ਵੈਟਰਨਰੀ ਯੂਨੀਵਰਸਿਟੀ ਦੇ ਐਨਸੀਸੀ ਕੈਡੇਟ ਦੀ ਭਾਰਤੀ ਫੌਜ ਲਈ ਹੋਈ ਚੋਣ

ਲੁਧਿਆਣਾ – ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਕਾਰਜਸ਼ੀਲ ਵਨ ਪੰਜਾਬ ਰਿਮਾਊਂਟ ਐਂਡ ਵੈਟਰਨਰੀ ਐਨਸੀਸੀ ਸਕਵੈਡਰਨ ਤੋਂ ਸਿਖਲਾਈ ਪ੍ਰਾਪਤ ਕੈਡੇਟ ਭਾਵੇਸ਼ ਕੌਂਡਲ ਨੇ ਸਰਵਿਸਿਜ਼ ਸਿਲੈਕਸ਼ਨ ਬੋਰਡ ਪਾਸ ਕੀਤਾ ਹੈ ਅਤੇ ਉਨ੍ਹਾਂ ਨੂੰ ਭਾਰਤੀ ਫੌਜ ਦੇ ਰਿਮਾਊਂਟ ਅਤੇ ਵੈਟਰਨਰੀ ਕੋਰ ਵਿੱਚ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ। ਉਨ੍ਹਾਂ ਨੂੰ ਕੈਪਟਨ ਵਜੋਂ ਕਮਿਸ਼ਨ ਕੀਤਾ ਜਾਵੇਗਾ। ਭਾਵੇਸ਼ ਨੇ 2023 ਵਿੱਚ ਵੈਟਰਨਰੀ ਸਾਇੰਸ ਕਾਲਜ ਤੋਂ ਬੈਚੂਲਰ ਆਫ਼ ਵੈਟਰਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ ਦੀ ਡਿਗਰੀ ਪਾਸ ਕੀਤੀ ਸੀ। ਉਹ ਉਤਰਾਖੰਡ ਦੇ ਇੱਕ ਐਨਜੀਓ ਵਿੱਚ ਵੈਟਰਨਰੀ ਸਰਜਨ ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਨੂੰ ਇਸ ਮਾਣਮੱਤੀ ਕੋਰ ਵਿੱਚ ਸੇਵਾਵਾਂ ਲਈ 18 ਐੱਸਐੱਸਬੀ ਪ੍ਰਯਾਗਰਾਜ ਤੋਂ ਚੁਣਿਆ ਗਿਆ। ਉਹ ਆਰਵੀਸੀ ਸੈਂਟਰ ਅਤੇ ਕਾਲਜ ਮੇਰਠ ਤੋਂ ਮੁੱਢਲੀ ਫੌਜੀ ਸਿਖਲਾਈ ਲੈਣਗੇ।