ਰਾਜਸਥਾਨ ਤੋਂ ਝੋਨਾ ਲਿਆ ਕੇ ਪੰਜਾਬ ‘ਚ ਵੇਚਣ ਵਾਲੇ ਤਿੰਨ ਗ੍ਰਿਫਤਾਰ, 5 ਖ਼ਿਲਾਫ਼ ਮੁਕੱਦਮਾ ਦਰਜ

ਫਿਰੋਜ਼ਪੁਰ- ਰਾਜਸਥਾਨ ਤੋਂ ਝੋਨੇ ਦੀਆਂ ਟਰੈਕਟਰ ਟਰਾਲੀਆਂ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਪੰਜਾਬ ਦੀ ਸਰਕਾਰੀ ਖਰੀਦ ਤੇ ਵੇਚਣ ਦੇ ਦੋਸ਼ ਵਿੱਚ ਥਾਣਾ ਮਮਦੋਟ ਦੀ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 5 ਖਿਲਾਫ 318 (4), 61 (2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸੋਨਾ ਸਿੰਘ ਸਹਾਇਕ ਖੁਰਾਕ ਸਪਲਾਈਜ਼ ਅਫਸਰ ਫਿਰੋਜ਼ਪੁਰ ਨੇ ਦੱਸਿਆ ਕਿ ਦੋਸ਼ੀ ਗੋਬਿੰਦ ਪੁੱਤਰ ਸਤਪਾਲ ਸਿੰਘ, ਰਮੇਸ਼ ਕੁਮਾਰ ਪੁੱਤਰ ਨਾਨਕ ਸਿੰਘ, ਲਵਪ੍ਰੀਤ ਸਿੰਘ ਪੁੱਤਰ ਰਾਜ ਕੁਮਾਰ ਵਾਸੀਅਨ ਡੱਬਲੀ ਹਨੂੰਮਾਨਗੜ੍ਹ ਰਾਜਸਥਾਨ, ਮਨਪ੍ਰੀਤ ਸਿੰਘ ਵਾਸੀ ਬਹਾਵ ਵਾਲਾ ਅਤੇ ਮੇਜਰ ਸਿੰਘ ਆੜ੍ਹਤੀਆ ਦਾ ਪੁੱਤਰ ਰਾਜਸਥਾਨ ਤੋਂ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਪੰਜਾਬ ਦੀ ਸਰਕਾਰੀ ਖਰੀਦ ਤੇ ਵੇਚਦੇ ਹਨ।

ਜੋ ਸਮੇਤ 2 ਟਰੈਕਟਰ ਟਰਾਲੀਆਂ ਭਰੇ ਅਤੇ ਇੱਕ ਟਰੈਕਟਰ ਟਰਾਲੀ ਖਾਲੀ ਕਾਬੂ ਕੀਤੇ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਖ਼ਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।