ਰੇਹੜੀਆਂ ਵਾਲਿਆਂ ਤੋਂ ਪੁੱਡਾ ਗਰਾਊਂਡ ਮੁਕਤ ਕਰਵਾਉਣ ਦੀ ਮੰਗ

ਜਲੰਧਰ – ਡੀਸੀ ਵੱਲੋਂ ਆਪਣੇ ਹੱਕਾਂ ਲਈ ਲੜਨ ਵਾਲੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਕੁਝ ਥਾਂਵਾ ਰੋਸ ਧਰਨਿਆਂ-ਮੁਜ਼ਾਹਰਿਆਂ ਲਈ ਅਲਾਟ ਕੀਤੀਆਂ ਸਨ, ਤਾਂ ਕਿ ਜਨਤਾ ਨੂੰ ਇਨ੍ਹਾਂ ਧਰਨਿਆਂ-ਮੁਜ਼ਾਹਰਿਆਂ ਦੀ ਬਦੌਲਤ ਖੱਜਲ-ਖੁਆਰੀ ਨਾ ਸਹਿਣ ਕਰਨੀ ਪਵੇ। ਇਨ੍ਹਾਂ ਥਾਵਾਂ ’ਚ ਪੁੱਡਾ ਗਰਾਊਂਡ ਸਾਹਮਣੇ ਡੀਸੀ ਵੀ ਸ਼ਾਮਲ ਹੈ ਜਿੱਥੇ ਮੁਲਾਜ਼ਮ, ਪੈਨਸ਼ਨਰਜ, ਕਿਸਾਨ, ਮਜ਼ਦੂਰ ਹੋਰ ਲੋਕ ਆਪਣੀਆਂ ਜਾਇਜ ਮੰਗਾਂ ਮਨਾਉਣ ਲਈ ਧਰਨੇ-ਮੁਜ਼ਾਹਰੇ ਕਰਦੇ ਸਨ, ਹੁਣ ਇਸ ਥਾਂ ’ਤੇ ਰੇਹੜੀਆਂ ਵਾਲਿਆਂ ਤੇ ਝਾੜੀਆਂ ਨੇ ਕਬਜ਼ਾ ਕਰ ਲਿਆ ਹੈ। ਮਜ਼ਾਹਰਾਕਾਰੀਆਂ ਤੇ ਧਾਰਨਾਕਾਰੀਆਂ ਲਈ ਹੁਣ ਦਰੀ ਵਿਛਾਉਣ ਲਈ ਕੋਈ ਥਾਂ ਨਹੀਂ ਹੈ। ਇਸ ਪੱਤਰਕਾਰ ਨੇ ਪਹਿਲਾਂ ਵੀ ਡੀਸੀ ਨੂੰ ‘ਪੰਜਾਬੀ ਜਾਗਰਣ’ ’ਚ ਖਬਰ ਲਾ ਕੇ ਮੰਗ ਕੀਤੀ ਸੀ ਕਿ ਇਹ ਜਗ੍ਹਾ ਸਾਫ ਕਰਾਈ ਜਾਵੇ ਤੇ ਰੇਹੜੀਆਂ ਵਾਲਿਆਂ ਤੋਂ ਮੁਕਤ ਕਰਵਾਈ ਜਾਵੇ ਪਰ ਡੀਸੀ ਨੂੰ ਸ਼ਾਇਦ ਇਸ ਕਾਰਜ ਲਈ ਸਮਾਂ ਨਹੀਂ ਮਿਲਿਆ ਜਾਂ ਫਿਰ ਫਿਕਰ ਨਹੀਂ ਕੀਤਾ ਗਿਆ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਆਗੂਆਂ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਪਸ਼ਵਿੰਦਰ ਕੁਮਾਰ ਬਿਰਦੀ, ਤਰਸੇਮ ਮਾਧੋਪੁਰੀ, ਨਿਰਮੋਲਕ ਸਿੰਘ ਹੀਰਾ, ਪਰਮਜੀਤ ਸੋਨੂ, ਓਮ ਪ੍ਰਕਾਸ਼, ਦੇਵਰਾਜ, ਸੰਤ ਰਾਮ, ਪੈਨਸ਼ਨਰਜ਼ ਆਗੂ ਕੁਲਦੀਪ ਕੌੜਾ ਤੇ ਰਤਨ ਸਿੰਘ ਤੇ ਹੋਰ ਆਗੂਆਂ ਨੇ ਫਿਰ ਡੀਸੀ ਨੂੰ ਝਾੜੀਆਂ ’ਚ ਖੜ੍ਹ ਕੇ ਅਪੀਲ ਕੀਤੀ ਕਿ ਝਾੜੀਆਂ ਦੀ ਸਫਾਈ ਕਰਵਾ ਕੇ ਇਹ ਥਾਂ ਧਰਨਿਆਂ ਮੁਜਾਹਰਿਆਂ ਯੋਗ ਬਣਵਾਈ ਜਾਵੇ। ਦੂਸਰਾ ਪੁੱਡਾ ਗਰਾਉਂਡ ਦਾ ਸੜਕ ਵਾਲਾ ਪਾਸਾ ਸਾਰੇ ਦਾ ਸਾਰਾ ਰੇੜੀਆਂ ਵਾਲਿਆਂ ਨੇ ਮਲ ਰੱਖਿਆ ਹੈ, ਉਸ ਨੂੰ ਮੁਕਤ ਕਰਾਇਆ ਜਾਵੇ। ਆਗੂਆਂ ਨੇ ਡੀਸੀ ਨੂੰ ਅਪੀਲ ਕੀਤੀ ਕਿ ਇਹ ਕਾਰਜ ਤੁਰੰਤ ਕਰਾਇਆ ਜਾਵੇ।