ਗਾਜ਼ਾ ’ਚ ਰੋਜ਼ 28 ਬੱਚੇ ਗੁਆ ਰਹੇ ਹਨ ਜਾਨ, ਯੂਐੱਨ ਨੇ ਤਾਜ਼ਾ ਰਿਪੋਰਟ ’ਚ ਪ੍ਰਗਟਾਈ ਚਿੰਤਾ

ਤਲ ਅਵੀਵ – ਸੰਯੁਕਤ ਰਾਸ਼ਟਰ (ਯੂਐੱਨ) ਨੇ ਆਪਣੀ ਤਾਜ਼ਾ ਰਿਪੋਰਟ ’ਚ ਚਿੰਤਾ ਪ੍ਰਗਟਾਈ ਹੈ ਕਿ ਗਾ਼ਜ਼ਾ ਪੱਟੀ ’ਚ ਇਜ਼ਰਾਈਲ ਦੀ ਹਮਲਾਵਰ ਕਾਰਵਾਈ ਦੇ ਚੱਲਦਿਆਂ ਰੋਜ਼ਾਨਾ ਔਸਤਨ 28 ਬੱਚੇ ਮਾਰੇ ਜਾ ਰਹੇ ਹਨ। ਉਹ ਬੰਬ ਹਮਲਿਆਂ ਜਾਂ ਮਨੁੱਖੀ ਮਦਦ ਨਾ ਮਿਲਣ ਕਾਰਨ ਭੁੱਖ ਤੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ।

ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈਫ) ਨੇ ਕਿਹਾ ਕਿ ਬੰਬ ਹਮਲਿਆਂ, ਕੁਪੋਸ਼ਣ, ਭੁੱਖਮਰੀ, ਜ਼ਰੂਰੀ ਸੇਵਾਵਾਂ ਤੇ ਮਨੁੱਖੀ ਮਦਦ ਦੀ ਘਾਟ ’ਚ ਬੱਚਿਆਂ ਦੀਆਂ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਪਰੇਸ਼ਾਨ ਕਰਨ ਵਾਲੀਆਂ ਹਨ। ਯੂਐੱਨ ਦੀ ਰਿਪੋਰਟ ਅਨੁਸਾਰ, ਸੱਤ ਅਕਤੂਬਰ 2023 ਤੋਂ ਬਾਅਦ ਗਾਜ਼ਾ ’ਚ ਹਮਾਸ ਦੇ ਖ਼ਿਲਾਫ਼ ਇਜ਼ਰਾਈਲ ਵੱਲੋਂ ਚਲਾਈ ਜਾ ਰਹੀ ਫ਼ੌਜੀ ਮੁਹਿੰਮ ’ਚ ਹੁਣ ਤੱਕ 18 ਹਜ਼ਾਰ ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਹਰ ਘੰਟੇ ਇਕ ਬੱਚੇ ਦੀ ਮੌਤ ਕਾਫੀ ਚਿੰਤਾਜਨਕ ਹੈ। ਗਾਜ਼ਾ ’ਚ ਹੁਣ ਤੱਕ ਕੁੱਲ 60,933 ਫ਼ਲਸਤੀਨੀ ਮਾਰੇ ਜਾ ਚੁੱਕੇ ਹਨ ਤੇ ਡੇਢ ਲੱਖ ਤੋਂ ਵੱਧ ਜ਼ਖ਼ਮੀ ਹੋਏ ਹਨ। ਬੁੱਧਵਾਰ ਨੂੰ ਗਾਜ਼ਾ ’ਚ ਇਜ਼ਰਾਇਲੀ ਹਮਲੇ ’ਚ 83 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ’ਚੋਂ 58 ਲੋਕ ਮਨੁੱਖੀ ਮਦਦ ਲੈਣ ਲਈ ਇਕੱਠੇ ਹੋਏ ਸਨ।

ਰਾਇਟਰ ਅਨੁਸਾਰ, ਸੰਯੁਕਤ ਰਾਸ਼ਟਰ ਦੇ ਸਹਾਇਕ ਜਨਰਲ ਸਕੱਤਰ ਮਿਰੋਸਲੋਵ ਜ਼ੇਂਕਾ ਨੇ ਕਿਹਾ ਹੈ ਕਿ ਗਾਜ਼ਾ ’ਤੇ ਇਜ਼ਰਾਇਲੀ ਕਬਜ਼ੇ ਦੀਆਂ ਤਿਆਰੀਆਂ ਦੀਆਂ ਖ਼ਬਰਾਂ ਗੰਭੀਰ ਤੌਰ ’ਤੇ ਚਿੰਤਾਜਨਕ ਹਨ। ਇਕ ਦਿਨ ਪਹਿਲਾਂ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ’ਤੇ ਕਬਜ਼ੇ ਨੂੰ ਲੈ ਕੇ ਉੱਚ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ।

ਏਪੀ ਅਨੁਸਾਰ, ਇਜ਼ਰਾਈਲ ਨੇ ਹਮਾਸ ਦੇ ਕਬਜ਼ੇ ’ਚੋਂ ਆਪਣੇ ਨਾਗਰਿਕਾਂ ਨੂੰ ਆਜ਼ਾਦ ਕਰਵਾਉਣ ਲਈ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਐਮਰਜੈਂਸੀ ਮੀਟਿੰਗ ਸੱਦੀ ਸੀ। ਇਹ ਬੰਦੀ ਪਿਛਲੇ ਕਰੀਬ ਦੋ ਸਾਲਾਂ ਤੋਂ ਹਮਾਸ ਦੇ ਕਬਜ਼ੇ ’ਚ ਹਨ। ਹਾਲ ਹੀ ਵਿਚ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਇਕ ਇਜ਼ਰਾਇਲੀ ਬੰਦੀ ਆਪਣੀ ਕਬਰ ਪੁੱਟਦਾ ਦਿਸਿਆ ਸੀ।