ਇਕ ਕਰੋੜ ’ਚ ਵਿਕਿਆ ਸੀ ਅਧਿਆਪਕ ਭਰਤੀ ਪ੍ਰੀਖਿਆ ਦਾ ਪੇਪਰ

 ਜੈਪੁਰ- ਰਾਜਸਥਾਨ ’ਚ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸਓਜੀ) ਦੀ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਸਾਬਕਾ ਕਾਂਗਰਸ ਸਰਕਾਰ ਦੇ ਕਾਰਜਕਾਲ ’ਚ ਉੱਚ ਅਧਿਕਾਰੀਆਂ ਨੇ ਸਿਆਸਤਦਾਨਾਂ ਨਾਲ ਮਿਲ ਕੇ ਅਧਿਆਪਕ ਭਰਤੀ ਸਮੇਤ ਵੱਖ ਵੱਖ ਸਰਕਾਰੀ ਪ੍ਰੀਖਿਆਵਾਂ ’ਚ ਵੱਡੇ ਪੱਧਰ ’ਤੇ ਫ਼ਰਜ਼ੀਵਾੜਾ ਕੀਤਾ। ਅਧਿਆਪਕ ਭਰਤੀ ਪ੍ਰੀਖਿਆ ਦਾ ਪੇਪਰ ਸਿੱਖਿਆ ਅਦਾਰੇ ’ਚੋਂ ਇਕ ਕਰੋੜ ਰੁਪਏ ’ਚ ਜੈਪੁਰ ਦੇ ਇਕ ਨਿੱਜੀ ਸਕੂਲ ਦੇ ਸੰਚਾਲਕ ਨੂੰ ਵੇਚਿਆ ਗਿਆ, ਜਿਸਨੇ ਬਾਅਦ ’ਚ ਪੈਸੇ ਲੈ ਕੇ ਸੈਂਕੜੇ ਲੋਕਾਂ ਨੂੰ ਇਹ ਪੇਪਰ ਮੁਹੱਈਆ ਕਰਵਾਇਆ। ਐੱਸਓਜੀ ਨੇ 2018 ਤੇ 2022 ’ਚ ਫ਼ਰਜ਼ੀ ਤਰੀਕੇ ਨਾਲ ਨੌਕਰੀ ਪਾਉਣ ਵਾਲੇ 123 ਅਧਿਆਪਕਾਂ ਦੇ ਖ਼ਿਲਾਫ਼ ਐਤਵਾਰ ਨੂੰ ਕੇਸ ਦਰਜ ਕੀਤਾ ਗਿਆ। ਹੁਣ ਇਨ੍ਹਾਂ ਅਧਿਆਪਕਾਂ ਨੂੰ ਬਰਖ਼ਾਸਤ ਕਰਨ ਦੀ ਕਾਰਵਾਈ ਸ਼ੁਰੂ ਹੋਵੇਗੀ।

ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਦੌਰਾਨ ਐੱਸਆਈ ਦੀ ਭਰਤੀ ਪ੍ਰੀਖਿਆ 2021 ’ਚ ਵੀ ਪੇਪਰ ਲੀਕ, ਡਮੀ ਕੈਂਡੀਡੇਟ ਬਿਠਾਉਣ ਤੇ ਦਸਤਾਵੇਜ਼ਾਂ ’ਚ ਫ਼ਰਜ਼ੀਵਾੜੇ ਦੇ ਮਾਮਲੇ ’ਚ ਐੱਸਓਜੀ ਨੇ 120 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ’ਚ 54 ਟ੍ਰੇਨੀ ਵੀ ਸ਼ਾਮਲ ਹਨ। ਹਾਲ ਹੀ ਵਿਚ, ਤਤਕਾਲੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਪੀਐੱਸਓ ਰਾਜਕੁਮਾਰ ਯਾਦਵ ਤੇ ਉਨ੍ਹਾਂ ਦੇ ਪੁੱਤਰ ਭਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਆਪਕ ਭਰਤੀ ਪ੍ਰੀਖਿਆ ’ਚ ਫ਼ਰਜ਼ੀਵਾੜੇ ’ਚ 202 ਲੋਕਾਂ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਸ਼ਿਕੋਹਾਬਾਦ ਸਥਿਤ ਜੇਐੱਸ ਯੂਨੀਵਰਸਿਟੀ ਤੋਂ ਪੈਸੇ ਦੇ ਕੇ ਫ਼ਰਜ਼ੀ ਡਿਗਰੀਆਂ ਹਾਸਲ ਕੀਤੀਆਂ ਸਨ।

ਰਾਜਸਥਾਨ ਸਰਕਾਰ ਵੀ ਵੱਖ ਵੱਖ ਭਰਤੀ ਪ੍ਰੀਖਿਆਵਾਂ ’ਚ ਫ਼ਰਜ਼ੀ ਤਰੀਕੇ ਨਾਲ ਤਲਾਕ ਲੈ ਕੇ ਸਰਕਾਰੀ ਨੌਕਰੀ ਹਾਸਲ ਕਰਨ ਵਾਲੀਆਂ 12 ਮਹਿਲਾਵਾਂ ਦੇ ਖ਼ਿਲਾਫ਼ ਵੀ ਕਾਰਵਾਈ ਕਰੇਗੀ। ਰਾਜਸਥਾਨ ਮੁਲਾਜ਼ਮ ਚੋਣ ਬੋਰਡ ਦੇ ਚੇਅਰਮੈਨ ਆਲੋਕ ਰਾਜ ਨੇ ਦੱਸਿਆ ਕਿ ਫ਼ਰਜ਼ੀ ਤਲਾਕ ਨਾਲ ਨੌਕਰੀ ਹਾਸਲ ਕਰਨ ਦੇ ਮਾਮਲੇ ਦੀ ਜਾਂਚ ਵੀ ਐੱਸਓਜੀ ਤੋਂ ਕਰਵਾਈ ਜਾਵੇਗੀ। ਹੁਣ ਤੱਕ 12 ਮਹਿਲਾਵਾਂ ਦੇ ਖ਼ਿਲਾਫ਼ ਸ਼ਿਕਾਇਤ ਮਿਲੀ ਹੈ। ਕਾਨੂੰਨ ਮੰਤਰੀ ਜੋਗਾਰਾਮ ਪਟੇਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਭਰਤੀ ਸਾਰੇ ਸਿੱਖਿਆਰਥੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਵਾਈ ਜਾ ਰਹੀ ਹੈ। ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।