ਜ਼ਹਿਰੀਲੀ ਹਵਾ ਕਾਰਨ ਪੰਜਾਬ ‘ਚ ਸਾਹ ਲੈਣਾ ਹੋਇਆ ਔਖਾ,ਜਲੰਧਰ ਤੇ ਅੰਮ੍ਰਿਤਸਰ ਦਾ AQI ਖ਼ਤਰਨਾਕ ਪੱਧਰ ’ਤੇ ਪੁੱਜਾ

ਪਟਿਆਲਾ : ਸੂਬੇ ਭਰ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਨਾਲ-ਨਾਲ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਚੱਲੇ ਪਟਾਕਿਆਂ ਦਾ ਕਾਫ਼ੀ ਅਸਰ ਸੂਬੇ ਦੀ ਆਬੋ-ਹਵਾ ’ਤੇ ਪਿਆ ਹੈ। ਇਸ ਦੌਰਾਨ ਪੰਜਾਬ ਦੀ ਹਵਾ ਲਗਾਤਾਰ ਦੂਜੇ ਦਿਨ ਵੀ ਜ਼ਹਿਰੀਲੀ ਰਹੀ। ਪ੍ਰਦੂਸ਼ਣ ਵਧਣ ਨਾਲ ਸੂਬੇ ਦੇ ਵੱਡੇ ਸ਼ਹਿਰਾਂ ਵਿਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਖ਼ਰਾਬ (ਮਾੜੀ) ਅਤੇ ਗੰਭੀਰ ਸ਼੍ਰੇਣੀ ਵਿਚ ਪਹੁੰਚ ਗਿਆ। ਪਟਾਕਿਆਂ ਅਤੇ ਪਰਾਲੀ ਸਾੜਨ ਕਾਰਨ ਮੰਗਲਵਾਰ ਰਾਤ ਨੂੰ ਜਲੰਧਰ ਅਤੇ ਅੰਮ੍ਰਿਤਸਰ ਵਿਚ ਏਕਿਊਆਈ 500 ਤੋਂ ਵਧ ਗਿਆ, ਜਦਕਿ ਲੁਧਿਆਣਾ ਦਾ ਏਕਿਊਆਈ 419 ਤੱਕ ਪਹੁੰਚ ਗਿਆ। ਜ਼ਿਆਦਾਤਰ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਰਾਤ 11 ਵਜੇ ਤੋਂ ਬਾਅਦ ਸਭ ਤੋਂ ਵੱਧ ਪ੍ਰਭਾਵਿਤ ਹੋਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਪਦੰਡਾਂ ਅਨੁਸਾਰ ਇਸ ਨੂੰ ਗੰਭੀਰ ਮੰਨਿਆ ਜਾਂਦਾ ਹੈ ਤੇ ਇਨ੍ਹਾਂ ਹਾਲਤ ਵਿਚ ਖੁੱਲ੍ਹੇ ਵਿਚ ਸਾਹ ਲੈਣਾ ਆਮ ਲੋਕਾਂ ਲਈ ਵੀ ਬਹੁਤ ਖ਼ਤਰਨਾਕ ਮੰਨਿਆ ਜਾਂਦਾ ਹੈ।

ਦੀਵਾਲੀ ਅਤੇ ਬੰਦੀ ਛੋੜ ਦਿਵਸ ‘ਤੇ ਹੋਈ ਆਤਿਸ਼ਬਾਜ਼ੀ ਦੀ ਆੜ ਵਿਚ ਬੀਤੇ ਸੋਮਵਾਰ ਦੇ ਮੁਕਾਬਲੇ ਮੰਗਲਵਾਰ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਵੀ ਵਾਧਾ ਹੋਇਆ ਹੈ। ਸੋਮਵਾਰ ਨੂੰ ਸੂਬੇ ਵਿਚ ਪਰਾਲੀ ਸਾੜਨ ਦੀਆਂ 45 ਘਟਨਾਵਾਂ ਵਾਪਰੀਆਂ, ਜਦਕਿ ਮੰਗਲਵਾਰ ਨੂੰ ਇਨ੍ਹਾਂ ਦੀ ਗਿਣਤੀ ਵਧ ਕੇ 62 ਹੋ ਗਈ। 15 ਸਤੰਬਰ ਤੋਂ ਲੈ ਕੇ ਹੁਣ ਤੱਕ ਸੂਬੇ ਭਰ ਵਿਚ ਪਰਾਲੀ ਸਾੜਨ ਦੀਆਂ ਕੁੱਲ ਘਟਨਾਵਾਂ ਦੀ ਗਿਣਤੀ 415 ਹੋ ਗਈ ਹੈ, ਜਦਕਿ ਪਿਛਲੇ ਸਾਲ (2024) ਵਿਚ 15 ਸਤੰਬਰ ਤੋਂ 21 ਅਕਤੂਬਰ ਤੱਕ ਸੂਬੇ ਵਿਚ ਪਰਾਲੀ ਸਾੜਨ ਦੀਆਂ 1,510 ਘਟਨਾਵਾਂ ਸਾਹਮਣੇ ਆਈਆਂ ਸਨ। ਇਸ ਸਾਲ ਪਰਾਲੀ ਘੱਟ ਸੜਨ ਦਾ ਕਾਰਨ ਸੂਬਾ ਸਰਕਾਰ ਵੱਲੋਂ ਪਰਾਲੀ ਸਾੜਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨਾ ਮੰਨਿਆ ਜਾ ਰਿਹਾ ਹੈ।

ਮੌਜੂਦਾ ਸੀਜ਼ਨ ਵਿਚ ਹੁਣ ਤੱਕ ਤਰਨਤਾਰਨ ਵਿਚ ਪਰਾਲੀ ਸਾੜਨ ਦੇ 136 ਅਤੇ ਅੰਮ੍ਰਿਤਸਰ ਵਿਚ 120 ਮਾਮਲੇ ਸਾਹਮਣੇ ਆਏ ਹਨ, ਜਦਕਿ ਫ਼ਿਰੋਜ਼ਪੁਰ ਵਿਚ 41 ਅਤੇ ਪਟਿਆਲਾ ਵਿਚ 27 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 940000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ, ਜਿਸ ਵਿਚੋਂ 625000 ਜੁਰਮਾਨਾ ਭਰਵਾਇਆ ਗਿਆ ਹੈ ਅਤੇ 170 ਕਿਸਾਨਾਂ ਖ਼ਿਲਾਫ਼ ਪੁਲਿਸ ਕੇਸ ਦਰਜ ਕੀਤੇ ਗਏ ਹਨ। 165 ਕਿਸਾਨਾਂ ਦੀਆਂ ਫ਼ਰਦਾਂ ’ਚ ਰੈੱਡ ਐਂਟਰੀਆਂ ਕੀਤੀਆਂ ਗਈਆਂ ਹਨ।