ਜਲੰਧਰ (ਪੂਜਾ ਸ਼ਰਮਾ) ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਵਿੱਚ ਅਧੂਰੀਆਂ ਸੜਕਾਂ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ ਹੈ। ਸਮਾਜਸੇਵੀ ਜਸਵੰਤ ਸਿੰਘ ਪੱਪੂ ਗਾਖਲ ਨੇ ਹਲਕੇ ਵਿੱਚ ਚੱਲ ਰਹੇ ਸੜਕ ਨਿਰਮਾਣ ਕਾਰਜਾਂ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਵਿਕਾਸ ਦੇ ਨਾਮ ’ਤੇ ਸਿਰਫ਼ ਵਾਅਦੇ ਹੀ ਮਿਲ ਰਹੇ ਹਨ।
ਪੱਪੂ ਗਾਖਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ, ਜਿੱਥੇ ਘੱਟੋ-ਘੱਟ ਸੱਤ ਪਿੰਡਾਂ ਵਿੱਚ ਸੜਕਾਂ ’ਤੇ ਸਿਰਫ਼ ਪੱਥਰ ਪਾ ਕੇ ਜਾਂ ਨੀਂਹ ਪੱਥਰ ਲਗਾ ਕੇ ਕੰਮ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਹੀਨੇ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਸੜਕਾਂ ਦਾ ਅਸਲ ਨਿਰਮਾਣ ਸ਼ੁਰੂ ਨਹੀਂ ਹੋ ਸਕਿਆ।
ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਮੈਡਮ ਰਾਜਵਿੰਦਰ ਕੌਰ ਥਿਆੜਾ ਵੱਲੋਂ ਇਹ ਦਲੀਲ ਦਿੱਤੀ ਗਈ ਕਿ ਮਾਰਚ ਮਹੀਨੇ ਵਿੱਚ ਸ਼ੁਰੂ ਹੋਣ ਵਾਲੇ ਕੰਮ ਜੰਗ ਕਾਰਨ ਪ੍ਰਭਾਵਿਤ ਹੋਏ। ਪਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ 7 ਅਪ੍ਰੈਲ ਨੂੰ ਸੀਜ਼ਫਾਇਰ ਹੋ ਗਿਆ ਸੀ ਤਾਂ ਫਿਰ ਇੰਨੇ ਸਮੇਂ ਬਾਅਦ ਵੀ ਸੜਕਾਂ ਦਾ ਕੰਮ ਕਿਉਂ ਸ਼ੁਰੂ ਨਹੀਂ ਕੀਤਾ ਗਿਆ।
ਪੱਪੂ ਗਾਖਲ ਨੇ ਕਿਹਾ ਕਿ ਸਮੱਗਰੀ ਦੇ ਰੇਟ ਵੱਧਣ ਦੀ ਗੱਲ ਵੀ ਲੋਕਾਂ ਨੂੰ ਸਮਝ ਨਹੀਂ ਆ ਰਹੀ, ਕਿਉਂਕਿ ਸਰਕਾਰ ਪਹਿਲਾਂ ਹੀ ਟੈਂਡਰ ਅਤੇ ਠੇਕੇ ਜਾਰੀ ਹੋਣ ਦੀ ਗੱਲ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇ ਟੈਂਡਰ ਹੋ ਚੁੱਕੇ ਸਨ ਤਾਂ ਫਿਰ ਦੇਰੀ ਦਾ ਅਸਲ ਕਾਰਨ ਕੀ ਹੈ, ਇਹ ਲੋਕਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਜਾਂਚ ਕਰਕੇ ਇਹ ਸਾਹਮਣੇ ਲਿਆਂਦਾ ਜਾਵੇ ਕਿ ਕੰਮ ਵਿੱਚ ਦੇਰੀ ਲਈ ਕੌਣ ਜ਼ਿੰਮੇਵਾਰ ਹੈ। ਨਾਲ ਹੀ ਜਿਹੜੇ ਠੇਕੇਦਾਰ ਸਮੇਂ ’ਤੇ ਕੰਮ ਪੂਰਾ ਨਹੀਂ ਕਰ ਸਕੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਪੱਪੂ ਗਾਖਲ ਨੇ ਕਿਹਾ ਕਿ ਜਲੰਧਰ ਛਾਉਣੀ ਦੇ ਲੋਕ ਹੁਣ ਐਲਾਨਾਂ ਅਤੇ ਨੀਂਹ ਪੱਥਰਾਂ ਤੋਂ ਅੱਗੇ ਵੱਧ ਕੇ ਜ਼ਮੀਨੀ ਪੱਧਰ ’ਤੇ ਵਿਕਾਸ ਦੇਖਣਾ ਚਾਹੁੰਦੇ ਹਨ। ਉਨ੍ਹਾਂ ਤਨਜ਼ ਕਰਦਿਆਂ ਕਿਹਾ ਕਿ ਜੇ ਜੰਗ ਅਤੇ “ਲੁੱਕ” ਦੇ ਵੱਧੇ ਰੇਟਾਂ ਦਾ ਅਸਰ ਸੜਕਾਂ ’ਤੇ ਪੈਣਾ ਸੀ ਤਾਂ ਫਿਰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸੜਕਾਂ ਦਾ ਕੰਮ ਕਿਵੇਂ ਲਗਾਤਾਰ ਚੱਲ ਰਿਹਾ ਹੈ।”
