ਨਵੀਂ ਦਿੱਲੀ- ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਕਿ ‘ਆਪ੍ਰੇਸ਼ਨ ਸਿੰਧੂਰ’ ਸਿਰਫ਼ ਸ਼ੁਰੂਆਤ ਹੈ। ਅਸੀਂ ਰਫ਼ਤਾਰ ਤੇ ਬਦਲਾਅ ਦੇ ਯੁੱਗ ਵਿਚ ਜੀ ਰਹੇ ਹਾਂ। ਇਹ ਬਦਲਾਅ ਦਾ ਯੁੱਗ ਹੈ ਅਤੇ ਜੇ ਇਹ ਸੱਚ ਹੈ ਤਾਂ ਸ਼ਾਂਤੀ ਬਣਾਈ ਰੱਖਣ ਲਈ ਇਕੱਠੇ ਮਿਲ ਕੇ ਅੱਗੇ ਵਧਣਾ ਅੱਜ ਦੀ ਜ਼ਰੂਰਤ ਹੈ। ਭਾਵੇਂ ਇਸ ਨੂੰ ਸ਼ਕਤੀ, ਤਾਲਮੇਲ ਤੇ ਖ਼ੁਦਮੁਖਤਾਰੀ ਜ਼ਰੀਏ ਹੀ ਕਿਉਂ ਨਾ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਵਿਸਥਾਰ ਨਾਲ ਦੱਸੇ ਬਿਨਾਂ ਕਿਹਾ ਕਿ ਅਗਲੀ ਜੰਗ ਛੇਤੀ ਹੋ ਸਕਦੀ ਹੈ। ਸਾਨੂੰ ਉਸੇ ਮੁਤਾਬਕ ਤਿਆਰੀ ਕਰਨੀ ਪਵੇਗੀ। ਸਾਨੂੰ ਇਹ ਲੜਾਈ ਮਿਲ ਕੇ ਲੜਣੀ ਪਵੇਗੀ। ਫ਼ੌਜ ਇਕੱਲੀ ਲੜਾਈ ਨਹੀਂ ਲੜੇਗੀ। ਜੇਕਰ ਮੈਂ ਆਪਣੇ ਨਜ਼ਰੀਏ ਤੋਂ ਇਸ ਨੂੰ ਦੇਖਾਂ ਤਾਂ ਭਾਰਤ ਢਾਈ ਮੋਰਚਿਆਂ ਦਾ ਸਾਹਮਣਾ ਕਰ ਰਿਹਾ ਹੈ। ਜੇਕਰ ਦੇਸ਼ ਦੀਆਂ ਜ਼ਮੀਨੀ ਸਰਹੱਦਾਂ ਦੀ ਗੱਲ ਕਰੀਏ ਤਾਂ ਲੋਕਾਂ ਦੀ ਮਾਨਸਿਕਤਾ ਦੇ ਮੱਦੇਨਜ਼ਰ ਜਿੱਤ ਦਾ ਮਤਲਬ ਜ਼ਮੀਨੀ ਹੀ ਰਹੇਗਾ।
ਫ਼ੌਜ ਮੁਖੀ ਨੇ ਚਾਰ ਅਗਸਤ ਨੂੰ ਆਈਆਈਟੀ ਮਦਰਾਸ ’ਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ। ਉਨ੍ਹਾਂ ਦੇ ਸੰਬੋਧਨ ਦੀ ਵੀਡੀਓ ਫ਼ੌਜ ਨੇ ਐਤਵਾਰ ਨੂੰ ਸਾਂਝੀ ਕੀਤੀ। ਫ਼ੌਜ ਮੁਖੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਸਮੁੱਚੇ ਰਾਸ਼ਟਰ ਦਾ ਨਜ਼ਰੀਆ ਸੀ। ਫ਼ੌਜ ਨੂੰ ਇਹ ਤੈਅ ਕਰਨ ਦੀ ਪੂਰੀ ਛੋਟ ਦਿੱਤੀ ਗਈ ਸੀ ਕਿ ਕੀ ਕਰਨਾ ਹੈ। ਅਜਿਹਾ ਆਤਮ-ਵਿਸ਼ਵਾਸ, ਸਿਆਸੀ ਸਪੱਸ਼ਟਤਾ, ਸਿਆਸੀ ਦਿਸ਼ਾ ਅਸੀਂ ਪਹਿਲੀ ਵਾਰ ਦੇਖੀ। ਪਾਬੰਦੀਆਂ ਦੀ ਕੋਈ ਸ਼ਰਤ ਨਾ ਹੋਣ ਨਾਲ ਫ਼ੌਜ ਦਾ ਮਨੋਬਲ ਵਧਦਾ ਹੈ। ਇਸ ਤਰ੍ਹਾਂ ਇਸ ਨੇ ਜ਼ਮੀਨੀ ਪੱਧਰ ’ਤੇ ਫ਼ੌਜ ਦੇ ਕਮਾਂਡਰਾਂ ਨੂੰ ਆਪਣੀ ਸਮਝ ਮੁਤਾਬਕ ਕੰਮ ਕਰਨ ’ਚ ਮਦਦ ਕੀਤੀ।
ਆਪ੍ਰੇਸ਼ਨ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 25 ਅਪ੍ਰੈਲ ਨੂੰ ਅਸੀਂ ਉੱਤਰੀ ਕਮਾਂਡ ਦਾ ਦੌਰਾ ਕੀਤਾ ਜਿੱਥੇ ਅਸੀਂ ਸੋਚਿਆ, ਯੋਜਨਾ ਬਣਾਈ, ਉਸ ਦੀ ਕਲਪਨਾ ਕੀਤੀ ਤੇ ਨੌਂ ਵਿਚੋਂ ਸੱਤ ਟਿਕਾਣਿਆਂ ’ਤੇ ਆਪਣੀ ਯੋਜਨਾ ਨੂੰ ਅੰਜਾਮ ਦਿੱਤਾ। ਇਹ ਟਿਕਾਣੇ ਤਬਾਹ ਕਰ ਦਿੱਤੇ ਗਏ ਤੇ ਕਈ ਅੱਤਵਾਦੀ ਮਾਰੇ ਗਏ। ਅੱਤਵਾਦੀ ਕੈਂਪਾਂ ’ਤੇ ਸਟੀਕ ਹਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਜਿੱਥੇ ਹਮਲਾ ਕੀਤਾ, ਉਹ ਵਿਆਪਕ ਅਤੇ ਡੂੰਘਾ ਸੀ। ਪਹਿਲੀ ਵਾਰ ਅਸੀਂ ਅੱਤਵਾਦੀਆਂ ਦੇ ਅਸਲ ਟਿਕਾਣਿਆਂ ’ਤੇ ਹਮਲਾ ਕੀਤਾ। ਯਕੀਨੀ ਤੌਰ ’ਤੇ ਸਾਡੇ ਨਿਸ਼ਾਨੇ ’ਤੇ ਅੱਤਵਾਦੀ ਅਤੇ ਉਨ੍ਹਾਂ ਦੇ ਸਰਗਨਾ ਸਨ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਪਾਕਿਸਤਾਨ ਨੂੰ ਵੀ ਉਮੀਦ ਨਹੀਂ ਸੀ ਕਿ ਅਜਿਹਾ ਹਮਲਾ ਹੋਵੇਗਾ। ਇਹੀ ਗੱਲ ਉਨ੍ਹਾਂ ਲਈ ਹੈਰਾਨ ਕਰਨ ਵਾਲੀ ਸੀ। ਪਰ ਕੀ ਅਸੀਂ ਇਸ ਲਈ ਤਿਆਰ ਸੀ? ਹਾਂ, ਅਸੀਂ ਇਸ ਲਈ ਤਿਆਰ ਸੀ। ਜੋ ਵੀ ਝਟਕਾ ਲੱਗਦਾ, ਉਸ ਨੂੰ ਝੱਲਣ ਲਈ ਅਸੀਂ ਤਿਆਰ ਸੀ।