ਰਾਇਟਰਜ਼- ਇਜ਼ਰਾਈਲੀ ਫੌਜ ਨੇ ਗਾਜ਼ਾ ਸ਼ਹਿਰ ਵਿੱਚ ਇੱਕ ਹਵਾਈ ਹਮਲੇ ਵਿੱਚ ਅਲ ਜਜ਼ੀਰਾ ਦੇ ਪੱਤਰਕਾਰ ਅਨਸ ਅਲ-ਸ਼ਰੀਫ ਨੂੰ ਮਾਰ ਦਿੱਤਾ। ਇਜ਼ਰਾਈਲੀ ਫੌਜ ਪੱਤਰਕਾਰ ਨੂੰ ਹਮਾਸ ਦਾ ਵੱਡਾ ਨੇਤਾ ਦੱਸ ਰਹੀ ਹੈ।
ਅਲ ਜਜ਼ੀਰਾ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਇਸ ਨੂੰ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀ ਸਾਜ਼ਿਸ਼ ਦੱਸਿਆ ਹੈ। ਜਦੋਂ ਇਹ ਹਮਲਾ ਹੋਇਆ ਤਾਂ ਅਨਸ ਅਲ-ਸ਼ਰੀਫ ਆਪਣੇ ਚਾਰ ਸਾਥੀ ਪੱਤਰਕਾਰਾਂ ਅਤੇ ਇੱਕ ਸਹਾਇਕ ਨਾਲ ਗਾਜ਼ਾ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਸ਼ਿਫਾ ਹਸਪਤਾਲ ਦੇ ਨੇੜੇ ਇੱਕ ਤੰਬੂ ਵਿੱਚ ਸਨ।
ਗਾਜ਼ਾ ਅਧਿਕਾਰੀਆਂ ਅਤੇ ਅਲ ਜਜ਼ੀਰਾ ਦੇ ਅਨੁਸਾਰ ਇਸ ਹਮਲੇ ਵਿੱਚ ਦੋ ਹੋਰ ਲੋਕ ਵੀ ਮਾਰੇ ਗਏ ਸਨ। ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਕਿ ਅਨਸ ਅਲ-ਸ਼ਰੀਫ ਹਮਾਸ ਦਾ ਇੱਕ ਮਹੱਤਵਪੂਰਨ ਕਮਾਂਡਰ ਸੀ। ਉਹ ਇਜ਼ਰਾਈਲੀ ਨਾਗਰਿਕਾਂ ਅਤੇ ਸੈਨਿਕਾਂ ‘ਤੇ ਰਾਕੇਟ ਹਮਲਿਆਂ ਦੀ ਯੋਜਨਾ ਬਣਾਉਂਦਾ ਸੀ।
ਫੌਜ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਖੁਫੀਆ ਜਾਣਕਾਰੀ ਹੈ ਅਤੇ ਗਾਜ਼ਾ ਵਿੱਚ ਮਿਲੇ ਦਸਤਾਵੇਜ਼ ਇਸ ਦਾ ਸਬੂਤ ਹਨ ਪਰ ਅਲ ਜਜ਼ੀਰਾ ਅਤੇ ਫਲਸਤੀਨੀ ਪੱਤਰਕਾਰ ਸੰਗਠਨਾਂ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਅਤੇ ਇਸ ਨੂੰ ਬੇਬੁਨਿਆਦ ਕਿਹਾ। ਅਨਸ ਅਲ-ਸ਼ਰੀਫ ਨੇ ਆਪਣੀ ਮੌਤ ਤੋਂ ਕੁਝ ਮਿੰਟ ਪਹਿਲਾਂ X ‘ਤੇ ਪੋਸਟ ਕੀਤਾ ਸੀ ਕਿ ਇਜ਼ਰਾਈਲ ਦੋ ਘੰਟਿਆਂ ਤੋਂ ਵੱਧ ਸਮੇਂ ਤੋਂ ਗਾਜ਼ਾ ਸ਼ਹਿਰ ‘ਤੇ ਬੰਬਾਰੀ ਕਰ ਰਿਹਾ ਹੈ।
ਅਨਸ ਅਲ-ਸ਼ਰੀਫ ਦੇ ਨਾਲ ਮਾਰੇ ਗਏ ਹੋਰ ਪੱਤਰਕਾਰਾਂ ਦੇ ਨਾਮ ਮੁਹੰਮਦ ਕਰਿਕਾ, ਇਬਰਾਹਿਮ ਜ਼ਾਹਰ ਤੇ ਮੁਹੰਮਦ ਨੌਫਲ ਹਨ। ਅਲ ਜਜ਼ੀਰਾ ਨੇ ਅਨਸ ਨੂੰ “ਗਾਜ਼ਾ ਦਾ ਸਭ ਤੋਂ ਛੋਟਾ ਪੱਤਰਕਾਰ” ਦੱਸਿਆ ਅਤੇ ਕਿਹਾ ਕਿ ਇਹ ਹਮਲਾ ਗਾਜ਼ਾ ਵਿੱਚ ਸੱਚਾਈ ਦਿਖਾਉਣ ਵਾਲੀਆਂ ਆਵਾਜ਼ਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਹੈ।
ਹਮਾਸ ਨੇ ਕਿਹਾ ਕਿ ਇਹ ਕਤਲ ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਇੱਕ ਵੱਡੇ ਹਮਲੇ ਦੀ ਸ਼ੁਰੂਆਤ ਹੋ ਸਕਦੀ ਹੈ। ਹਮਾਸ ਨੇ ਇੱਕ ਬਿਆਨ ਵਿੱਚ ਕਿਹਾ, “ਪੱਤਰਕਾਰਾਂ ਦੀ ਹੱਤਿਆ ਤੇ ਬਚੇ ਲੋਕਾਂ ਨੂੰ ਡਰਾਉਣਾ ਗਾਜ਼ਾ ਵਿੱਚ ਇਜ਼ਰਾਈਲ ਦੇ ਵੱਡੇ ਅਪਰਾਧ ਲਈ ਰਾਹ ਪੱਧਰਾ ਕਰ ਰਿਹਾ ਹੈ।”
ਅਨਸ ਅਲ-ਸ਼ਰੀਫ ਦੇ ਐਕਸ ਅਕਾਊਂਟ ‘ਤੇ 5 ਲੱਖ ਤੋਂ ਵੱਧ ਫਾਲੋਅਰਜ਼ ਸਨ। ਉਨ੍ਹਾਂ ਦੀ ਰਿਪੋਰਟਿੰਗ ਬਾਰੇ ਸੰਯੁਕਤ ਰਾਸ਼ਟਰ ਦੇ ਮਾਹਰ ਆਇਰੀਨ ਖਾਨ ਨੇ ਪਿਛਲੇ ਮਹੀਨੇ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।
ਜੁਲਾਈ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀ ਸੰਸਥਾ, ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਨਸ ਦੀ ਸੁਰੱਖਿਆ ਲਈ ਅਪੀਲ ਕੀਤੀ ਪਰ ਇਸ ਹਮਲੇ ਨੇ ਸਾਰੀਆਂ ਚਿਤਾਵਨੀਆਂ ਨੂੰ ਉਡਾ ਦਿੱਤਾ।
ਅਲ ਜਜ਼ੀਰਾ ਨੇ ਕਿਹਾ ਕਿ ਅਨਸ ਅਲ-ਸ਼ਰੀਫ ਅਤੇ ਉਸ ਦੇ ਸਾਥੀ ਗਾਜ਼ਾ ਵਿੱਚ ਬਚੀਆਂ ਆਖਰੀ ਆਵਾਜ਼ਾਂ ਵਿੱਚੋਂ ਸਨ, ਜੋ ਇਸ ਜਗ੍ਹਾ ਦੀ ਦਰਦਨਾਕ ਹਕੀਕਤ ਨੂੰ ਦੁਨੀਆ ਦੇ ਸਾਹਮਣੇ ਲਿਆ ਰਹੇ ਸਨ। ਗਾਜ਼ਾ ਦੀ ਹਮਾਸ ਸਰਕਾਰ ਦੇ ਮੀਡੀਆ ਦਫ਼ਤਰ ਦਾ ਦਾਅਵਾ ਹੈ ਕਿ 7 ਅਕਤੂਬਰ 2023 ਨੂੰ ਸ਼ੁਰੂ ਹੋਈ, ਜੰਗ ਵਿੱਚ ਹੁਣ ਤੱਕ 237 ਪੱਤਰਕਾਰ ਮਾਰੇ ਗਏ ਹਨ।
ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਹ ਗਾਜ਼ਾ ਵਿੱਚ ਹਮਾਸ ਦੇ ਗੜ੍ਹਾਂ ਨੂੰ ਤਬਾਹ ਕਰਨ ਲਈ ਇੱਕ ਨਵਾਂ ਹਮਲਾ ਕਰਨਗੇ। ਇਸ ਦੌਰਾਨ ਗਾਜ਼ਾ ਵਿੱਚ ਭੁੱਖਮਰੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ 22 ਮਹੀਨੇ ਚੱਲੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ।
ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਇਜ਼ਰਾਈਲ ਅਤੇ ਹਮਾਸ ਵਿਚਕਾਰ ਤਣਾਅ ਆਪਣੇ ਸਿਖਰ ‘ਤੇ ਹੈ। ਇਜ਼ਰਾਈਲ ਕਹਿੰਦਾ ਹੈ ਕਿ ਉਹ ਹਮਾਸ ਦੇ ਟਿਕਾਣਿਆ ਨੂੰ ਤਬਾਹ ਕਰਨ ਲਈ ਹਰ ਕਦਮ ਚੁੱਕੇਗਾ, ਜਦੋਂ ਕਿ ਹਮਾਸ ਇਸ ਨੂੰ ਫਲਸਤੀਨੀ ਲੋਕਾਂ ਵਿਰੁੱਧ ਜ਼ੁਲਮ ਕਹਿੰਦਾ ਹੈ।
ਅਨਸ ਅਲ-ਸ਼ਰੀਫ ਦੀ ਹੱਤਿਆ ਨੇ ਇੱਕ ਵਾਰ ਫਿਰ ਪੱਤਰਕਾਰਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕੀਤੇ ਹਨ। ਅਲ ਜਜ਼ੀਰਾ ਨੇ ਇਸ ਹਮਲੇ ਨੂੰ “ਗਾਜ਼ਾ ‘ਤੇ ਕਬਜ਼ਾ ਕਰਨ ਦੀ ਸਾਜ਼ਿਸ਼” ਦਾ ਹਿੱਸਾ ਦੱਸਿਆ ਹੈ, ਜਦੋਂ ਕਿ ਇਜ਼ਰਾਈਲ ਆਪਣੇ ਦਾਅਵਿਆਂ ‘ਤੇ ਕਾਇਮ ਹੈ।