ਚੰਡੀਗੜ੍ਹ – ਸ਼ੋ੍ਮਣੀ ਅਕਾਲੀ ਦਲ (ਬਾਗੀ ਧੜੇ) ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਨ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰਨ ਲਈ 14 ਅਗਸਤ ਨੂੰ ਬੈਠਕ ਬੁਲਾਈ ਹੈ। ਹਾਲਾਂਕਿ ਇਹ ਜਾਣਕਾਰੀ ਅਧਿਕਾਰਕ ਨਹੀਂ ਕੀਤੀ ਗਈ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਹ ਮੀਟਿੰਗ ਇਕ ਦੋ ਦਿਨਾਂ ਵਿਚ ਹੀ ਹੋਣ ਦੀ ਸੰਭਾਵਨਾ ਹੈ ਅਤੇ ਇਹ ਚੰਡੀਗੜ੍ਹ ਵਿਚ ਕੀਤੀ ਜਾਵੇਗੀ। ਬੈਠਕ ਵਿਚ ਸੰਗਠਨ ਬਣਾਉਣ ਦੇ ਸਬੰਧ ਵਿਚ ਸੀਨੀਅਰ ਲੀਡਰਸ਼ਿਪ ਵਿਚਾਰ-ਵਟਾਂਦਰਾ ਕਰੇਗੀ ਅਤੇ ਬਲਾਕ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਸੰਗਠਨ ਕਿਵੇਂ ਤਿਆਰ ਕਰਨਾ ਹੈ ਅਤੇ ਕਿਸ ਨੂੰ ਅੱਗੇ ਲਿਆਉਣਾ ਹੈ, ਬਾਰੇ ਵੀ ਗੱਲਬਾਤ ਕੀਤੀ ਜਾਵੇਗੀ।
ਉਧਰ ਸ਼ੋ੍ਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਨਾਂ ਦੀ ਵਰਤੋਂ ਕਰਨ ਨੂੰ ਲੈ ਕੇ ਇਸ ਨਵੇਂ ਧੜੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਮਾਮਲੇ ਵਿਚ ਨਵੇਂ ਦਲ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਦਾ ਕੇਸ ਕਰਨ ਲਈ ਸਵਾਗਤ ਹੈ। ਜਦੋਂ ਵੀ ਸਾਨੂੰ ਨੋਟਿਸ ਪ੍ਰਾਪਤ ਹੋਵੇਗਾ, ਅਸੀਂ ਇਸ ਦਾ ਬਕਾਇਦਾ ਜਵਾਬ ਦੇਵਾਂਗੇ। ਪਾਰਟੀ ਦੇ ਚੋਣ ਚਿਨ੍ਹ ਤੱਕੜੀ ਅਤੇ ਦਫਤਰ ਆਦਿ ਨੂੰ ਲੈਣ ਦੇ ਸਬੰਧ ਵਿਚ ਬਰਾੜ ਨੇ ਕਿਹਾ ਕਿ ਅਸੀਂ ਹੁਣੇ ਜਲਦਬਾਜ਼ੀ ਵਿਚ ਨਹੀਂ ਹਾਂ।
ਗੌਰ ਕਰਨ ਵਾਲੀ ਗੱਲ ਹੈ ਕਿ ਨਵੇਂ ਅਕਾਲੀ ਦਲ ਨੇ ਕੱਲ੍ਹ ਆਪਣਾ ਡੈਲੀਗੇਟ ਇਜਲਾਸ ਬੁਲਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਰਟੀ ਦੇ ਪ੍ਰਧਾਨ ਵਜੋਂ ਚੁਣ ਲਿਆ ਸੀ। ਨਾਲ ਹੀ ਧਾਰਮਿਕ ਮਾਮਲਿਆਂ ਨੂੰ ਦੇਖਣ ਲਈ ਪੰਥਕ ਤਾਲਮੇਲ ਕੌਂਸਲ ਵੀ ਬਣਾਈ ਗਈ ਹੈ ਪਰ ਪਾਰਟੀ ਦਾ ਸੰਗਠਨ ਤਿਆਰ ਕਰਨ ਲਈ ਹਾਲੇ ਵੀ ਕਾਫੀ ਕੁਝ ਕਰਨ ਦੀ ਲੋੜ ਹੈ ਅਤੇ ਇਹ ਰਾਹ ਆਸਾਨ ਨਹੀਂ ਹੈ। ਖਾਸ ਤੌਰ ’ਤੇ ਜਦੋਂ ਪਾਰਟੀ ਲੀਡਰਸ਼ਿਪ ਸ਼ੋ੍ਮਣੀ ਅਕਾਲੀ ਦਲ ਦੇ ਚੋਣ ਚਿੰਨ੍ਹ ਤੱਕੜੀ ਅਤੇ ਪਾਰਟੀ ਦਫਤਰ ’ਤੇ ਆਪਣਾ ਦਾਅਵਾ ਕਰੇਗੀ। ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਨਵੇਂ ਸ਼ੋ੍ਮਣੀ ਅਕਾਲੀ ਦਲ ਨੇ ਵੀ ਆਪਣੀ ਭਰਤੀ ਪ੍ਰਕਿਰਿਆ ਤੋਂ ਲੈ ਕੇ ਪ੍ਰਧਾਨ ਚੁਣਨ ਤੱਕ ਦੀ ਸਾਰੀ ਜਾਣਕਾਰੀ ਚੋਣ ਕਮਿਸ਼ਨ ਨਾਲ ਸਾਂਝੀ ਕਰ ਦਿੱਤੀ ਹੈ ਅਤੇ ਜਿਵੇਂ-ਜਿਵੇਂ ਇਹ ਪ੍ਰਕਿਰਿਆ ਅੱਗੇ ਵਧੇਗੀ, ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇਗਾ।
ਸਪਸ਼ਟ ਹੈ ਕਿ ਹਾਲੇ ਦੋਹਾਂ ਦਲਾਂ ਵਿਚ ਆਪਣੇ ਆਪ ਨੂੰ ਪ੍ਰਮੁੱਖ ਸ਼ਿਰੋਮਣੀ ਅਕਾਲੀ ਦਲ ਸਾਬਤ ਕਰਨ ਵਿਚ ਵਿਵਾਦ ਰਹੇਗਾ। ਇਸ ਦੇ ਅਦਾਲਤ ਤੱਕ ਜਾਣ ਦੀ ਵੀ ਉਮੀਦ ਨੂੰ ਨਕਾਰਿਆ ਨਹੀਂ ਜਾ ਸਕਦਾ।