ਫ਼ਰੀਦਕੋਟ – ਸਥਾਨਕ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ’ਚ ਉਪਕਰਨਾਂ ਦੀ ਖ਼ਰੀਦ ’ਚ ਕਥਿਤ ਬੇਨਿਯਮਿਆਂ ਕਾਰਨ ਪਿਛਲੇ ਦਿਨੀਂ ਸ਼ਨਿੱਚਰਵਾਰ ਨੂੰ ਵਿਜੀਲੈਂਸ ਵੱਲੋਂ ਯੂਨੀਵਰਸਿਟੀ ’ਚ ਅਧਿਕਾਰੀਆਂ ਤੋਂ ਪੁੱਛਗਿੱਛ ਕਰਨ ਤੇ ਰਿਕਾਰਡ ਲੈ ਕੇ ਜਾਣ ਕਾਰਨ ਯੂਨੀਵਰਸਿਟੀ ਇਕ ਵਾਰ ਫਿਰ ਚਰਚਾ ’ਚ ਹੈ। ਆਜ਼ਾਦੀ ਦਿਵਸ ਸਮਾਰੋਹ ’ਚ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਵਿਜੀਲੈਂਸ ਦੀ ਇਸ ਜਾਂਚ ਨੇ ਇਕ ਨਵੀਂ ਚਰਚਾ ਵੀ ਛੇੜ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਅਧਿਕਾਰੀਆਂ ਵੱਲੋਂ ਸ਼ਨਿੱਚਰਵਾਰ ਨੂੰ ਐੱਸਐੱਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ’ਚ ਯੂਨੀਵਰਸਿਟੀ ਅਧੀਨ ਚੱਲਣ ਵਾਲੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ’ਚ ਪਿਛਲੇ ਦੋ ਵਰ੍ਹਿਆਂ ’ਚ ਕੀਤੀ ਗਈ ਖ਼ਰੀਦ ਤੇ ਉਸਾਰੀ ਨਾਲ ਸਬੰਧਤ ਰਿਕਾਰਡ ਜਬਤ ਕੀਤੇ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਸ਼ਹਿਰ ਦੇ ਸਮਾਜ ਸੇਵੀ ਤੇ ‘ਆਪ’ ਆਗੂ ਅਰਸ਼ ਸੱਚਰ ਵੱਲੋਂ ਕੀਤੀ ਗਈ ਸ਼ਿਕਾਇਤ ਮਗਰੋਂ ਇਹ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ’ਚ ਪਹਿਲਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ’ਚ ਖ਼ਰੀਦੀਆਂ ਮਸ਼ੀਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਪਰ ਬਾਅਦ ’ਚ ਕੁਝ ਨਰਸਿੰਗ ਸਟਾਫ ਨੂੰ ਅਣਉਚਿਤ ਤਰੱਕੀਆਂ ਦੇ ਦੋਸ਼ਾਂ ਕਾਰਨ ਯੂਨੀਵਰਸਿਟੀ ਦੇ ਵੀਸੀ ਡਾ. ਰਾਜੀਵ ਸੂਦ ਨੂੰ ਵੀ ਜਾਂਚ ਦੇ ਦਾਇਰੇ ’ਚ ਲਿਆ ਗਿਆ ਸੀ।
ਵਿਜੀਲੈਂਸ ਜਾਂਚ ਕਾਰਨ ਪਿਛਲੀ 21 ਜੂਨ ਨੂੰ ਯੂਨੀਵਰਸਿਟੀ ਦੇ ਵੀਸੀ ਡਾ. ਰਾਜੀਵ ਸੂਦ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਲੰਡਨ ਜਾਣ ਵਾਲੀ ਉਡਾਣ ’ਚ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਜਿਸ ਕਾਰਨ ਡਾ. ਰਾਜੀਵ ਸੂਦ ਨੇ ਉਸ ਸਮੇਂ ਕਿਹਾ ਸੀ ਕਿ ਜੀਜੀਐੱਸਐੱਮਸੀਐੱਚ ’ਚ ਸਾਰੀਆਂ ਖ਼ਰੀਦਾਰੀਆਂ ਤੇ ਪ੍ਰਸ਼ਾਸਨਿਕ ਫੈਸਲੇ ਉਨ੍ਹਾਂ ਵੱਲੋਂ ਨਹੀਂ, ਸਗੋਂ ਪ੍ਰਿੰਸੀਪਲ ਤੇ ਮੈਡੀਕਲ ਸੁਪਰਡੈਂਟ ਵੱਲੋਂ ਲਏ ਜਾਂਦੇ ਸਨ ਪਰ ਉਸ ਤੋਂ ਬਾਅਦ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਜਾਂਚ ’ਚ ਸ਼ਾਮਲ ਕਰ ਲਿਆ ਗਿਆ।
ਉੱਧਰ, ਆਜ਼ਾਦੀ ਦਿਵਸ ਸਮਾਰੋਹ ’ਚ ਇਸ ਵਾਰ ਫ਼ਰੀਦਕੋਟ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਝੰਡਾ ਚੜ੍ਹਾਇਆ ਜਾਣਾ ਹੈ। ਅਜਿਹੇ ’ਚ ਉਨ੍ਹਾਂ ਦੀ ਆਮਦ ਤੋਂ ਪਹਿਲਾਂ ਯੂਨੀਵਰਸਿਟੀ ’ਚ ਪਹੁੰਚ ਕੇ ਵਿਜੀਲੈਂਸ ਵੱਲੋਂ ਜਾਂਚ ਤੇਜ਼ ਕੀਤੇ ਜਾਣ ਨਾਲ ਸ਼ਹਿਰ ’ਚ ਇਕ ਨਵੀਂ ਚਰਚਾ ਛਿੜ ਗਈ ਹੈ। ਸੂਤਰਾਂ ਅਨੁਸਾਰ ਸੀਐੱਮ ਦਫ਼ਤਰ ਵੱਲੋਂ ਮੁੱਖ ਮੰਤਰੀ ਦੇ ਰੁਕਣ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਗੈਸਟ ਹਾਊਸ ਨੂੰ ਵੀ ਮਨਾ ਕਰ ਦਿੱਤਾ ਗਿਆ ਹੈ। ਅਜਿਹੇ ’ਚ ਚਰਚਾ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਯੂਨੀਵਰਸਿਟੀ ’ਚ ਕਥਿਤ ਭ੍ਰਿਸ਼ਟਾਚਾਰ ਖ਼ਿਲਾਫ਼ ਕੜਾ ਰੁਖ ਅਪਣਾਇਆ ਜਾ ਰਿਹਾ ਹੈ। ਹੁਣ ਦੇਖਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਵਿਜੀਲੈਂਸ ਦੀ ਜਾਂਚ ’ਚ ਕੀ ਸਾਹਮਣੇ ਆਉਂਦਾ ਹੈ ਅਤੇ ਇਹ ਜਾਂਚ ਕਿਸ ਨਤੀਜੇ ‘ਤੇ ਪਹੁੰਚਦੀ ਹੈ।