ਲੈਂਡ ਪੂਲਿੰਗ ਨੀਤੀ ਮਾਮਲਾ: ਕਿਸਾਨ ਜਥੇਬੰਦੀਆਂ ਨੂੰ ਸਰਕਾਰ ‘ਤੇ ਨਹੀਂ ਭਰੋਸਾ

ਚੰਡੀਗੜ੍ਹ – ਸੰਯੁਕਤ ਕਿਸਾਨ ਮੋਰਚੇ ਦੇ ਪੰਜਾਬ ਚੈਪਟਰ ਦੀ ਬੈਠਕ ਮੰਗਲਵਾਰ ਨੂੰ ਸੈਕਟਰ-35 ਸਥਿਤ ਕਿਸਾਨ ਭਵਨ ’ਚ ਹੋਈ। ਕਿਸਾਨ ਜਥੇਬੰਦੀਆਂ ਨੇ ਸਾਫ਼ ਕੀਤਾ ਕਿ ਸਰਕਾਰ ਨੇ ਜੋ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦੇ ਸਬੰਧ ’ਚ ਪੱਤਰ ਜਾਰੀ ਕੀਤਾ ਹੈ, ਉਸ ’ਚ ਕਈ ਗੱਲਾਂ ਸਾਫ਼ ਨਹੀਂ ਹਨ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, “ਸਰਕਾਰ ਨੇ ਲੈਂਡ ਪੂਲਿੰਗ ਦੇ ਸਬੰਧ ’ਚ ਦੋ ਨੋਟੀਫਿਕੇਸ਼ਨ ਜਾਰੀ ਕੀਤੀਆਂ ਸਨ, ਇਕ 14 ਮਈ ਨੂੰ ਤੇ ਦੂਜੀ 4 ਜੂਨ ਨੂੰ। ਜੋ ਪੱਤਰ ਜਾਰੀ ਕੀਤਾ ਗਿਆ ਹੈ, ਉਸ ’ਚ 14 ਮਈ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ 4 ਜੂਨ ਦਾ ਨੋਟੀਫਿਕੇਸ਼ਨ ਹਾਲੇ ਵੀ ਲਾਗੂ ਹੈ। ਸਰਕਾਰ ਨੂੰ ਇਸ ਨੂੰ ਸਾਫ਼ ਕਰਨਾ ਚਾਹੀਦਾ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਨੀਤੀ ਨੂੰ ਕੈਬਨਿਟ ’ਚ ਮਨਜ਼ੂਰੀ ਦਿੱਤੀ ਗਈ ਸੀ, ਇਸ ਲਈ ਸਰਕਾਰ ਨੂੰ ਇਸ ਨੂੰ ਕੈਬਨਿਟ ’ਚ ਲੈ ਜਾ ਕੇ ਹੀ ਡੀ-ਨੋਟੀਫਾਈ ਕਰਨਾ ਹੋਵੇਗਾ।

ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਕਿਉਂਕਿ ਸਰਕਾਰ ਪਹਿਲਾਂ ਵੀ ਕਿਸਾਨਾਂ ਨਾਲ ਧੋਖਾ ਕਰ ਚੁੱਕੀ ਹੈ। ਸਰਕਾਰ ਮੰਗਾਂ ਮੰਨ ਲੈਂਦੀ ਹੈ ਪਰ ਉਨ੍ਹਾਂ ਨੂੰ ਲਾਗੂ ਨਹੀਂ ਕਰਦੀ। ਇਸ ਲਈ ਕਿਸਾਨਾਂ ਨੂੰ ਭਰੋਸਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਾਈਕੋਰਟ ’ਚ ਵੀ ਸਰਕਾਰ ਨੇ ਇਹੀ ਕਿਹਾ ਸੀ ਕਿ ਨੀਤੀ ਵਾਪਸ ਨਹੀਂ ਲੈਣਗੇ। ਇਸਦੇ ਨਾਲ ਹੀ ਸਰਕਾਰ ਦੇ ਪ੍ਰਤੀਨਿਧੀ ਲਗਾਤਾਰ ਇਹ ਗੱਲ ਕਰ ਰਹੇ ਹਨ ਕਿ ਨੀਤੀ ਚੰਗੀ ਸੀ ਪਰ ਕਿਸਾਨਾਂ ਨੂੰ ਪਸੰਦ ਨਹੀਂ ਆਈ, ਜਿਸ ਨਾਲ ਸਰਕਾਰ ਦੀ ਮਨਸ਼ਾ ‘ਤੇ ਸ਼ੰਕਾ ਪੈਦਾ ਹੁੰਦੀ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ, “24 ਅਗਸਤ ਨੂੰ ਰਾਜਪੁਰਾ ’ਚ ਹੋਣ ਵਾਲੀ ਰੈਲੀ ਹੋਵੇਗੀ। ਜੇਕਰ 20 ਅਗਸਤ ਤੱਕ ਸਰਕਾਰ ਸ਼ੰਕਾਵਾਂ ਦਾ ਸਮਾਧਾਨ ਕਰ ਦਿੰਦੀ ਹੈ ਤਾਂ ਜਿੱਤ ਦੀ ਰੈਲੀ ਹੋਵੇਗੀ, ਨਹੀਂ ਤਾਂ ਲੈਂਡ ਪੂਲਿੰਗ ਨੀਤੀ ਦੇ ਖਿਲਾਫ।”

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਫ੍ਰੀ ਟਰੇਡ ਐਗਰੀਮੈਂਟ ਖ਼ਿਲਾਫ਼ ਕਿਸਾਨ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਣਗੇ। ਕਿਸਾਨ ਆਗੂ ਨੇ ਕਿਹਾ ਕਿ ਪਹਿਲਾਂ ਤੋਂ ਤੈਅ ਕੀਤੇ ਪ੍ਰੋਗਰਾਮ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਫੂਕਿਆ ਜਾਣਾ ਸੀ, ਪਰ ਇਸ ’ਚ ਬਦਲਾਅ ਕੀਤਾ ਗਿਆ ਹੈ। ਮੁੱਖ ਮੰਤਰੀ ਦਾ ਪੁਤਲਾ ਨਹੀਂ ਫੂਕਿਆ ਜਾਵੇਗਾ। ਇਸਦੇ ਨਾਲ ਹੀ ਇਕ ਸਵਾਲ ਦੇ ਜਵਾਬ ’ਚ ਰਾਜੇਵਾਲ ਨੇ ਕਿਹਾ ਕਿ ਜਦ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ੍ਰੀ ਟਰੇਡ ਤੋਂ ਪੂਰੀ ਤਰ੍ਹਾਂ ਇਨਕਾਰ ਨਹੀਂ ਕਰਦੇ, ਤਦ ਤੱਕ ਕਿਸਾਨ ਇਸ ਦਾ ਵਿਰੋਧ ਕਰਨਗੇ। ਜਿਸ ਦਿਨ ਪ੍ਰਧਾਨ ਮੰਤਰੀ ਇਸ ਏਗਰੀਮੈਂਟ ਤੋਂ ਸਾਫ਼ ਇਨਕਾਰ ਕਰ ਦੇਣਗੇ, ਕਿਸਾਨ ਸੰਗਠਨ ਉਨ੍ਹਾਂ ਦਾ ਧੰਨਵਾਦ ਕਰਨਗੇ।