਤ ’ਤੇ ਜੇਲ੍ਹ ਤੋਂ ਰਿਹਾਅ ਹੁੰਦਿਆਂ ਹੀ ਉਸਨੇ ਦਿੱਲੀ ਨੂੰ ਖ਼ਾਲਿਸਤਾਨ ਬਣਾਉਣ ਦੀ ਗਿੱਦੜ ਧਮਕੀ ਦਿੱਤੀ ਹੈ, ਜਦਕਿ ਐੱਸਐੱਫਜੇ ਸਰਗਣਾ ਗੁਰਪਤਵੰਤ ਸਿੰਘ ਪੰਨੂ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਭਾਲ ਨੂੰ ਵੀ ਧਮਕੀ ਦਿੱਤੀ ਹੈ। ਇੰਦਰਜੀਤ ਸਿੰਘ ਨੂੰ ਹਥਿਆਰ ਰੱਖਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਇਕ ਹਫ਼ਤੇ ਦੇ ਅੰਦਰ ਹੀ ਜ਼ਮਾਨਤ ’ਤੇ ਛੱਡ ਦਿੱਤਾ ਗਿਆ।

ਓਂਟਾਰੀਓ ਦੇ ਜੇਲ੍ਹ ’ਚੋਂ ਨਿਕਲਣ ਤੋਂ ਬਾਅਦ ਇੰਦਰਜੀਤ ਇਕ ਵੀਡੀਓ ਰਾਹੀਂ ਸਾਹਮਣੇ ਆਇਆ ਹੈ, ਜਿਸ ਵਿਚ ਉਸਨੇ ਕਿਹਾ ਕਿ ਉਹ ਪੰਨੂ ਦਾ ਸਮਰਥਨ ਕਰਨ ਲਈ ਜੇਲ੍ਹ ’ਚੋਂ ਬਾਹਰ ਆ ਗਿਆ ਹੈ। ਇਹ ਵੀਡੀਓ ਪੰਨੂ ਵੱਲੋਂ ਪ੍ਰਸਾਰਿਤ ਕੀਤੀ ਗਈ ਹੈ। ਇਸੇ ਵੀਡੀਓ ’ਚ ਉਸਨੇ ਡੋਭਾਲ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ। ਸੀਬੀਸੀ ਨਿਊਜ਼ ਅਨੁਸਾਰ, ਕੈਨੇਡੀਅਨ ਪੁਲਿਸ ਨੇ ਇੰਦਰਜੀਤ ਨੂੰ ਖ਼ਤਰਨਾਕ ਮੰਤਵ ਨਾਲ ਹਥਿਆਰ ਰੱਖਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਖ਼ਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਦਾ ਨੇੜਲਾ ਸਹਿਯੋਗੀ ਮੰਨਿਆ ਜਾਂਦਾ ਹੈ। ਨਿੱਜਰ ਦੀ ਜੂਨ 2023 ’ਚ ਬ੍ਰਿਟਿਸ਼ ਕੋਲੰਬੀਆ ’ਚ ਇਕ ਗੁਰਦੁਆਰੇ ਦੇ ਬਾਹਰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਟਕਰਾਅ ਪੈਦਾ ਹੋਇਆ ਸੀ। ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੱਤਿਆ ਕਾਂਡ ’ਚ ਭਾਰਤ ਦੀ ਭੂਮਿਕਾ ਦਾ ਦੋਸ਼ ਲਗਾਇਆ ਸੀ, ਜਦਕਿ ਭਾਰਤ ਨੇ ਇਸ ਨੂੰ ਖ਼ਾਰਜ ਕਰ ਦਿੱਤਾ ਸੀ ਤੇ ਕਈ ਵਾਰ ਇਹ ਕਹਿ ਵੀ ਚੁੱਕਾ ਹੈ ਕਿ ਕੈਨੇਡਾ ਖ਼ਾਲਿਸਤਾਨੀ ਸਮਰਥਕਾਂ ਨੂੰ ਪਨਾਹ ਦਿੰਦਾ ਹੈ।