ਪੰਜਾਬੀ ਖ਼ਬਰਾਂ ਸੰਪਾਦਕੀ ਜਨਰਲ ਭਾਰਤ-ਅਫ਼ਗਾਨਿਸਤਾਨ ਨੇੜਤਾ ਤੋਂ ਪਾਕਿਸਤਾਨ ਪਰੇਸ਼ਾਨ

ਇਸ ਮਹੀਨੇ ਦੀਆਂ 13-14 ਤਰੀਕਾਂ ਨੂੰ ਅਫ਼ਗਾਨਿਸਤਾਨ ਨੇ ਹਮਲਾ ਕਰ ਕੇ 58 ਪਾਕਿਸਤਾਨੀ ਫ਼ੌਜੀਆਂ ਦੀ ਜਾਨ ਲੈ ਲਈ ਸੀ। ਤਾਲਿਬਾਨ ਨੇ ਉਸ ਦੀਆਂ 20 ਚੌਕੀਆਂ ਵੀ ਤਬਾਹ ਕੀਤੀਆਂ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਫ਼ੌਜ ਨੇ 19 ਅਫ਼ਗਾਨ ਸਰਹੱਦੀ ਚੌਕੀਆਂ ’ਤੇ ਤਾਲਿਬਾਨ ਲੜਾਕਿਆਂ ਦੇ ਟਿਕਾਣਿਆਂ ’ਤੇ ਕਬਜ਼ਾ ਕਰ ਲਿਆ ਸੀ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਤਾਲਿਬਾਨ ਦੇ ਹਮਲੇ ਨੂੰ ‘ਬੇਵਜ੍ਹਾ’ ਦੱਸਦਿਆਂ ਕਿਹਾ ਕਿ ਤਾਲਿਬਾਨ ਨੇ ਨਾਗਰਿਕ ਆਬਾਦੀ ਨੂੰ ਨਿਸ਼ਾਨਾ ਬਣਾਇਆ।

ਤਹਿਰੀਕ-ਏ-ਪਾਕਿਸਤਾਨ ਵੱਲੋਂ ਕਥਿਤ ਤੌਰ ’ਤੇ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਕਰਦਿਆਂ ਵਾਰ-ਵਾਰ ਅੱਤਵਾਦੀ ਹਮਲੇ ਕਰਨ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਸਥਿਤੀ ਵਿਗੜ ਗਈ। ਓਧਰ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ, ‘‘ਪਾਕਿਸਤਾਨ ਨਾਲ ਅਫ਼ਗਾਨਿਸਤਾਨ ਦਾ ਦੁਸ਼ਮਣੀ ਭਰਿਆ ਵਤੀਰਾ ਹੈ।’’ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਤਿਆਰ-ਬਰ-ਤਿਆਰ ਹਨ। ਇਹ ਬਿਆਨ ਦੋਵਾਂ ਮੁਲਕਾਂ ਦੇ ਸਬੰਧ ਹੋਰ ਵਿਗਾੜੇਗਾ। ਇਸ ਸਾਲ ਤਕਰੀਬਨ 6 ਵਾਰ ਪਾਕਿ-ਅਫ਼ਗਾਨਿਸਤਾਨ ਵਿਚਾਲੇ ਤਣਾਅ ਤੇ ਟਕਰਾਅ ਵਧਿਆ। ਦਸ ਜਨਵਰੀ ਨੂੰ ਪਾਕਿਸਤਾਨ ਨੇ ਟੀਟੀਪੀ ਦੇ ਟਿਕਾਣਿਆਂ ’ਤੇ ਹਵਾਈ ਹਮਲਾ ਕੀਤਾ। ਦੋ ਤੋਂ ਚਾਰ ਮਾਰਚ ਨੂੰ ਤੋਰਖਮ ਸੀਮਾ ’ਤੇ ਦੋਵਾਂ ਵੱਲੋਂ ਗੋਲ਼ੀਬਾਰੀ ਕੀਤੀ ਗਈ ਜਿਸ ਵਿਚ ਕਈ ਜ਼ਖ਼ਮੀ ਹੋ ਗਏ। ਤੇਈ ਮਾਰਚ ਨੂੰ ਵਜ਼ੀਰਿਸਤਾਨ ਵਿਚ ਪਾਕਿਸਤਾਨ ਨੇ ਤਾਲਿਬਾਨ ਲੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ। ਪੱਚੀ-ਅਠਾਈ ਅਪ੍ਰੈਲ ਵਿਚਾਲੇ ਵਜ਼ੀਰਿਸਤਾਨ ਕੋਲ ਘੁਸਪੈਠ ਦੀ ਕੋਸ਼ਿਸ਼ ਪਾਕਿਸਤਾਨ ਨੇ ਨਾਕਾਮ ਕੀਤੀ ਅਤੇ 71 ਮਿਲੀਟੈਂਟ ਮਾਰਨ ਦਾ ਦਾਅਵਾ ਕੀਤਾ। ਹੁਣ ਅਕਤੂਬਰ ’ਚ ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚਾਲੇ ਹਿੰਸਕ ਘਟਨਾਵਾਂ ਕਰਕੇ ਇਹ ਟਕਰਾਅ ਪੈਦਾ ਹੋ ਗਿਆ। ਉਂਜ ਦੋਵਾਂ ਦੇਸ਼ਾਂ ਦਰਮਿਆਨ ਸੰਘਰਸ਼ ਦਾ ਮੋਰਚਾ ਇਸ ਤਰ੍ਹਾਂ ਖੁੱਲ੍ਹਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਸਾਲ 2021 ਵਿਚ ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਸ਼ਾਸਨ ਕਾਇਮ ਹੋਣ ਤੋਂ ਬਾਅਦ ਵੀ ਇਹ ਸਿਲਸਿਲਾ ਜਾਰੀ ਹੈ।

ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਪਹਿਲਾਂ ਜਿਸ ਤਾਲਿਬਾਨ ਦਾ ਹਿਤੈਸ਼ੀ ਅਖਵਾਉਂਦਾ ਸੀ, ਅੱਜ ਉਹ ਇਸ ਦੇ ਖ਼ਿਲਾਫ਼ ਖੜ੍ਹਾ ਹੋ ਗਿਆ ਹੈ। ਇਸ ਦਾ ਕਾਰਨ ਇਹ ਹੈ ਪਾਕਿਸਤਾਨ ਆਪਣੇ ਇਲਾਕੇ ’ਚ ਹੋ ਰਹੇ ਦਹਿਸ਼ਤੀ ਹਮਲਿਆਂ ਲਈ ‘ਤਹਿਰੀਕ-ਏ-ਤਾਲਿਬਾਨ’ ਨੂੰ ਜ਼ਿੰਮੇਵਾਰ ਮੰਨਦਾ ਹੈ ਅਤੇ ਇਹ ਇਲਜ਼ਾਮ ਵੀ ਲਾ ਰਿਹਾ ਹੈ ਕਿ ਉਸ ਨੂੰ ਮੌਜੂਦਾ ਤਾਲਿਬਾਨ ਸਰਕਾਰ ਦੀ ਹਮਾਇਤ ਹਾਸਲ ਹੈ। ਦਰਅਸਲ, ਪਾਕਿਸਤਾਨ ਦੇ ਗਠਨ ਤੋਂ ਬਾਅਦ ਤੋਂ ਹੀ ਅਫ਼ਗਾਨਿਸਤਾਨ ਨਾਲ ਉਸ ਦੇ ਸਬੰਧ ਆਮ ਵਰਗੇ ਨਹੀਂ ਰਹੇ ਹਨ। ਸਾਲ 1949 ਵਿਚ ਆਜ਼ਾਦ ਪਸ਼ਤੂਨਿਸਤਾਨ ਬਣਾਉਣ ਦੇ ਮੁੱਦੇ ’ਤੇ ਪਾਕਿਸਤਾਨ ਨੇ ਅਫ਼ਗਾਨਿਸਤਾਨ ਦੀਆਂ ਆਦਿਵਾਸੀ ਬਸਤੀਆਂ ਉੱਤੇ ਹਮਲੇ ਕੀਤੇ ਸਨ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ’ਤੇ ਹਿੰਸਕ ਝੜਪਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਪਾਕਿਸਤਾਨ ਦਾ ਦਾਅਵਾ ਹੈ ਕਿ ਜਦ ਤੋਂ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਹਕੂਮਤ ਆਈ ਹੈ, ਟੀਟੀਪੀ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਓਧਰ ਅਫ਼ਗਾਨਿਸਤਾਨ ਦਾ ਇਲਜ਼ਾਮ ਹੈ ਕਿ ਪਾਕਿਸਤਾਨ ਦੇ ਸੁਰੱਖਿਆ ਬਲ ਬਿਨਾਂ ਕਿਸੇ ਕਾਰਨ ਉਨ੍ਹਾਂ ਦੇ ਸੀਮਾ ਖੇਤਰ ਵਿਚ ਦਾਖ਼ਲ ਹੋ ਕੇ ਤਹਿਰੀਕ-ਏ-ਤਾਲਿਬਾਨ ਦੇ ਆਗੂਆਂ ’ਤੇ ਹਵਾਈ ਹਮਲੇ ਕਰ ਰਹੇ ਹਨ। ਪਾਕਿਸਤਾਨ ਅਫ਼ਗਾਨਿਸਤਾਨ ’ਤੇ ਤਹਿਰੀਕ-ਏ-ਤਾਲਿਬਾਨ ਨੂੰ ਹੱਲਾਸ਼ੇਰੀ ਦੇਣ ਦਾ ਇਲਜ਼ਾਮ ਲਗਾਉਂਦਾ ਹੈ ਜੋ ਪਾਕਿਸਤਾਨ ਵਿਚ ਹਮਲੇ ਕਰਦੇ ਹਨ। ਜਿੱਥੇ ਅਫ਼ਗਾਨਿਸਤਾਨ ਵਿਚ ਹਮਲੇ ਵਧੇ ਹਨ, ਓਥੇ ਹੀ ਪਾਕਿਸਤਾਨ ਵਿਚ ਵੀ ਟੀਟੀਪੀ ਦੇ ਹਮਲੇ ਵਧ ਰਹੇ ਹਨ। ਦੋਵਾਂ ਦੇਸ਼ਾਂ ਦੇ ਆਪਸੀ ਵਿਵਾਦ ਦੀ ਵਜ੍ਹਾ ਸਰਹੱਦ ’ਤੇ 1893 ਵਿਚ ਬ੍ਰਿਟਿਸ਼ ਹਕੂਮਤ ਦੌਰਾਨ ਖਿੱਚੀ ਗਈ ‘ਡੂਰੰਡ ਰੇਖਾ’ ਵੀ ਹੈ ਜਿਸ ਨੂੰ ਪਾਕਿਸਤਾਨ ਮਾਨਤਾ ਦਿੰਦਾ ਹੈ ਪਰ ਅਫ਼ਗਾਨਿਸਤਾਨ ਇਸ ਨੂੰ ਨਾਮਨਜ਼ੂਰ ਕਰਦਾ ਰਿਹਾ ਹੈ ਜਿਸ ਕਰਕੇ ਸਰਹੱਦੀ ਵਿਵਾਦ ਬਣਿਆ ਰਹਿੰਦਾ ਹੈ। ਗ਼ੌਰਤਲਬ ਹੈ ਕਿ ਪਾਕਿਸਤਾਨ ਜਿਸ ਤਰ੍ਹਾਂ ਭਾਰਤੀ ਸਰਹੱਦ ’ਤੇ ਦਹਿਸ਼ਤਗਰਦਾਂ ਦੀ ਘੁਸਪੈਠ ਕਰਵਾਉਂਦਾ ਹੈ, ਉਸੇ ਤਰ੍ਹਾਂ ਦੇ ਇਲਜ਼ਾਮ ਉਹ ਹੁਣ ਅਫ਼ਗਾਨਿਸਤਾਨ ’ਤੇ ਲਾ ਰਿਹਾ ਹੈ।

ਮਾਹਿਰਾਂ ਮੁਤਾਬਕ ਸਭ ਤੋਂ ਵੱਧ ਭਾਰਤ, ਈਰਾਨ ਤੇ ਚੀਨ ਵਰਗੇ ਦੇਸ਼ ਵੀ ਚਿੰਤਤ ਹਨ। ਭਾਰਤ ਲਈ ਇਹ ਚਿੰਤਾ ਦਾ ਵਿਸ਼ਾ ਇਸ ਲਈ ਵੀ ਹੈ ਕਿਉਂਕਿ ਇਸ ਨਾਲ ਕਸ਼ਮੀਰ ਵਿਚ ਅਸਥਿਰਤਾ ਵਧ ਸਕਦੀ ਹੈ। ਇਸ ਦੌਰਾਨ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁੱਤਕੀ ਭਾਰਤ ਦੇ ਪਹਿਲੇ ਦੌਰੇ ’ਤੇ ਆਏ। ਰਾਜਧਾਨੀ ਦਿੱਲੀ ਵਿਚ ਮੁੱਤਕੀ ਦੇ ਕਈ ਬਿਆਨਾਂ ਕਾਰਨ ਪਾਕਿਸਤਾਨ ਚਿੰਤਤ ਹੋ ਗਿਆ ਜਿਵੇਂ ਕਿ ਪਹਿਲਗਾਮ ਦੇ ਦਹਿਸ਼ਤੀ ਹਮਲੇ ਦੇ ਪ੍ਰਸੰਗ ਵਿਚ ਜੰਮੂ-ਕਸ਼ਮੀਰ ਦਾ ਜ਼ਿਕਰ ਕਰਨਾ ਤੇ ਤਾਲਿਬਾਨ ਵੱਲੋਂ ਕਿਸੇ ਵੀ ਸਮੂਹ ਜਾਂ ਵਿਅਕਤੀ ਨੂੰ ਭਾਰਤ ਖ਼ਿਲਾਫ਼ ਅਫ਼ਗਾਨ ਜ਼ਮੀਨ ਵਰਤਣ ਦੀ ਆਗਿਆ ਨਾ ਦੇਣਾ ਆਦਿ। ‘ਤਹਿਰੀਕ-ਏ- ਤਾਲਿਬਾਨ’ ਦੇ ਹਮਲਿਆਂ ਤੋਂ ਵੀ ਇਸਲਾਮਾਬਾਦ ਬੇਹੱਦ ਪਰੇਸ਼ਾਨ ਸੀ। ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਮੁੱਤਕੀ ਦੀ ਦਿੱਲੀ ਵਿਚਲੀ ਪ੍ਰੈੱਸ ਕਾਨਫਰੰਸ ਵਿਚ ਕਿਸੇ ਵੀ ਮਹਿਲਾ ਪੱਤਰਕਾਰ ਨੂੰ ਆਉਣ ਦੀ ਆਗਿਆ ਨਾ ਦਿੱਤੇ ਜਾਣ ਦਾ ਮਾਮਲਾ ਕਾਫ਼ੀ ਭਖਿਆ।

ਤਾਲਿਬਾਨ ਹਕੂਮਤ ਨੇ ਆਪਣੀਆਂ ਹੀ ਔਰਤਾਂ ਵਿਰੁੱਧ ਸਭ ਤੋਂ ਵੱਧ ਦਮਨਕਾਰੀ ਕਾਰਵਾਈਆਂ ਵਿੱਢੀਆਂ ਹੋਈਆਂ ਹਨ। ਜੇ ਉਹ ਸਿਰਫ਼ ਅੱਧਾ ਅਸਮਾਨ ਚਾਹੁੰਦੀਆਂ ਹਨ ਤਾਂ ਕੰਧਾਰ ਦੇ ਮੁੱਲੇ ਉਨ੍ਹਾਂ ਨੂੰ ਇਹ ਅਧਿਕਾਰ ਕਿਉਂ ਨਹੀਂ ਦਿੰਦੇ? ਅਸਲ ਵਿਚ ਮੁੱਤਕੀ ਨੂੰ ਮਹਿਲਾ ਪੱਤਰਕਾਰਾਂ ਦੇ ਇਨ੍ਹਾਂ ਸਵਾਲਾਂ ਤੋਂ ਖ਼ਤਰਾ ਸੀ ਕਿ ਉਹ ਇਹ ਨਾ ਪੁੱਛ ਲੈਣ ਕਿ ਅਫ਼ਗਾਨ ਔਰਤਾਂ ਕੀ ਚਾਹੁੰਦੀਆਂ ਹਨ?

ਮੁੱਤਕੀ ਨੇ ਅਫ਼ਗਾਨਿਸਤਾਨ-ਅੰਮ੍ਰਿਤਸਰ ਵਿਚਾਲੇ ਸਿੱਧੀਆਂ ਉਡਾਣਾਂ ਜਲਦੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਅਤੇ ਸੰਪਰਕ ਵਧਾਉਣਾ ਹੈ। ਉਨ੍ਹਾਂ ਇਹ ਐਲਾਨ ਨਵੀਂ ਦਿੱਲੀ ਵਿਚ ਫੈੱਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਮਰਸ ਐਂਡ ਇੰਡਸਟਰੀ ’ਚ ਸਨਅਤਕਾਰਾਂ ਨਾਲ ਮੀਟਿੰਗ ਦੌਰਾਨ ਕੀਤਾ। ਇਸ ਨਾਲ ਦੋਵਾਂ ਦੇਸ਼ਾਂ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਫ਼ਾਇਦਾ ਹੋਵੇਗਾ। ਖ਼ਾਸ ਤੌਰ ’ਤੇ ਖੇਤੀਬਾੜੀ ਉਤਪਾਦਾਂ, ਸੁੱਕੇ ਮੇਵਿਆਂ, ਤਾਜ਼ੇ ਫਲਾਂ, ਦਸਤਕਾਰੀ ਵਸਤਾਂ ਅਤੇ ਦਵਾਈਆਂ ਦੀ ਦਰਾਮਦ-ਬਰਾਮਦ ਵਿਚ ਵੱਡੀ ਸਹੂਲਤ ਹੋਵੇਗੀ ਜਿਸ ਨਾਲ ਦੁਵੱਲੇ ਵਪਾਰ ਨੂੰ ਮਜ਼ਬੂਤੀ ਮਿਲੇਗੀ। ਭਾਰਤ-ਅਫ਼ਗਾਨਿਸਤਾਨ ਵਿਚਾਲੇ ਬਿਹਤਰ ਸਬੰਧਾਂ ਦਾ ਸਮੁੱਚੇ ਦੱਖਣੀ ਏਸ਼ਿਆਈ ਖਿੱਤੇ ਲਈ ਅਤੇ ਇਸ ਤੋਂ ਪਰੇ ਵੀ ਗੰਭੀਰ ਸਿੱਟੇ ਨਿਕਲ ਸਕਦੇ ਹਨ। ਅਫ਼ਗਾਨ ਵਿਦੇਸ਼ ਮੰਤਰੀ ਮੁੱਤਕੀ ਦੇ ਇਸ ਦੌਰੇ ਨੂੰ ਇਸ ਕਰਕੇ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿ ਇਹ ਭਾਰਤ-ਅਫ਼ਗਾਨ ਸਬੰਧਾਂ ਨੂੰ ਨਵੀਂ ਦਿਸ਼ਾ ਹੀ ਪ੍ਰਦਾਨ ਨਹੀਂ ਕਰਦਾ ਸਗੋਂ ਖੇਤਰੀ ਸ਼ਕਤੀ ਸੰਤੁਲਨ ਬਣਾਉਣ ਵਿਚ ਲਾਹੇਵੰਦ ਸਾਬਿਤ ਹੋਵੇਗਾ, ਖ਼ਾਸ ਕਰਕੇ ਪਾਕਿਸਤਾਨ ਲਈ ਇਹ ਦੌਰਾ ਕਈ ਸਵਾਲ ਖੜ੍ਹੇ ਕਰਦਾ ਹੈ।

ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਹ ਕਿਸੇ ਤਾਲਿਬਾਨੀ ਆਗੂ ਦਾ ਪਹਿਲਾ ਭਾਰਤ ਦੌਰਾ ਸੀ ਜਿਸ ਨਾਲ ਨਿਰਸੰਦੇਹ ਦਿੱਲੀ ਤੇ ਕਾਬੁਲ ਦੇ ਸਬੰਧ ਸੁਧਰਨਗੇ। ਪਾਕਿਸਤਾਨ ਦੀ ਪਰੇਸ਼ਾਨੀ ਦਾ ਸਬੱਬ ਭਾਰਤ ਤੇ ਅਫ਼ਗਾਨਿਸਤਾਨ ਦੇ ਮਜ਼ਬੂਤ ਹੁੰਦੇ ਰਿਸ਼ਤੇ ਅਤੇ ਅਫ਼ਗਾਨਿਸਤਾਨ ਵਿਚ ਭਾਰਤ ਦੀਆਂ ਸੜਕਾਂ, ਸਕੂਲ, ਹਸਪਤਾਲ, ਸੰਸਦ ਭਵਨ ਦੇ ਨਿਰਮਾਣ ਦੀਆਂ ਯੋਜਨਾਵਾਂ ਹਨ। ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਨਾਲ ਚਾਬਹਾਰ ਬੰਦਰਗਾਹ ਤੋਂ ਪਾਬੰਦੀਆਂ ਹਟਾਉਣ ਬਾਰੇ ਗੱਲ ਕਰੇ। ਉਹ ਰਣਨੀਤਕ ਤੌਰ ’ਤੇ ਚਾਬਹਾਰ ਬੰਦਰਗਾਹ ਦੇ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਦੇ ਪੱਖ ਵਿਚ ਹਨ।

ਚਾਬਹਾਰ ਬੰਦਰਗਾਹ ਭਾਰਤ ਨੂੰ ਪਾਕਿਸਤਾਨ ਵਿੱਚੋਂ ਦੀ ਬਿਨਾਂ ਲੰਘਣ ਦੇ ਹੀ ਅਫ਼ਗਾਨਿਸਤਾਨ ਤੇ ਮੱਧ ਏਸ਼ੀਆ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਫ਼ਿਲਹਾਲ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਚੱਲ ਰਹੇ ਸੰਘਰਸ਼ ਦਾ ਹੱਲ ਨਿਕਲਣ ਵਾਲੀਆਂ ਖ਼ਬਰਾਂ ਆ ਰਹੀਆਂ ਹਨ। ਕਤਰ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਐਤਵਾਰ ਨੂੰ ਦੋਹਾ ਵਿਚ ਹੋਈ ਵਾਰਤਾ ਦੌਰਾਨ ਪਾਕਿਸਤਾਨ ਤੇ ਅਫ਼ਗਾਨਿਸਤਾਨ ਤੁਰੰਤ ਪ੍ਰਭਾਵ ਨਾਲ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਹਾਲ ਦੀ ਘੜੀ ਭਾਰਤ-ਅਫ਼ਗਾਨਿਸਤਾਨ ਦੇ ਬਿਹਤਰ ਸਬੰਧਾਂ ਤੋਂ ਪਾਕਿਸਤਾਨ ਚਿੰਤਤ ਹੀ ਨਹੀਂ ਸਗੋਂ ਬੇਹੱਦ ਪਰੇਸ਼ਾਨ ਵੀ ਹੈ।