ਨਵੀਂ ਦਿੱਲੀ – ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਹਾਲੀਆ ਜਮਾਤ-ਉਲ ਮੋਮੀਨਾਤ ਨਾਂ ਨਾਲ ਆਪਣੀ ਪਹਿਲੀ ਮਹਿਲਾ ਬ੍ਰਿਗੇਡ ਦੇ ਗਠਨ ਦੇ ਐਲਾਨ ਦੇ ਕੁਝ ਹੀ ਦਿਨਾਂ ਬਾਅਦ ਇਸ ਨੇ ਹੁਣ ਤੁਫਾਤ ਅਲ -ਮੋਮੀਨਾਤ ਨਾਂ ਨਾਲ ਇਕ ਆਨਲਾਈਨ ਟ੍ਰੇਨਿੰਗ ਕੋਰਸ ਸ਼ੁਰੂ ਕੀਤਾ ਹੈ। ਇਸ ਦਾ ਮਕਸਦ ਪੈਸਾ ਇਕੱਠਾ ਕਰਨਾ ਤੇ ਵੱਧ ਤੋਂ ਵੱਧ ਔਰਤਾਂ ਦੀ ਭਰਤੀ ਕਰਨਾ ਹੈ। ਇਸ ਕੋਰਸ ’ਚ ਦਾਖਲਾ ਲੈਣ ਵਾਲੀ ਹਰ ਔਰਤ ਤੋਂ 500 ਪਾਕਿਸਤਾਨੀ ਰੁਪਏ ਦਾ ਚੰਦਾ ਵੀ ਲਿਆ ਜਾ ਰਿਹਾ ਹੈ ਤੇ ਉਨ੍ਹਾਂ ਤੋਂ ਇਕ ਆਨਲਾਈਨ ਸੂਚਨਾ ਫਾਰਮ ਵੀ ਭਰਵਾਇਆ ਜਾ ਰਿਹਾ ਹੈ। ਇਸ ਮਹਿਲਾ ਬ੍ਰਿਗੇਡ ਦੀ ਅਗਵਾਈ ਮਸੂਦ ਅਜ਼ਹਰ ਦੀ ਭੈਣ ਸਾਦੀਆ ਅਜ਼ਹਰ ਕਰੇਗੀ ਜਿਸ ਦਾ ਪਤੀ ਯੂਸਫ ਅਜ਼ਹਰ ਸੱਤ ਮਈ ਨੂੰ ਆਪ੍ਰੇਸ਼ਨ ਸਿੰਧੂਰ ’ਚ ਮਾਰਿਆ ਗਿਆ ਸੀ ਜਦੋਂ ਭਾਰਤੀ ਫ਼ੌਜ ਨੇ ਮਰਕਜ਼ ਸੁਭਾਨਅੱਲ੍ਹਾ ਸਥਿਤ ਜੈਸ਼ ਦੇ ਹੈੱਡਕੁਆਰਟਰ ’ਤੇ ਹਮਲਾ ਕੀਤਾ ਸੀ।
ਸੂਤਰਾਂ ਮੁਤਾਬਕ, ਸੰਗਠਨ ਨੂੰ ਮਜ਼ਬੂਤ ਕਰਨ ਅਤੇ ਜ਼ਿਆਦਾ ਔਰਤਾਂ ਦੀ ਭਰਤੀ ਲਈ ਜੈਸ਼ ਅੱਤਵਾਦੀਆਂ (ਜਿਨ੍ਹਾਂ ’ਚ ਮਸੂਦ ਅਜ਼ਹਰ ਤੇ ਉਸ ਦੇ ਕਮਾਂਡਰਾਂ ਦੇ ਰਿਸ਼ਤੇਵਾਰ ਵੀ ਸ਼ਾਮਲ ਹਨ) ਦੇ ਪਰਿਵਾਰਾਂ ਦੀਆਂ ਮਹਿਲਾ ਮੈਂਬਰ ਜਿਹਾਦੀ ਕੋਰਸ ’ਚ ਦਾਖਲਾ ਲੈਣ ਵਾਲੀਆਂ ਔਰਤਾਂ ਨੂੰ ਜਿਹਾਦ, ਧਰਮ ਤੇ ਇਸਲਾਮ ਦੇ ਨਜ਼ਰੀਏ ਨਾਲ ਉਨ੍ਹਾਂ ਦੇ ਫਰਜ਼ਾਂ ਦਾ ਪਾਠ ਪੜ੍ਹਾਉਣਗੀਆਂ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਮੁਤਾਬਕ, ਆਨਲਾਈਨ ਲਾਈਵ ਭਾਸ਼ਣਾਂ ਜ਼ਰੀਏ ਭਰਤੀ ਮੁਹਿੰਮ ਅੱਠ ਨਵੰਬਰ ਤੋਂ ਸ਼ੁਰੂ ਹੋਣ ਵਾਲੀ ਹੈ। ਸੂਤਰਾਂ ਨੇ ਕਿਹਾ ਕਿ ਮਸੂਦ ਅਜ਼ਹਰ ਦੀਆਂ ਦੋ ਭੈਣਾਂ- ਸਾਦੀਆ ਤੇ ਸਮਾਇਰਾ ਆਨਲਾਈਨ ਮੀਟਿੰਗ ਪਲੇਟਫਾਰਮ ਜ਼ਰੀਏ ਰੋਜ਼ਾਨਾ 40 ਮਿੰਟਾਂ ਤੱਕ ਔਰਤਾਂ ਨੂੰ ਜੈਸ਼-ਏ-ਮੁਹੰਮਦ ਦੀ ਮਹਿਲਾ ਬ੍ਰਿਗੇਡ ਜਮਾਤ-ਉਲ-ਮੋਮੀਨਾਤ ’ਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਨਗੀਆਂ।
ਪਹਿਲਗਾਮ ਹਮਲੇ ਦੇ ਜਵਾਬ ’ਚ ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤੀ ਹਵਾਈ ਫ਼ੌਜ ਦੇ ਹਵਾਈ ਹਮਲਿਆਂ ’ਚ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਤੇ ਹਿਜ਼ਬੁਲ ਮੁਜਾਹਦੀਨ ਵਰਗੇ ਅੱਤਵਾਦੀ ਸੰਗਠਨਾਂ ਦੇ ਹੈੱਡਕੁਆਰਟਰ ਤਬਾਹ ਕਰ ਦਿੱਤੇ ਗਏ ਸਨ। ਉਦੋਂ ਤੋਂ ਇਹ ਸੰਗਠਨ ਕਿਸੇ ਵੀ ਭਾਰਤੀ ਹਮਲੇ ਤੋਂ ਬਚਣ ਲਈ ਰਣਨੀਤਕ ਰੂਪ ਨਾਲ ਆਪਣੇ ਟਿਕਾਣਿਆਂ ਨੂੰ ਪਾਕਿਸਤਾਨ ਦੇ ਗੜਬੜਸ਼ੁਦਾ ਸੂਬੇ ਖੈਬਰ ਪਖਤੂਨਖਵਾ (ਕੇਪੀਕੇ) ’ਚ ਸ਼ਿਫਟ ਕਰ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਅੱਤਵਾਦੀ ਸੰਗਠਨਾਂ ਦੇ ਸਰਗਨਾ ਉਦੋਂ ਤੋਂ ਪ੍ਰੋਪੇਗੰਡਾ ਵੀਡੀਓ ਵੀ ਬਣਾ ਰਹੇ ਹਨ ਤੇ ਆਪਣੇ ਟਿਕਾਣਿਆਂ ਤੇ ਕੈਡਰ ਨੂੰ ਮੁੜ ਮਜ਼ਬੂਤ ਕਰਨ ਲਈ ਚੰਦਾ ਦੇਣ ਦੀ ਅਪੀਲ ਕਰ ਰਹੇ ਹਨ।
ਸੂਤਰਾਂ ਨੇ ਕਿਹਾ ਕਿ ਮਸੂਦ ਅਜ਼ਹਰ ਚੰਦਾ ਇਕੱਠਾ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਿਹਾ ਤੇ 27 ਸਤੰਬਰ ਨੂੰ ਬਹਾਵਲਪੁਰ ਦੇ ਮਰਕਗਜ਼ ਉਸਮਾਨ ਓ ਅਲੀ ’ਚ ਆਪਣੇ ਹਾਲੀਆ ਭਾਸ਼ਣ ’ਚ ਉਸ ਨੇ ਪੈਸੇ ਦੀ ਅਪੀਲ ਕੀਤੀ ਸੀ। ਹੁਣ ਜੈਸ਼-ਏ-ਮੁਹੰਮਦ ਇਸ ਕੋਰਸ ’ਚ ਦਾਖਲਾ ਲੈਣ ਵਾਲੀ ਹਰ ਔਰਤ ਤੋਂ 500 ਪਾਕਿਸਤਾਨੀ ਰੁਪਏ ਦਾ ਚੰਦਾ ਵੀ ਲੈ ਰਿਹਾ ਹੈ ਤੇ ਉਨ੍ਹਾਂ ਤੋਂ ਇਕ ਆਨਲਾਈਨ ਸੂਚਨਾ ਫਾਰਮ ਵੀ ਭਰਵਾ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਅੱਠ ਅਕਤੂਬਰ ਨੂੰ ਮਸੂਦ ਅਜ਼ਹਰ ਨੇ ਜੈਸ਼ ਦੀ ਮਹਿਲਾ ਬ੍ਰਿਗੇਡ ਜਮਾਤ-ਉਲ-ਮੋਮੀਨਾਤ ਦੇ ਗਠਨ ਦਾ ਐਲਾਨ ਕੀਤਾ ਸੀ ਤੇ 19 ਅਕਤੂਬਰ ਨੂੰ ਮਕਬੂਜ਼ਾ ਜੰਮੂ-ਕਸ਼ਮੀਰ ਦੇ ਰਾਵਲਕੋਟ ’ਚ ਔਰਤਾਂ ਨੂੰ ਸੰਗਠਨ ’ਚ ਸ਼ਾਮਲ ਕਰਨ ਲਈ ਦੁਖਤਾਰਨ-ਏ-ਇਸਲਾਮ ਨਾਂ ਦਾ ਇਕ ਪ੍ਰੋਗਰਾਮ ਕਰਵਾਇਆ ਗਿਆ ਸੀ।
ਆਈਐੱਸਆਈਐੱਸ, ਬੋਕੋ ਹਰਾਮ, ਹਮਾਸ ਤੇ ਲਿੱਟੇ ਵਰਗੇ ਅੱਤਵਾਦੀ ਸੰਗਠਨਾਂ ਦਾ ਔਰਤਾਂ ਨੂੰ ਆਤਮਘਾਤੀ ਹਮਲਾਵਰਾਂ ਵਜੋਂ ਇਸਤੇਮਾਲ ਕਰਨ ਦਾ ਇਤਿਹਾਸ ਰਿਹਾ ਹੈ ਪਰ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਤੇ ਹਿਜ਼ਬੁਲ ਮੁਜਾਹਦੀਨ ਵਰਗੇ ਸੰਗਠਨ ਅਜਿਹਾ ਕਰਨ ਤੋਂ ਹਾਲੇ ਤੱਕ ਬਚਦੇ ਰਹੇ ਹਨ। ਪਰ ਹੁਣ ਸੂਤਰਾਂ ਦਾ ਮੰਨਣਾ ਹੈ ਕਿ ਜੈਸ਼ ਦਾ ਇਹ ਤਾਜ਼ਾ ਕਦਮ ਭਵਿੱਖ ਦੀਆਂ ਅੱਤਵਾਦੀ ਮੁਹਿੰਮਾਂ ’ਚ ਮਹਿਲਾ ਆਤਮਘਾਤੀ ਹਮਲਾਵਰਾਂ ਨੂੰ ਸਿਖਲਾਈ ਦੇਣ ਤੇ ਉਨ੍ਹਾਂ ਦਾ ਇਸਤੇਮਾਲ ਕਰਨ ਦੇ ਉਸ ਦੇ ਇਰਾਦੇ ਦਾ ਸੰਕੇਤ ਦਿੰਦਾ ਹੈ। ਇੱਥੇ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਕ ਪਾਸੇ ਪਾਕਿਸਤਾਨ ਵਿਸ਼ਵ ਮੰਚਾਂ ’ਤੇ ਖੁਦ ਨੂੰ ਅੱਤਵਾਦ ਦਾ ਸ਼ਿਕਾਰ ਦੱਸਦਾ ਹੈ ਤੇ ਦਾਅਵਾ ਕਰਦਾ ਹੈ ਕਿ ਉਹ ਐੱਫਏਟੀਐੱਫ ਦੇ ਨਿਯਮਾਂ ਨੂੰ ਲਾਗੂ ਕਰਦਾ ਹੈ, ਉੱਥੇ ਦੂਜੇ ਪਾਸੇ ਆਪਣੀ ਹੀ ਧਰਤੀ ’ਤੇ ਉਹ ਇਨ੍ਹਾਂ ਅੱਤਵਾਦੀ ਸੰਗਠਨਾਂ ਦਾ ਸਮਰਥਨ ਤੇ ਪ੍ਰਚਾਰ ਕਰਦਾ ਹੈ, ਜਿਹੜੇ ਖੁੱਲ੍ਹੇਆਮ ਮਰਕਜ਼ ਦੀ ਆੜ ’ਚ ਚੰਦਾ ਮੰਗਦੇ ਹਨ। ਜੈਸ਼ ਨੇ ਪੂਰੇ ਪਾਕਿਸਤਾਨ ’ਚ 313 ਨਵੇਂ ਮਰਕਜ਼ ਬਣਾਉਣ ਲਈ 3.91 ਅਰਬ ਰੁਪਏ ਇਕੱਠੇ ਕਰਨ ਲਈ ਈਜੀਪੈਸਾ ਜ਼ਰੀਏ ਇਕ ਆਨਲਾਈਨ ਧਨ ਉਗਰਾਹੀ ਮੁਹਿੰਮ ਵੀ ਸ਼ੁਰੂ ਕੀਤਾੀ ਹੈ।