ਪਟਿਆਲਾ : ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਮਾਮਲੇ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਉਨ੍ਹਾਂ ਦੇ ਪੁੱਤਰ ਤੇ ਚਾਰ ਹੋਰ ਲੋਕਾਂ ਨੂੰ 12 ਨਵੰਬਰ ਨੂੰ ਅਦਾਲਤ ’ਚ ਪੇਸ਼ ਹੋਣ ਦੇ ਨਿਰਦੇਸ਼ ਜਾਰੀ ਹੋਏ ਹਨ। ਇਸ ਮਾਮਲੇ ’ਚ ਸਿਹਤ ਮੰਤਰੀ ਨੇ ਆਪਣਾ ਪੱਖ ਪੇਸ਼ ਕਰਨਾ ਸੀ।
ਇਸ ਤੋਂ ਬਾਅਦ ਸੀਜੇਐੱਮ ਏਕਤਾ ਸਹੋਤਾ ਦੀ ਅਦਾਲਤ ’ਚ ਪੀੜਤ ਪੱਖ ਵਲੋਂ ਵਕੀਲ ਨਵਦੀਪ ਵਰਮਾ ਪੇਸ਼ ਹੋਏ ਸਨ। ਅਦਾਲਤ ਨੇ ਇਸ ਮਾਮਲੇ ’ਚ ਅਗਲੀ ਤਰੀਕ 12 ਨਵੰਬਰ ਤੈਅ ਕਰਦੇ ਹੋਏ ਦੂਜੇ ਪੱਖ ਨੂੰ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਆਪ ਦੀ ਪਟਿਆਲਾ ਜ਼ਿਲ੍ਹੇ ਦੀ ਸਾਬਕਾ ਮਹਿਲਾ ਪ੍ਰਧਾਨ ਨੇ ਡਾ. ਬਲਬੀਰ ਦੇ ਨਾਲ-ਨਾਲ ਉਨ੍ਹਾਂ ਦੇ ਬੇਟੇ ਰਾਹੁਲ ਸੈਣੀ, ਜਸਬੀਰ ਗਾਂਧੀ ਆਫਿਸ ਇੰਚਾਰਜ ਡਾ. ਬਲਬੀਰ, ਕੌਂਸਲਰ ਗੁਰਕਿਰਪਾਲ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਸਟੇਟ ਜਨਰਲ ਸਕੱਤਰ ਨੂੰ ਵੀ ਮਾਮਲੇ ’ਚ ਮੁਲਜ਼ਮ ਬਣਾਇਆ ਹੈ।