ਜਲੰਧਰ ਉੱਤਰੀ ਹਲਕੇ ਵਿੱਚ ‘ਮੇਰੀ ਰਸੋਈ’ ਕਿੱਟਾਂ ਦੀ ਸਪਲਾਈ ਸ਼ੁਰੂ, ਜਲਦ ਹੋਵੇਗੀ ਲੋਕਾਂ ਵਿੱਚ ਵੰਡ

ਜਲੰਧਰ (ਪੂਜਾ ਸ਼ਰਮਾ) ਪੰਜਾਬ ਸਰਕਾਰ ਦੀ ਲੋਕ ਭਲਾਈ ਯੋਜਨਾ ‘ਮੇਰੀ ਰਸੋਈ’ ਤਹਿਤ ਅੱਜ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਦੇ ਸਾਰੇ ਰਾਸ਼ਨ ਡਿਪੂ ਹੋਲਡਰਾਂ ਨੂੰ ਰਾਸ਼ਨ ਕਿੱਟਾਂ ਦੀ ਸਪਲਾਈ ਕਰ ਦਿੱਤੀ ਗਈ। ਇਸ ਕਾਰਜ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਣ ਵਿੱਚ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਭੁਲਿੰਦਰ ਸਿੰਘ ਵੱਲੋਂ ਵਿਸ਼ੇਸ਼ ਯਤਨ ਕੀਤੇ ਗਏ।

ਇਸ ਮੌਕੇ ਵੱਖ-ਵੱਖ ਡਿਪੂ ਹੋਲਡਰਾਂ, ਜਿਨ੍ਹਾਂ ਵਿੱਚ ਪਰਵੀਨ ਕੁਮਾਰੀ, ਦੁਆਰਕਾ ਦਾਸ, ਪੂਜਾ ਅਤੇ ਹੋਰ ਡਿਪੂ ਸੰਚਾਲਕ ਸ਼ਾਮਲ ਹਨ, ਨੂੰ “ਮੇਰੀ ਰਸੋਈ” ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਤਾਂ ਜੋ ਯੋਜਨਾ ਦਾ ਲਾਭ ਸਮੇਂ ਸਿਰ ਯੋਗ ਪਰਿਵਾਰਾਂ ਤੱਕ ਪਹੁੰਚਾਇਆ ਜਾ ਸਕੇ।

ਜਾਣਕਾਰੀ ਅਨੁਸਾਰ, ਹਲਕਾ ਇੰਚਾਰਜ ਦਿਨੇਸ਼ ਢੱਲ ਦੀ ਅਗਵਾਈ ਹੇਠ ਇਹ ਕਿੱਟਾਂ ਲਾਭਪਾਤਰੀ ਪਰਿਵਾਰਾਂ ਵਿੱਚ ਵੰਡੀਆਂ ਜਾਣਗੀਆਂ। ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਹਰ ਯੋਗ ਪਰਿਵਾਰ ਨੂੰ ਇੱਕ “ਮੇਰੀ ਰਸੋਈ” ਕਿੱਟ ਦਿੱਤੀ ਜਾਵੇਗੀ।

ਹਲਕਾ ਇੰਚਾਰਜ ਦਿਨੇਸ਼ ਢੱਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਯੋਜਨਾਵਾਂ ਦਾ ਲਾਭ ਘਰ-ਘਰ ਤੱਕ ਪਹੁੰਚਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਯੋਗ ਲਾਭਪਾਤਰੀ ਇਸ ਸਹੂਲਤ ਤੋਂ ਵਾਂਝਾ ਨਾ ਰਹੇ।

ਸਥਾਨਕ ਲੋਕਾਂ ਨੇ ਵੀ ਪੰਜਾਬ ਸਰਕਾਰ ਦੀ ਇਸ ਪਹਿਲ ਦਾ ਸਵਾਗਤ ਕਰਦਿਆਂ ਕਿਹਾ ਕਿ ‘ਮੇਰੀ ਰਸੋਈ’ ਯੋਜਨਾ ਮਹਿੰਗਾਈ ਦੇ ਸਮੇਂ ਵਿੱਚ ਲੋੜਵੰਦ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਵੇਗੀ।