ਟਰੰਪ ਨੇ ਦੋ ਰੂਸੀ ਤੇਲ ਕੰਪਨੀਆਂ ’ਤੇ ਲਾਈ ਪਾਬੰਦੀ, ਰੋਸਨੇਫਟ ਤੇ ਲੁਕੋਈਲ ਤੋਂ ਜ਼ਿਆਦਾਤਰ ਤੇਲ ਖ਼ਰੀਦਦਾ ਹੈ ਭਾਰਤ

ਮਾਸਕੋ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ-ਯੂਕਰੇਨ ਜੰਗ ’ਤੇ ਆਪਣੀ ਨੀਤੀ ਵਿਚ ਵੱਡੀ ਤਬਦੀਲੀ ਕਰਦੇ ਹੋਏ ਰੂਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਰੋਸਨੇਫਟ ਤੇ ਲੁਕੋਈਲ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਵੀਰਵਾਰ ਨੂੰ ਕੌਮਾਂਤਰੀ ਤੇਲ ਦੀਆਂ ਕੀਮਤਾਂ ਵਿਚ ਪੰਜ ਫ਼ੀਸਦੀ ਦਾ ਵਾਧਾ ਹੋ ਗਿਆ। ਇਸ ਪਾਬੰਦੀ ਨਾਲ ਭਾਰਤ ਦੀ ਚੁਣੌਤੀ ਵੀ ਵੱਧ ਗਈ ਹੈ ਕਿਉਂਕਿ ਉਹ ਰੂਸ ਦੀਆਂ ਇਨ੍ਹਾਂ ਦੋ ਕੰਪਨੀਆਂ ਤੋਂ ਜ਼ਿਆਦਾਤਰ ਤੇਲ ਖ਼ਰੀਦ ਕਰਦਾ ਹੈ। ਭਾਰਤ ਔਸ਼ਤਨ 17 ਲੱਖ ਬੈਰਲ ਕੱਚਾ ਤੇਲ ਰੋਜ਼ਾਨਾ ਰੂਸ ਤੋਂ ਦਰਾਮਦ ਕਰਦਾ ਹੈ। ਅਮਰੀਕੀ ਪਾਬੰਦੀਆਂ ਦੇ ਮੱਦੇਨਜ਼ਰ ਹੁਣ ਭਾਰਤ ਨੂੰ ਰੂਸੀ ਤੇਲ ਦੀ ਦਰਾਮਦ ਵਿਚ ਕਟੌਤੀ ’ਤੇ ਵਿਚਾਰ ਕਰਨ ਪਵੇਗਾ। ਫ਼ਿਲਹਾਲ ਭਾਰਤ ਸਰਕਾਰ ਨੇ ਅਮਰੀਕੀ ਫ਼ੈਸਲੇ ’ਤੇ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਹੈ। ਹਾਲਾਂਕਿ ਨਿੱਜੀ ਖੇਤਰ ਦੀ ਤੇਲ ਕੰਪਨੀ ਰਿਲਾਇੰਸ ਨੇ ਕਿਹਾ ਹੈ ਕਿ ਉਹ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੰਮ ਕਰੇਗੀ।

ਰੋਸਨੇਫਟ ਤੇ ਲੁਕੋਈਲ ਦੀ ਕੌਮਾਂਤਰੀ ਤੇਲ ਉਤਪਾਦਨ ਵਿਚ ਪੰਜ ਫ਼ੀਸਦੀ ਤੋਂ ਵੱਧ ਦੀ ਹਿੱਸੇਦਾਰੀ ਹੈ। ਇਨ੍ਹਾਂ ’ਤੇ ਪਾਬੰਦੀ ਟਰੰਪ ਦਾ ਇਸ ਮਾਮਲੇ ਵਿਚ ਯੂ-ਟਰਨ ਹੈ ਕਿਉਂਕਿ ਪਿਛਲੇ ਹਫ਼ਤੇ ਹੀ ਉਨ੍ਹਾਂ ਕਿਹਾ ਸੀ ਕਿ ਉਹ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਜੰਗ ਸਮਾਪਤ ਕਰਨ ਲਈ ਛੇਤੀ ਹੀ ਬੁੱਡਾਪੇਸਟ ਵਿਚ ਸਿਖਰ ਮੀਟਿੰਗ ਕਰਨਗੇ ਪਰ ਟਰੰਪ ਨੇ ਬੁੱਧਵਾਰ ਨੂੰ ਕਿਹਾ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਇਸ ਨਾਲ ਇੱਛਤ ਨਤੀਜੇ ਪ੍ਰਾਪਤ ਨਹੀਂ ਹੋਣਗੇ, ਨਾਲ ਹੀ ਸ਼ਿਕਾਇਤ ਕੀਤੀ ਕਿ ਪੁਤਿਨ ਦੇ ਨਾਲ ਉਨ੍ਹਾਂ ਦੀਆਂ ਕਈ ‘ਚੰਗੀਆਂ ਗੱਲਬਾਤਾਂ’ ਵੀ ਕਿਸੇ ਨਤੀਜੇ ’ਤੇ ਨਹੀਂ ਪੁੱਜੀਆਂ। ਰੂਸ ਦੀਆਂ ਇਨ੍ਹਾਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ’ਤੇ ਪਾਬੰਦੀਆਂ ਬਾਰੇ ਦੱਸਦੇ ਹੋਏ ਅਮਰੀਕੀ ਵਿੱਤ ਮੰਤਰੀ ਸਕਾਟ ਬੇਸੇਂਟ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਰੂਸ ਦੀ ਉਸ ਵਿੱਤੀ ਸਮਰੱਥਾ ਨੂੰ ਨਿਸ਼ਾਨਾ ਬਣਾ ਰਿਹਾ ਹੈ, ਜਿਸ ਨਾਲ ਉਹ ਦੂਜੀ ਸੰਸਾਰ ਜੰਗ ਤੋਂ ਬਾਅਦ ਯੂਰਪ ਦੇ ਸਭ ਤੋਂ ਵੱਡੇ ਜ਼ਮੀਨੀ ਯੁੱਧ ਨੂੰ ਵਿੱਤੀ ਸਹਾਇਤਾ ਦੇ ਰਿਹਾ ਹੈ। ਅਮਰੀਕਾ ਅੱਗੋਂ ਦੀ ਕਾਰਵਾਈ ਲਈ ਵੀ ਤਿਆਰ ਹੈ। ਉਨ੍ਹਾਂ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਨਾਲ ਜੁੜਨ ਅਤੇ ਇਨ੍ਹਾਂ ਪਾਬੰਦੀਆਂ ਦਾ ਪਾਲਣ ਕਰਨ ਦਾ ਸੱਦਾ ਦਿੱਤਾ।

ਰੂਸ ਨੇ ਨਵੀਆਂ ਅਮਰੀਕੀ ਪਾਬੰਦੀਆਂ ਨੂੰ ਗ਼ੈਰ-ਉਤਪਾਦਕ ਦੱਸਿਆ ਅਤੇ ਸੰਕੇਤ ਦਿੱਤਾ ਕਿ ਯੂਕਰੇਨ ਵਿਚ ਜੰਗ ਸਮਾਪਤ ਕਰਨ ਦੀਆਂ ਉਸ ਦੀਆਂ ਸ਼ਰਤਾਂ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਰੂਸੀ ਸ਼ਰਤਾਂ ਨੂੰ ਯੂਕਰੇਨ ਤੇ ਕਈ ਯੂਰਪੀ ਦੇਸ਼ ਆਤਮ-ਸਮਰਪਣ ਦੇ ਬਰਾਬਰ ਮੰਨਦੇ ਹਨ। ਰੂਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰੀਆ ਜਖਾਰੋਵਾ ਨੇ ਪਾਬੰਦੀਆਂ ਦੇ ਸੰਭਾਵਿਤ ਅਸਰ ਦੇ ਸਵਾਲ ’ਤੇ ਮੋਢੇ ਚੁੱਕ ਦਿੱਤੇ ਅਤੇ ਕਿਹਾ ਕਿ ਰੂਸ ਨੇ ਅਜਿਹੀਆਂ ਕਈ ਪਾਬੰਦੀਆਂ ਦੇ ਪ੍ਰਤੀ ਮਜ਼ਬੂਤ ਪ੍ਰਤੀਰੱਖਿਆ ਵਿਕਸਿਤ ਕਰ ਲਈ ਹੈ। ਯੂਰਪੀ ਯੂਨੀਅਨ ਦੇ ਨੇਤਾਵਾਂ ਤੇ ਯੂਕਰੇਨੀ ਰਾਸ਼ਟਰਪਤੀ ਵੋਲਦੋਮੀਰ ਜ਼ੇਲੇਂਸਕੀ ਵਿਚਾਲੇ ਵੀਰਵਾਰ ਨੂੰ ਬ੍ਰਸਲਜ਼ ਵਿਚ ਯੂਕਰੇਨ ਲਈ ਧਨ ਇਕੱਠਾ ਕਰਨ ’ਤੇ ਚਰਚਾ ਹੋਈ। ਇਸ ਵਿਚ ਜ਼ਬਤ ਰੂਸੀ ਜਾਇਦਾਦਾਂ ਦਾ ਉਪਯੋਗ ਕਰ ਕੇ ਯੂਕਰੇਨ ਨੂੰ 140 ਅਰਬ ਯੂਰੋ (163 ਅਰਬ ਡਾਲਰ) ਦਾ ਕਰਜ਼ ਦੇਣ ’ਤੇ ਵੀ ਵਿਚਾਰ ਹੋਇਆ। ਇਸ ’ਤੇ ਰੂਸ ਨੇ ਕਿਹਾ ਕਿ ਜੇਕਰ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਤਾਂ ਉਹ ਸਖ਼ਤ ਜਵਾਬ ਦੇਵੇਗਾ। ਰੂਸ ਦਾ ਤੇਲ ਤੇ ਗੈਸ ਮਾਲੀਏ ਤੋਂ ਵਰਤਮਾਨ ਵਿਚ ਸਾਲ ਦਰ ਸਾਲ 21 ਫ਼ੀਸਦੀ ਘੱਟ ਹੋ ਗਿਆ, ਜਿਹੜਾ ਉਸ ਦੇ ਬਜਟ ਦ ਲਗਪਗ ਇਕ-ਚੌਥਾਈ ਹਿੱਸਾ ਹੈ ਅਤੇ ਯੂਕਰੇਨ ਜੰਗ ਲਈ ਨਕਦੀ ਦਾ ਸਭ ਤੋਂ ਅਹਿਮ ਸੋਮਾ ਹੈ।

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਨਵੀਆਂ ਪਾਬੰਦੀਆਂ ਲਈ ਅਮਰੀਕਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਬਹੁਤ ਅਹਿਮ ਹਨ। ਨਾਲ ਹੀ ਕਿਹਾ ਕਿ ਰੂਸ ਨੂੰ ਜੰਗਬੰਦੀ ਲਈ ਸਹਿਮਤ ਕਰਾਉਣ ਲਈ ਉਸ ’ਤੇ ਹੋਰ ਦਬਾਅ ਬਣਾਉਣ ਦੀ ਲੋੜ ਹੋਵੇਗੀ।

ਭਾਰਤੀ ਤੇਲ ਉਦਯੋਗ ਦੇ ਸੂਤਰਾਂ ਨੇ ਦੱਸਿਆ ਕਿ ਭਾਰਤੀ ਰਿਫਾਇਨਰੀਆਂ ਅਮਰੀਕੀ ਪਾਬੰਦੀਆਂ ਦੀ ਪਾਲਣਾ ਯਕੀਨੀ ਬਣਾਉਣ ਲਈ ਰੂਸੀ ਤੇਲ ਦੀ ਦਰਾਮਦ ਵਿਚ ਭਾਰੀ ਕਟੌਤੀ ਕਰਨ ਲਈ ਤਿਆਰ ਹਨ। ਪੱਛਮੀ ਦੇਸ਼ਾਂ ਵੱਲੋਂ ਰੂਸ ’ਤੇ ਪਾਬੰਦੀਆਂ ਲਾਉਣ ਅਤੇ ਖ਼ਰੀਦਦਾਰੀ ਤੋਂ ਪ੍ਰਹੇਜ਼ ਕਰਨ ਤੋਂ ਬਾਅਦ ਭਾਰਤ ਡਿਸਕਾਊਂਟ ’ਤੇ ਵੇਚੇ ਜਾਣ ਵਾਲੇ ਸਮੁੰਦਰੀ ਰੂਸੀ ਤੇਲ ਦਾ ਸਭ ਤੋਂ ਵੱਡਾ ਖ਼ਰੀਦਦਾਰ ਬਣ ਗਿਆ ਹੈ। ਅਮਰੀਕੀ ਵਿੱਤ ਮੰਤਰਾਲੇ ਨੇ ਕੰਪਨੀਆਂ ਨੂੰ ਰੂਸੀ ਤੇਲ ਉਤਪਾਦਕਾਂ ਦੇ ਨਾਲ ਆਪਣੇ ਲੈਣ-ਦੇਣ ਨੂੰ ਸਮਾਪਤ ਕਰਨ ਲਈ 21 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਨਵੀਆਂ ਪਾਬੰਦੀਆਂ ਰੂਸ ਨੂੰ ਹੋਰ ਛੋਟ ਦੇਣ ਲਈ ਮਜਬੂਰ ਕਰ ਸਕਦੀਆਂ ਹਨ।