ਖਾਲਿਸਤਾਨੀ ਅੰਬੈਸੀ ਦੀਆਂ ਖਬਰਾਂ ਨਾਲ ਭਾਰਤ-ਕੈਨੇਡਾ ਸਬੰਧਾਂ ’ਚ ਤਣਾਅ

ਸਰੀ – ਬ੍ਰਿਟਿਸ਼ ਕੋਲੰਬੀਆ ਦੇ ਇਕ ਗੁਰਦੁਆਰੇ ’ਚ ਖਾਲਿਸਤਾਨ ਦਾ ਕਥਿਤ ਦੂਤਘਰ ਖੋਲ੍ਹੇ ਜਾਣ ਦੀਆਂ ਖਬਰਾਂ ਮਗਰੋਂ ਭਾਰਤ ਤੇ ਕੈਨੇਡਾ ਦੇ ਸਬੰਧਾਂ ’ਚ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਸੂਤਰਾਂ ਦੇ ਮੁਤਾਬਕ ਇਸ ਬੋਰਡ ਲਗਾਉਣ ਦਾ ਮਕਸਦ ਖਾਲਿਸਤਾਨੀ ਸਰਗਰਮੀਆਂ ਨੂੰ ਸੁਰਜੀਤ ਕਰਨਾ ਹੈ। ਅੰਮਿ੍ਰਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਹ ਠੀਕ ਹੈ ਕਿ ਕੈਨੇਡਾ ’ਚ ਬੋਲਣ ਦੀ ਆਜ਼ਾਦੀ ਹੈ ਪਰ ਕੇਂਦਰ ਸਰਕਾਰ ਨੂੰ ਇਹ ਮਾਮਲਾ ਕੈਨੇਡਾ ਦੀ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ। ਭਾਜਪਾ ਆਗੂ ਤਰਵਿੰਦਰ ਸਿੰਘ ਮਰਵਾਹਾ ਨੇ ਖਾਲਿਸਤਾਨੀ ਸਮਰਥਕਾਂ ਦੀਆਂ ਹਰਕਤਾਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਵਿਦੇਸ਼ਾਂ ’ਚ ਖਾਲਿਸਤਾਨ ਦੀਆਂ ਗੱਲਾਂ ਕਰ ਰਹੇ ਹਨ, ਅਸਲ ’ਚ ਸਿੱਖਾਂ ਨੂੰ ਕਮਜ਼ੋਰ ਕਰ ਰਹੇ ਹਨ। ਉਨ੍ਹਾਂ ਕੈਨੇਡੀਅਨ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ’ਤੇ ਕਾਰਵਾਈ ਕਰੇ। ਉਨ੍ਹਾਂ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੂੰ ਵੀ ਇਸ ਮਾਮਲੇ ’ਤੇ ਕਾਰਵਾਈ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਇਹ ਘਟਨਾ ਕੈਨੇਡਾ ਦੀ ਖੁਫੀਆ ਏਜੰਸੀ ਦੀ ਇਸ ਰਿਪੋਰਟ ਦੇ ਬਾਅਦ ਵਾਪਰੀ ਹੈ ਜਿਸ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਖਾਲਿਸਤਾਨੀ ਅੱਤਵਾਦੀ ਕੈਨੇਡਾ ’ਚ ਸਰਗਰਮ ਹਨ। ਜੂਨ ਵਿਚ ਜਾਰੀ ਰਿਪੋਰਟ ’ਚ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀਐੱਸਆਈਐੱਸ) ਨੇ ਪਹਿਲੀ ਵਾਰੀ ਕਿਹਾ ਸੀ ਕਿ ਅਜਿਹੇ ਅਨਸਰ ਪੈਸਾ ਇਕੱਠਾ ਕਰ ਕੇ ਭਾਰਤ ’ਚ ਹਿੰਸਾ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ। ਭਾਰਤ ਸਰਕਾਰ ਲਗਾਤਾਰ ਕੈਨੇਡਾ ਦੀ ਸਰਕਾਰ ਨੂੰ ਖਾਲਿਸਤਾਨੀ ਸਮਰਥਕਾਂ ਦੇ ਖਿਲਾਫ਼ ਕਾਰਵਾਈ ਦੀ ਅਪੀਲ ਕਰਦੀ ਰਹੀ ਹੈ।