ਸੋਨਮ ਵਾਂਗਚੁਕ ਗ੍ਰਿਫ਼ਤਾਰ, ਲੱਦਾਖ ‘ਚ ਹਿੰਸਾ ਤੋਂ ਬਾਅਦ ਪੁਲਿਸ ਦਾ ਵੱਡਾ ਐਕਸ਼ਨ

ਸ਼੍ਰੀਨਗਰ – ਲੇਹ ‘ਚ ਹੋਈ ਹਿੰਸਾ ਤੋਂ ਬਾਅਦ ਸ਼ੁੱਕਰਵਾਰ ਨੂੰ ਲੱਦਾਖ ਪੁਲਿਸ ਨੇ ਐਕਟਿਵਿਸਟ ਸੋਨਮ ਵਾਂਗਚੁਕ ਖ਼ਿਲਾਫ਼ ਵੱਡਾ ਐਕਸ਼ਨ ਲਿਆ ਹੈ। ਪੁਲਿਸ ਨੇ ਉਨ੍ਹਾਂ ਨੂੰ ਹਿੰਸਾ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਕੀਤਾ ਹੈ। ਬੁੱਧਵਾਰ ਨੂੰ ਲੇਹ ‘ਚ ਹੋਈ ਹਿੰਸਾ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਅੱਗ ਲਗਣ ਅਤੇ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ। ਸੋਨਮ ਵਾਂਗਚੁਕ ਨੂੰ ਡੀਜੀਪੀ ਐਸਡੀ ਸਿੰਘ ਜਾਮਵਾਲ ਦੀ ਅਗਵਾਈ ‘ਚ ਲੱਦਾਖ ਪੁਲਿਸ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ।

ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੁਲਿਸ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋ ਦਿਨ ਪਹਿਲਾਂ ਲੱਦਾਖ ਨੂੰ ਸੂਬੇ ਦਾ ਦਰਜਾ ਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਦੇ ਵਿਸਥਾਰ ਦੀ ਮੰਗ ਨੂੰ ਲੈ ਕੇ ਅੰਦੋਲਨ ਦੇ ਸਮਰਥਕਾਂ ਵੱਲੋਂ ਹਿੰਸਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਤੇ 90 ਹੋਰ ਜ਼ਖਮੀ ਹੋ ਗਏ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਵਾਂਗਚੁਕ ਨੂੰ ਲੱਦਾਖ ਦੇ ਡੀਜੀਪੀ ਐਸਡੀ ਸਿੰਘ ਜਾਮਵਾਲ ਦੀ ਅਗਵਾਈ ‘ਚ ਪੁਲਿਸ ਦੀ ਟੀਮ ਨੇ ਦੁਪਹਿਰ 2:30 ਵਜੇ ਗ੍ਰਿਫ਼ਤਾਰ ਕੀਤਾ।

ਗ੍ਰਹਿ ਮੰਤਰਾਲੇ ਨੇ ਲੇਹ ਐਪੈਕਸ ਬਾਡੀ (ਐਲਏਬੀ) ਦੇ ਸੀਨੀਅਰ ਮੈਂਬਰ ਵਾਂਗਚੁਕ ‘ਤੇ ਹਿੰਸਾ ਭੜਕਾਉਣ ਦਾ ਦੋਸ਼ ਲਗਾਇਆ ਸੀ। ਐਲਏਬੀ ਪਿਛਲੇ ਪੰਜ ਸਾਲਾਂ ਤੋਂ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ (ਕੇਡੀਏ) ਦੇ ਨਾਲ ਮਿਲ ਕੇ ਮੰਗਾਂ ਦੇ ਸਮਰਥਨ ‘ਚ ਅੰਦੋਲਨ ਦਾ ਅਗਵਾਈ ਕਰ ਰਹੀ ਹੈ।

ਹਾਲਾਂਕਿ, ਮੰਗਾਂ ਦੇ ਸਮਰਥਨ ‘ਚ ਭੁੱਖ ਹੜਤਾਲ ਦੀ ਅਗਵਾਈ ਕਰ ਰਹੇ ਵਾਂਗਚੁਕ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। ਉਨ੍ਹਾਂ ਹਿੰਸਾ ਦੀ ਨਿੰਦਾ ਕੀਤੀ ਤੇ ਬੁੱਧਵਾਰ ਨੂੰ ਹਿੰਸਾ ਦੇ ਬਾਅਦ ਦੋ ਹਫ਼ਤਿਆਂ ਤੋਂ ਚੱਲ ਰਹੀ ਆਪਣੀ ਅਨਸ਼ਨ ਨੂੰ ਵੀ ਖਤਮ ਕਰ ਦਿੱਤਾ।