ਇਸਲਾਮਾਬਾਦ – ਪਾਕਿਸਤਾਨ ’ਚ ਹਿੰਦੂ ਤੇ ਇਸਾਈ ਬੱਚਿਆਂ ’ਤੇ ਧਰਮ ਤਬਦੀਲੀ ਦਾ ਦਬਾਅ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਘੱਟਗਿਣਤੀਆਂ ਦੇ ਬੱਚਿਆਂ ਨੂੰ ਜੀਵਨ ਦੇ ਹਰ ਪੱਧਰ ’ਤੇ ਭੇਦਭਾਵ ਤੇ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੇ ਬਾਲ ਅਧਿਕਾਰ ਰਾਸ਼ਟਰੀ ਕਮਿਸ਼ਨ (ਐੱਨਸੀਆਰਸੀ) ਦੀ ਇਕ ਰਿਪੋਰਟ ’ਚ ਬੱਚਿਆਂ ਨਾਲ ਸੰਸਥਾਗਤ ਨਜ਼ਰਅੰਦਾਜ਼ ਕਰਨ ਤੇ ਮਿੱਥੇ ਮਾੜੇ ਵਿਵਹਾਰ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਤੋਂ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਗਈ ਹੈ।
ਕ੍ਰਿਸ਼ਚੀਅਨ ਡੇਲੀ ’ਚ ਛਪੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਘੱਟਗਿਣਤੀਆਂ ਦੇ ਬੱਚਿਆਂ ਸਾਹਮਣੇ ਬੰਧੂਆ ਬਾਲ ਮਜ਼ਦੂਰੀ, ਬਾਲ ਵਿਆਹ ਤੇ ਜਬਰਨ ਧਰਮ ਤਬਦੀਲੀ ਵਰਗੀਆਂ ਚੁਣੌਤੀਆਂ ਹਨ। ਹਜ਼ਾਰਾਂ ਹਿੰਦੂ ਤੇ ਇਸਾਈ ਬੱਚਿਆਂ ਨੂੰ ਰੋਜ਼ਾਨਾ ਇਸ ਸ਼ੋਸ਼ਣ ਦੇ ਦੌਰ ’ਚੋਂ ਲੰਘਣਾ ਪੈ ਰਿਹਾ ਹੈ। ਇਹ ਕੋਈ ਕਾਨੂੰਨੀ ਮਾਮਲਾ ਨਹੀਂ ਹੈ, ਬਲਕਿ ਮਨੁੱਖੀ ਅਧਿਕਾਰਾਂ ਦਾ ਸੰਕਟ ਹੈ।
ਅਪ੍ਰੈਲ 20232 ਤੋਂ ਦਸੰਬਰ 2024 ਦੌਰਾਨ ਐੱਨਸੀਆਰਸੀ ਕੋਲ ਘੱਟਗਿਣਤੀਆਂ ਦੇ ਬੱਚਿਆਂ ਨਾਲ ਜੁੜੇ ਹੱਤਿਆ, ਅਗਵਾ, ਜਬਰਨ ਧਰਮ ਤਬਦੀਲੀ ਤੇ ਬਾਲ ਵਿਆਹ ਦੀਆਂ 27 ਅਧਿਕਾਰਤ ਸ਼ਿਕਾਇਤਾਂ ਪੁੱਜੀਆਂ। ਅਸਲ ਅੰਕੜੇ ਇਸ ਤੋਂ ਕਿਤੇ ਵੱਧ ਤੇ ਭਿਆਨਕ ਹੋ ਸਕਦੇ ਹਨ ਕਿਉਂਕਿ ਅਜਿਹੀ ਘਟਨਾ ਹੋਣ ’ਤੇ ਤਮਾਮ ਪਰਿਵਾਰ ਡਰ ਕਾਰਨ ਚੁੱਪ ਹੋ ਜਾਂਦਾ ਹੈ। ਅੰਕੜਿਆਂ ਅਨੁਸਾਰ ਸਭ ਤੋਂ ਭਿਆਨਕ ਹਾਲਤ ਪੰਜਾਬ ’ਚ ਹੈ, ਜਿਥੇ ਘੱਟਗਿਣਤੀਆਂ ਦੇ ਬੱਚਿਆਂ ਨਾਲ ਹਿੰਸਾ ਦੇ 40 ਫ਼ੀਸਦੀ ਮਾਮਲੇ ਸਾਹਮਣੇ ਆਏ। ਜਨਵਰੀ 2022 ਤੋਂ ਸਤੰਬਰ 2024 ਵਿਚਾਲੇ 547 ਇਸਾਈ, 32 ਹਿੰਦੂ, ਦੋ ਅਹਿਮਦੀ ਤੇ ਦੋ ਸਿੱਖਾਂ ਨਾਲ ਵਾਰਦਾਤਾਂ ਹੋਈਆਂ।