ਏਐੱਨਟੀ ਫੋਰਸ ਤੇ ਤਸਕਰਾਂ ’ਚ ਮੁਕਾਬਲਾ; ਇਕ ਜ਼ਖ਼ਮੀ, 3 ਫ਼ਰਾਰ

ਸਿੱਧਵਾਂ ਬੇਟ – ਬੇਟ ਇਲਾਕੇ ਦੇ ਪਿੰਡ ਗੋਰਸੀਆਂ ਖਾਨ ਮੁਹੰਮਦ ’ਚ ਐਂਟੀ ਨਾਰਕੌਟਿਕ ਟਾਸਕ ਫੋਰਸ ਦੀ ਪੁਲਿਸ ਤੇ ਤਸਕਰਾਂ ’ਚ ਮੁੱਠਭੇੜ ਹੋ ਗਈ। ਇਸ ਮੁੱਠਭੇੜ ’ਚ ਪੁਲਿਸ ਦੀ ਗੋਲ਼ੀ ਨਾਲ ਇਕ ਜ਼ਖ਼ਮੀ ਹੋ ਗਿਆ, ਜਦਕਿ ਉਸ ਦੇ ਤਿੰਨੋਂ ਸਾਥੀ ਭੱਜਣ ’ਚ ਸਫਲ ਹੋ ਗਏ। ਸ਼ੁੱਕਰਵਾਰ ਤੜਕਸਾਰ ਏਐੱਨਟੀਐੱਫ ਜਲੰਧਰ ਪੁਲਿਸ ਦੀ ਇਕ ਟੀਮ ਨਸ਼ਾ ਤਸਕਰੀ ਦੇ ਮੋਹਾਲੀ ਵਿਖੇ ਦਰਜ ਇਕ ਮੁਕੱਦਮੇ ’ਚ ਨਾਮੀ ਤਸੱਕਰ ਸੰਨੀ ਦੀ ਪੈੜ ਨੱਪਦੀ ਹੋਈ ਥਾਣਾ ਸਿੱਧਵਾਂ ਬੇਟ ਦੇ ਦਰਿਆ ਸਤਲੁਜ ਲਾਗਲੇ ਪਿੰਡ ਗੋਰਸੀਆਂ ਖਾਨ ਮੁਹੰਮਦ ਪੁੱਜੀ। ਤਸਕਰ ਸੰਨੀ ਪਿੰਡ ਗੋਰਸੀਆਂ ਖਾਨ ਮੁਹੰਮਦ ਦੇ ਕੁਲਦੀਪ ਸਿੰਘ ਕੀਪਾ ਦੇ ਘਰ ਲੁਕਿਆ ਹੋਇਆ ਸੀ। ਜਿਉਂ ਹੀ ਪੁਲਿਸ ਨੇ ਕੀਪਾ ਦੇ ਘਰ ਦੀ ਘੇਰਾਬੰਦੀ ਕੀਤੀ ਤਾਂ ਸਨੀ, ਕੀਪਾ ਤੇ ਉਸ ਦੇ ਦੋ ਹੋਰ ਸਾਥੀਆਂ ਵੱਲੋਂ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ। ਇਨ੍ਹਾਂ ਵੱਲੋਂ ਪੁਲਿਸ ਟੀਮ ’ਤੇ ਦੋ ਗੋਲ਼ੀਆਂ ਚਲਾਈਆਂ ਗਈਆਂ, ਜਿਸ ’ਤੇ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਤਾਂ ਇਨ੍ਹਾਂ ’ਚੋਂ ਇਕ ਗੋਲੀ ਬੇਟ ਇਲਾਕੇ ਦੇ ਹੀ ਪਿੰਡ ਅੱਕੂਵਾਲ ਵਾਸੀ ਦਵਿੰਦਰ ਸਿੰਘ ਪੁੱਤਰ ਸਮਸ਼ੇਰ ਸਿੰਘ ਦੇ ਜਾ ਲੱਗੀ। ਜੋ ਉਥੇ ਹੀ ਡਿੱਗ ਪਿਆ। ਖ਼ੂਨ ਨਾਲ ਲੱਥਪੱਥ ਦਵਿੰਦਰ ਨੂੰ ਉਥੇ ਛੱਡ ਕੇ ਬਾਕੀ ਤਿੰਨੋਂ ਘਰ ਦੇ ਪਿਛਲ਼ੇ ਦਰਵਾਜ਼ੇ ਰਾਹੀਂ ਭੱਜ ਨਿਕਲੇ। ਇਸ ’ਤੇ ਜਲੰਧਰ ਏਐੱਨਟੀਐੱਫ ਟੀਮ ਦੇ ਨਾਲ ਜਗਰਾਓਂ ਪੁਲਿਸ ਦੀਆਂ ਟੀਮਾਂ ਭੱਜ ਗਏ ਤਿੰਨਾਂ ਮੁਲਜ਼ਮਾਂ ਪਿੱਛੇ ਲੱਗ ਗਈਆਂ। ਜ਼ਖ਼ਮੀ ਹੋਏ ਦਵਿੰਦਰ ਸਿਘ ਨੂੰ ਪੁਲਿਸ ਵੱਲੋਂ ਲੁਧਿਆਣਾ ਦੇ ਡੀਐੱਮਸੀ ਹਸਪਤਾਲ ’ਚ ਇਲਾਜ ਲਈ ਪਹੁੰਚਾਇਆ ਗਿਆ। ਇਸ ਮੁੱਠਭੇੜ ਦੌਰਾਨ ਪਿੰਡ ਪੁੱਜੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਤੇ ਏਐੱਨਟੀਐੱਫ ਦੇ ਏਆਈਜੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਜਲੰਧਰ ਦੀ ਏਐੱਨਟੀਐੱਫ ਟੀਮ ਵੱਲੋਂ ਮੋਹਾਲੀ ਦੇ ਏਐੱਨਟੀਐੱਫ ਥਾਣੇ ’ਚ ਨਸ਼ਾ ਵਿਰੋਧੀ ਐਕਟ ਤਹਿਤ ਮੁੱਕਦਮਾ ਨੰਬਰ 184 ਦਰਜ ਕੀਤਾ ਗਿਆ ਸੀ। ਇਸ ਦੌਰਾਨ ਕਰੀਬ 800 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਸੰਨੀ ਦਾ ਨਾਮ ਸਾਹਮਣੇ ਆਇਆ, ਜਿਸ ਦੀ ਲੋਕੇਸ਼ਨ ’ਤੇ ਪੁਲਿਸ ਟੀਮ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਗੋਰਸੀਆਂ ਖਾਨ ਮੁਹੰਮਦ ਪੁੱਜੀ। ਇਨ੍ਹਾਂ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ।