ਕਰਨ ਔਜਲਾ ਤੇ ਹਨੀ ਸਿੰਘ ਨੇ ਪੰਜਾਬ ਮਹਿਲਾ ਕਮਿਸ਼ਨ ਤੋਂ ਮੰਗੀ ਮੁਆਫ਼ੀ

ਐੱਸਏਐੱਸ ਨਗਰ- ਪੰਜਾਬੀ ਗਾਇਕ ਕਰਨ ਔਜਲਾ ਤੇ ਹਨੀ ਸਿੰਘ ਨੇ ਆਪਣੇ ਗੀਤਾਂ ’ਚ ਔਰਤਾਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਤੋਂ ਮਾਫ਼ੀ ਮੰਗ ਲਈ ਹੈ। ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਦੋਵਾਂ ਗਾਇਕਾਂ ਨੇ ਵਿਦੇਸ਼ ਤੋਂ ਫੋਨ ’ਤੇ ਕਮਿਸ਼ਨ ਨੂੰ ਭਰੋਸਾ ਦਿੱਤਾ ਹੈ ਕਿ ਜਦੋਂ ਵੀ ਉਹ ਭਾਰਤ ਆਉਣਗੇ, ਤਾਂ ਨਿੱਜੀ ਤੌਰ ’ਤੇ ਕਮਿਸ਼ਨ ਦਫ਼ਤਰ ’ਚ ਆ ਕੇ ਮਾਫ਼ੀ ਮੰਗਣਗੇ। ਉਨ੍ਹਾਂ ਇਸ ਲਈ ਸੱਤ ਦਿਨਾਂ ਦਾ ਸਮਾਂ ਮੰਗਿਆ ਹੈ।

ਇਸ ਮਾਮਲੇ ’ਚ ਪੰਜਾਬ ਪੁਲਿਸ ਵੱਲੋਂ ਏਆਈਜੀ ਯਾਦਵਿੰਦਰ ਸਿੰਘ ਸਿੱਧੂ ਨੇ ਵੀ ਕਮਿਸ਼ਨ ਕੋਲ ਪਹੁੰਚ ਕੇ ਆਪਣੀ ਰਿਪੋਰਟ ਸੌਂਪੀ ਹੈ ਤੇ ਦੱਸਿਆ ਹੈ ਕਿ ਦੋਵਾਂ ਗਾਇਕਾਂ ਦੇ ਵਕੀਲ ਜਲਦ ਹੀ ਆਪਣਾ ਪੱਖ ਪੇਸ਼ ਕਰਨਗੇ। ਚੇਅਰਪਰਸਨ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ ’ਤੇ ਕਰਨ ਔਜਲਾ ਦੇ ਗੀਤ ‘ਐੱਮਐੱਫ ਗੱਭਰੂ’ ਤੇ ਹਨੀ ਸਿੰਘ ਦੇ ਗੀਤ ‘ਮਿਲੇਨੀਅਰ’ ਨੂੰ ਸੁਣਿਆ। ਇਨ੍ਹਾਂ ਗੀਤਾਂ ’ਚ ਔਰਤਾਂ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਕਮਿਸ਼ਨ ਨੇ ਸਖ਼ਤ ਕਾਰਵਾਈ ਸ਼ੁਰੂ ਕੀਤੀ।